ਆਯੂਸ਼ਮਾਨ ਵਯ ਵੰਦਨਾ ਕਾਰਡ ਲਈ ਉਮਰ ਹੱਦ 60 ਸਾਲ ਕੀਤੀ ਜਾਵੇ: ਸੰਸਦੀ ਕਮੇਟੀ
ਨਵੀਂ ਦਿੱਲੀ, 12 ਮਾਰਚ
ਸੰਸਦ ਦੀ ਸਥਾਈ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦਾ ਘੇਰਾ ਵਧਾਉਣ ਲਈ ਆਯੂਸ਼ਮਾਨ ਵਯ ਵੰਦਨਾ ਕਾਰਡ ਤਹਿਤ ਉਮਰ ਹੱਦ 60 ਸਾਲ ਜਾਂ ਉਸ ਤੋਂ ਵੱਧ ਕੀਤੀ ਜਾਵੇ। ਮੌਜੂਦਾ ਸਮੇਂ ਇਹ ਉਮਰ ਹੱਦ 70 ਸਾਲ ਜਾਂ ਇਸ ਤੋਂ ਵੱਧ ਹੈ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਬੀਤੇ ਦਿਨ ਰਾਜ ਸਭਾ ’ਚ ਆਪਣੀ 163ਵੀਂ ਰਿਪੋਰਟ ਪੇਸ਼ ਕੀਤੀ। ਕਮੇਟੀ ਨੇ ਸਿਫਾਰਸ਼ ਕੀਤੀ ਕਿ ਮੌਜੂਦਾ ਸਿਹਤ ਸੰਭਾਲ ਦਾਇਰੇ ਨੂੰ ਪ੍ਰਤੀ ਪਰਿਵਾਰ ਸਾਲਾਨਾ ਪੰਜ ਲੱਖ ਰੁਪਏ ਤੋਂ ਸੋਧ ਕੇ 10 ਲੱਖ ਰੁਪਏ ਸਾਲਾਨਾ ਕੀਤਾ ਜਾਵੇ। ਕਮੇਟੀ ਨੇ ਇਹ ਵੀ ਸਿਫਾਰਸ਼ ਕੀਤੀ ਕਿ ਯੋਜਨਾ ਅਧੀਨ ਕਵਰ ਕੀਤੇ ਗਏ ਪੈਕੇਜਾਂ ਤੇ ਪ੍ਰਕਿਰਿਆਵਾਂ ਦੀ ਗਿਣਤੀ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਮਹਿੰਗੇ ਇਲਾਜ ਤੇ ਮਹਿੰਗੇ ਟੈਸਟਾਂ ਜਿਵੇਂ ਕਿ ਰੇਡੀਓਲੋਜੀਕਲ ਡਾਇਗਨੌਸਟਿਕਸ (ਸੀਟੀ, ਐੱਮਆਰਆਈ ਅਤੇ ਇਮੇਜਿੰਗ ਜਿਸ ਵਿੱਚ ਨਿਊਕਲੀਅਰ ਇਮੇਜਿੰਗ ਵੀ ਸ਼ਾਮਲ ਹੈ) ਨਾਲ ਸਬੰਧਤ ਨਵੇਂ ਪੈਕੇਜ ਤੇ ਪ੍ਰਕਿਰਿਆਵਾਂ ਨੂੰ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਕਮੇਟੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਸਰਕਾਰ ਨੇ ਹਾਲ ਹੀ ਵਿੱਚ ਏਬੀ-ਪੀਐੱਮਜੇਏਵਾਈ ਦਾ ਘੇਰਾ ਵਧਾ ਕੇ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਛੇ ਕਰੋੜ ਸੀਨੀਅਰ ਨਾਗਰਿਕਾਂ ਨੂੰ ਵਯ ਵੰਦਨਾ ਯੋਜਨਾ ਅਧੀਨ ਸ਼ਾਮਲ ਕੀਤਾ ਹੈ। ਆਯੂਸ਼ਮਾਨ ਵਯ ਵੰਦਨਾ ਕਾਰਡ ਤਹਿਤ ਇਲਾਜ ਲਈ ਬਜਟ ਵਿਚ 1443 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। -ਪੀਟੀਆਈ