‘ਆਪ’ ਨੂੰ ਪਿੰਡਾਂਵਿੱਚ ਭਾਰੀ ਪੈਣ ਲੱਗੀ ਸਿੱਖਿਆ ਕ੍ਰਾਂਤੀ
ਮਨੋਜ ਸ਼ਰਮਾ
ਬਠਿੰਡਾ, 16 ਅਪਰੈਲ
ਹਲਕਾ ਬਠਿੰਡਾ ਦੇ ਦਰਜਨਾਂ ਪਿੰਡਾਂ ਵਿੱਚ ਸਕੂਲਾਂ ’ਚ ਸਿੱਖਿਆ ਕ੍ਰਾਂਤੀ ਦੇ ਨਾਮ ਹੇਠ ਕਰਵਾਏ ਵਿਕਾਸ ਕਾਰਜਾਂ ਦੇ ਉਦਘਾਟਨ ‘ਆਪ’ ਸਰਕਾਰ ਲਈ ਮੁਸੀਬਤ ਬਣਨ ਲੱਗੇ ਹਨ। ਪਿੰਡਾਂ ਦੇ ਸਕੂਲਾਂ ਵਿੱਚ ਉਦਘਾਟਨੀ ਪੱਥਰਾਂ ਤੋਂ ਪਰਦਾ ਹਟਾਉਣ ਸਮੇਂ ‘ਆਪ’ ਵਿਧਾਇਕਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਕੇਯੂ ਸਿੱਧੂਪੁਰ ਦੇ ਵਰਕਰਾਂ ਨੇ ਕੱਲ੍ਹ ਮੌੜ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੂੰ ਘੇਰ ਕੇ ਸਵਾਲ ਕੀਤੇ।
ਅੱਜ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਉਸ ਸਮੇਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਸਰਕਾਰੀ ਪ੍ਰਾਇਮਰੀ ਸਕੂਲ ਮਹਿਮਾ ਸਰਜਾ ਵਿੱਚ ਸਕੂਲ ਵਿੱਚ ਫਰਸ਼ ਦਾ ਉਦਘਾਟਨ ਕਰਨ ਪੁੱਜੇ। ਬੀਕੇਯੂ ਸਿੱਧੂਪੁਰ ਦੀ ਪਿੰਡ ਇਕਾਈ ਦੇ ਪ੍ਰਧਾਨ ਗੇਜਾ ਸਿੰਘ ਲੱਖੀ ਜੰਗਲ, ਜ਼ਿਲ੍ਹਾ ਸਕੱਤਰ ਗੁਰਦੀਪ ਸਿੰਘ ਮਹਿਮਾ ਸਰਜਾ, ਲਖਵਿੰਦਰ ਸਿੰਘ ਲੱਖੀ ਜੰਗਲ, ਬੀਕੇਯੂ ਏਕਤਾ (ਉਗਰਾਹਾਂ) ਦੀ ਪਿੰਡ ਇਕਾਈ ਦੇ ਪ੍ਰਧਾਨ ਜਨਕ ਸਿੰਘ ਬਰਾੜ, ਗੋਰਾ ਸਿੰਘ ਮਹਿਮਾ ਸਰਜਾ ਨੇ ਵਿਧਾਇਕ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਸਾਲ 2023 ਤੋਂ ਬਾਅਦ ਕੋਈ ਗਰਾਂਟ ਨਹੀਂ ਆਈ, ਉਨ੍ਹਾਂ ਦਾ ਸਕੂਲਾਂ ਪ੍ਰਤੀ ਕੋਈ ਯੋਗਦਾਨ ਨਹੀਂ ਹੈ। ਉਨ੍ਹਾਂ ਨੂੰ ਵਿਧਾਇਕ ਪਿੰਡਾਂ ਦੀਆਂ ਸਮੱਸਿਆਵਾਂ ਦੱਸੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਖਨੌਰੀ ਅਤੇ ਸ਼ੰਭੂ ਬਾਰਡਰਾਂ ’ਤੇ ਕਿਸਾਨੀ ਧਰਨੇ ਦੌਰਾਨ ਕੀਤੇ ਲਾਠੀਚਾਰਜ ਅਤੇ ਮੋਰਚੇ ਨੂੰ ਤਾਰਪੀਡੋ ਕਰਨ ਦੇ ਦੋਸ਼ ਲਗਾਉਂਦੇ ਹੋਏ ਜਵਾਬ ਮੰਗਿਆ। ਵਿਧਾਇਕ ਵੱਲੋਂ ਕਥਿਤ ਤੌਰ ’ਤੇ ਕੋਈ ਸਾਰਥਕ ਜਵਾਬ ਨਾ ਮਿਲਣ ’ਤੇ ਬੀਕੇਯੂ ਸਿੱਧੂਪੁਰ ਦੇ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ‘ਆਪ’ ਸਰਕਾਰ ਦੇ ਨੁਮਾਇੰਦਿਆਂ ਨੂੰ ਟਰਾਲੀ ਚੋਰ ਵਜੋਂ ਭੰਡਿਆ। ਵਿਧਾਇਕ ਜਗਸੀਰ ਸਿੰਘ ਵੱਖ-ਵੱਖ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਪੁੱਜੇ ਸਨ।
ਕਿਸਾਨਾਂ ਦੇ ਵਿਰੋਧ ਕਾਰਨ ਸਮਾਗਮ ’ਚੋਂ ਗ਼ੈਰਹਾਜ਼ਰ ਹੋਇਆ ਵਿਧਾਇਕ
ਤਰਨ ਤਾਰਨ (ਗੁਰਬਖਸ਼ਪੁਰੀ): ਇਲਾਕੇ ਦੇ ਸਰਕਾਰੀ ਹਾਈ ਸਕੂਲ, ਠਰੂ ਵਿੱਚ ‘ਪੰਜਾਬ ਸਿੱਖਿਆ ਕ੍ਰਾਂਤੀ’ ਸਬੰਧੀ ਕਰਵਾਏ ਸਮਾਗਮ ਵਿੱਚ ਅੱਜ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵਿੱਚ ਸ਼ਾਮਲ ਹੋਣ ਲਈ ਨਹੀਂ ਆਏ| ਵਿਧਾਇਕ ਦੇ ਨਾ ਆਉਣ ’ਤੇ ਵੀ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਕਾਲੀਆਂ ਝੰਡੀਆਂ ਨਾਲ ਘੰਟਿਆਂ ਤੱਕ ਵਿਧਾਇਕ ਦੀ ਉਡੀਕ ਕਰਦੇ ਰਹੇ| ਇਸ ਦੌਰਾਨ ਕਿਸਾਨਾਂ ਦੀ ਅਗਵਾਈ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਬਾਬਾ ਬੁੱਢਾ ਸਾਹਿਬ ਜ਼ੋਨ ਦੇ ਆਗੂ ਬਲਜੀਤ ਸਿੰਘ ਝਬਾਲ, ਦਿਲਬਾਗ ਸਿੰਘ ਠਰੂ, ਜਸਬੀਰ ਸਿੰਘ ਕੋਟ ਧਰਮ ਚੰਦ ਖੁਰਦ ਨੇ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਵਿਧਾਇਕ ਤੋਂ ਸ਼ੰਭੂ-ਖਨੌਰੀ ਬਾਰਡਰ ’ਤੇ ਕਿਸਾਨਾਂ ’ਤੇ ਕੀਤੇ ਤਸ਼ੱਦਦ ਦਾ ਜਵਾਬ ਮੰਗਣ ਲਈ ਆਏ ਸਨ| ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਹੀ ਵਿਧਾਇਕ ਤੋਂ ਸਵਾਲ ਪੁੱਛਣੇ ਸਨ|