ਆਰਐੱਸਐੱਸ-ਭਾਜਪਾ ਭਿਆਲੀ
ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦਾ ਨਾਗਪੁਰ ਵਿੱਚ ਆਰਐੱਸਐੱਸ ਦੇ ਮੁੱਖ ਦਫ਼ਤਰ ਦਾ ਪਹਿਲੀ ਵਾਰ ਦੌਰਾ ਪਹਿਲੀ ਨਜ਼ਰੇ ਇਹ ਪ੍ਰਭਾਵ ਦਿੰਦਾ ਹੈ ਕਿ ਭਾਜਪਾ ਅਤੇ ਇਸ ਦੇ ਵਿਚਾਰਧਾਰਕ ਮਾਤਰੀ ਸੰਗਠਨ ਆਰਐੱਸਐੱਸ ਦੇ ਰਿਸ਼ਤਿਆਂ ਵਿੱਚ ਸਭ ਅੱਛਾ ਹੈ। ਸਾਰਾ ਤਾਮ ਝਾਮ ਇਹ ਦਰਸਾਉਣ ਲਈ ਕੀਤਾ ਗਿਆ ਜਾਪਦਾ ਹੈ ਕਿ ਭਾਜਪਾ ਅਤੇ ਸੰਘ ਵਿਚਕਾਰ ਕੋਈ ਮੱਤਭੇਦ ਨਹੀਂ ਅਤੇ ਦੋਵੇਂ ਇੱਕ ਲੀਹ ’ਤੇ ਚੱਲ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਆਰਐੱਸਐੱਸ ਦੇ ਸਵੈਮਸੇਵਕਾਂ ਦੀ ਭਰਵੀਂ ਪ੍ਰਸ਼ੰਸਾ ਕੀਤੀ ਹੈ, ਜੋ ਅਸਲ ਵਿੱਚ ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਵਿੱਚ ਸੰਘ ਦੇ ਕਾਰਕੁਨਾਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਨੂੰ ਸਲਾਮ ਆਖੀ ਜਾ ਸਕਦੀ ਹੈ। ਕਿਹਾ ਜਾਂਦਾ ਹੈ ਕਿ ਸੰਘ ਦੇ ਕਾਰਕੁਨਾਂ ਨੇ ਇਨ੍ਹਾਂ ਤਿੰਨਾਂ ਸੂਬਿਆਂ ਵਿੱਚ ਵੋਟਰਾਂ ਨੂੰ ਲਾਮਬੰਦ ਕਰਨ ਲਈ ਕਾਫ਼ੀ ਸਰਗਰਮੀ ਨਾਲ ਕੰਮ ਕੀਤਾ ਸੀ। ਇਸ ਤੋਂ ਇਲਾਵਾ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਆਰਐੱਸਐੱਸ ਤੋਂ ਬਗ਼ੈਰ ਭਾਜਪਾ ਦਾ ਗੁਜ਼ਾਰਾ ਨਹੀਂ।
ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ 400 ਸੀਟਾਂ ਜਿੱਤਣ ਦੇ ਦਾਅਵੇ ਕੀਤੇ ਸਨ ਪਰ ਜਦੋਂ ਇਸ ਦੀ ਗਿਣਤੀ 240 ਤੱਕ ਸਿਮਟ ਗਈ ਤਾਂ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੇ ਮੋਦੀ ਬਾਰੇ ਕਈ ਸਖ਼ਤ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਆਖਿਆ ਸੀ ਕਿ ਸੱਚੇ ਸੇਵਕ ਵਿੱਚ ਹੰਕਾਰ ਨਹੀਂ ਹੁੰਦਾ। ਇਸ ਤੋਂ ਪ੍ਰਧਾਨ ਮੰਤਰੀ ਸਮੇਤ ਪਾਰਟੀ ਦੀ ਸਿਰਮੌਰ ਲੀਡਰਸ਼ਿਪ ਨੂੰ ਨਿਸ਼ਾਨੇ ’ਤੇ ਲਿਆ ਗਿਆ ਜਾਪਦਾ ਸੀ। ਹੁਣ ਮੋਦੀ ਦੇ ਆਰਐੱਸਐੱਸ ਹੈੱਡਕੁਆਰਟਰ ਦੌਰੇ ਅਤੇ ਇਸ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਨ ਤੋਂ ਸੰਕੇਤ ਮਿਲਿਆ ਹੈ ਕਿ ਸਰਕਾਰ ਅਤੇ ਪਾਰਟੀ ਦੇ ਕੰਮਕਾਜ ਵਿੱਚ ਸੰਘ ਦਾ ਦਖ਼ਲ ਹੋਰ ਵਧ ਸਕਦਾ ਹੈ। ਜੇ ਭਾਜਪਾ ਦਾ ਅਗਲਾ ਪ੍ਰਧਾਨ ਸੰਘ ਦੀ ਮੋਹਰ ਲੱਗਣ ਨਾਲ ਹੀ ਬਣੇ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ। ਮੋਦੀ ਸਰਕਾਰ ਇਸ ਸਮੇਂ ਸਹਿਯੋਗੀ ਪਾਰਟੀਆਂ ਦੀ ਹਮਾਇਤ ’ਤੇ ਟਿਕੀ ਹੋਈ ਹੈ, ਇਸ ਸੂਰਤ ਵਿੱਚ ਭਾਜਪਾ ਨੂੰ ਆਪਣਾ ਗੜ੍ਹ ਮਜ਼ਬੂਤ ਕਰਨ ਲਈ ਆਰਐੱਸਐੱਸ ਦੇ ਸਹਿਯੋਗ ਦੀ ਲੋੜ ਹੋਰ ਵਧ ਜਾਵੇਗੀ। ਉਂਝ, ਇਸ ਜੁਗਲਬੰਦੀ ਦੀ ਅਸਲ ਪ੍ਰੀਖਿਆ ਪੰਜਾਬ, ਕੇਰਲਾ ਅਤੇ ਪੱਛਮੀ ਬੰਗਾਲ ਜਿਹੇ ਸੂਬਿਆਂ ਵਿੱਚ ਹੋਵੇਗੀ ਜਿੱਥੇ ਭਗਵੀਂ ਪਾਰਟੀ ਅਗਲੇ ਦੋ ਸਾਲਾਂ ਵਿੱਚ ਸੰਨ੍ਹ ਲਾਉਣ ਦੀ ਝਾਕ ਵਿੱਚ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਆਰਐੱਸਐੱਸ ਨੂੰ ਭਾਰਤੀ ਸੱਭਿਆਚਾਰ ਦਾ ਬੋਹੜ ਕਰਾਰ ਦਿੱਤਾ ਹੈ। ਆਰਐੱਸਐੱਸ ਦੀ ਸਥਾਪਨਾ 1925 ਵਿੱਚ ਕੇਸ਼ਵ ਬਲੀਰਾਮ ਹੈਡਗੇਵਾਰ ਨੇ ਕੀਤੀ ਸੀ ਅਤੇ ਇਸ ਦੀ ਵਿਚਾਰਧਾਰਾ ਤੇ ਦ੍ਰਿਸ਼ਟੀਕੋਣ ਹਿੰਦੂ ਸਮਾਜ ਨੂੰ ਸੱਭਿਆਚਾਰਕ ਏਕਤਾ ਅਤੇ ਅਨੁਸ਼ਾਸਨ ਸਿਖਾ ਕੇ ਮਜ਼ਬੂਤ ਕਰਨ ’ਤੇ ਆਧਾਰਿਤ ਸੀ। ਇਸ ਵਿੱਚ ਹਿੰਦੂ ਕਦਰਾਂ-ਕੀਮਤਾਂ ਅਤੇ ਰਵਾਇਤਾਂ ਤੋਂ ਪ੍ਰੇਰਨਾ ਤੇ ਸ਼ਕਤੀ ਲਈ ਜਾਂਦੀ ਸੀ। ਕੀ ਕਿਸੇ ਖ਼ਾਸ ਧਰਮ ਜਾਂ ਫ਼ਿਰਕੇ ’ਤੇ ਆਧਾਰਿਤ ਕਿਸੇ ਸੰਗਠਨ ਜਾਂ ਵਿਚਾਰਧਾਰਾ ਨੂੰ ਰਾਸ਼ਟਰੀ ਸੱਭਿਆਚਾਰ ਦਾ ਤਰਜਮਾਨ ਕਿਹਾ ਜਾ ਸਕਦਾ ਹੈ? ਜੇ ਅਜਿਹਾ ਹੈ ਤਾਂ ਫਿਰ ਆਰਐੱਸਐੱਸ ਦੀ ਸੋਚ ਮੁਤਾਬਿਕ ਬੁੱਧਮਤ, ਜੈਨ, ਸਿੱਖ, ਮੁਸਲਿਮ ਤੇ ਇਸਾਈ ਧਰਮਾਂ ਅਤੇ ਇਨ੍ਹਾਂ ਦੇ ਸੱਭਿਆਚਾਰਾਂ ਦਾ ਕੀ ਮੁਕਾਮ ਹੈ? ਭਾਰਤ ਨੂੰ ਵੱਖ-ਵੱਖ ਭਾਸ਼ਾਵਾਂ, ਧਰਮਾਂ, ਸੱਭਿਆਚਾਰਾਂ ਤੇ ਰਹੁ-ਰੀਤਾਂ ਦਾ ਦੇਸ਼ ਮੰਨਿਆ ਜਾਂਦਾ ਹੈ ਅਤੇ ਕੋਈ ਵੀ ਤੰਗਨਜ਼ਰ ਜਾਂ ਫ਼ਿਰਕੂ ਏਜੰਡਾ ਇਸ ਨੂੰ ਏਕਤਾ ਦੀ ਮਾਲਾ ਵਿੱਚ ਪਰੋਣ ਦੇ ਕਾਬਿਲ ਜਾਂ ਲਾਇਕ ਨਹੀਂ ਬਣ ਸਕਦਾ।