‘ਆਪ’ ਤੇ ਕਾਂਗਰਸ ਵੱਲੋਂ ਮੋਮਬੱਤੀ ਮਾਰਚ
ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਅਪਰੈਲ
ਪਟਿਆਲਾ ਜ਼ਿਲ੍ਹੇ ਦੇ ‘ਆਪ’ ਵਿਧਾਇਕਾਂ ਅਤੇ ਚੇਅਰਮੈਨਾਂ ਸਮੇਤ ਹੋਰ ਆਪ ਆਗੂਆਂ ਨੇ ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਇਸ ਘਟਨਾ ਦੀ ਕਰੜੀ ਨਿੰਦਾ ਕੀਤੀ। ਇਸ ਦੌਰਾਨ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ‘ਆਪ’ ਵੱਲੋਂ ਮਹਾਤਮਾ ਗਾਂਧੀ ਸਮਾਰਕ ਤੋਂ ਸ੍ਰੀ ਕਾਲੀ ਦੇਵੀ ਮੰਦਰ ਤੱਕ ਕੈਂਡਲ ਮਾਰਚ ਵੀ ਕੀਤਾ ਗਿਆ ਜਿਸ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਸਾਰੇ ਅੱਠ ਵਿਧਾਇਕਾਂ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ 22 ਅਪਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅਤਿਵਾਦੀ ਹਮਲੇ ਵਿੱਚ 26 ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ।
ਇਸ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਬਰਸਟ, ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਹਡਾਣਾ, ਵਿਧਾਇਕ ਚੇਤਨ ਜੌੜਾਮਾਜਰਾ, ਅਜੀਤਪਾਲ ਕੋਹਲੀ, ਨੀਨਾ ਮਿੱਤਲ, ਮੇਅਰ ਕੁੰਦਨ ਗੋਗੀਆ, ਲੋਕ ਸਭਾ ਹਲਕੇ ਦੇ ਇੰਚਾਰਜ ਇੰਦਰਜੀਤ ਸੰਧੂ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੇਘ ਚੰਦ ਸ਼ੇਰਮਾਜਰਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂਵਾਲਾ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਡਿਪਟੀ ਮੇਅਰ ਜਗਦੀਪ ਜੱਗਾ, ਚੇਅਰਮੈਨ ਜਰਨੈਲ ਮੰਨੂ, ਨਗਰ ਕੌਂਸਲ ਸਨੌਰ ਦੇ ਪ੍ਰਧਾਨ ਪ੍ਰਦੀਪ ਜੋਸ਼ਨ ਤੇ ਸੁਰਜੀਤ ਅਬਲੋਵਾਲ ਸਮੇਤ ਕੌਂਸਲਰਾਂ ਤੇ ਹੋਰ ਆਗੂਆਂ ਨੇ ਵੀ ਸ਼ਿਰਕਤ ਕੀਤੀ।
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਜ਼ਿਲ੍ਹਾ ਮਹਿਲਾ ਕਾਂਗਰਸ ਪਟਿਆਲਾ ਵੱਲੋਂ ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕੱਢਿਆ ਗਿਆ। ਇਸ ਤੋਂ ਇਲਾਵਾ ਇਸ ਦੌਰਾਨ ਫੁਆਰਾ ਚੌਂਕ ਵਿਖੇ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਅਤਿਵਾਦੀ ਦਾ ਕੋਈ ਧਰਮ ਮਜ਼੍ਹਬ ਨਹੀਂ ਹੁੰਦਾ ਸਗੋਂ ਉਹ ਦਹਿਸ਼ਤ ਫੈਲਾਉਣ ਲਈ ਕਾਰਵਾਈਆਂ ਕਰਦਾ ਹੈ, ਸਮੁੱਚੀ ਕਾਂਗਰਸ ਅਤਿਵਾਦ ਦੇ ਖ਼ਾਤਮੇ ਲਈ ਕੇਂਦਰ ਸਰਕਾਰ ਨਾਲ ਖੜ੍ਹੀ ਹੈ। ਇਸ ਵੇਲੇ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਰੇਖਾ ਅਗਰਵਾਲ, ਭੁਪਿੰਦਰ ਕੌਰ, ਅਮਰਜੀਤ ਕੌਰ ਭੱਠਲ ਆਦਿ ਵੀ ਮੌਜੂਦ ਸਨ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਕਸ਼ਮੀਰ ਘਾਟੀ ਦੇ ਪਹਿਲਗਾਮ ਵਿਚ ਸੈਲਾਨੀਆਂ ਉਪਰ ਹੋਏ ਹਮਲੇ ਦੇ ਵਿਰੋਧ ’ਚ ਅਤੇ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਸ਼ਹਿਰ ਵਿਚ ਅੱਜ ਕੈਂਡਲ ਮਾਰਚ ਕੱਢਿਆ ਗਿਆ ਅਤੇ ਪਾਕਿਸਤਾਨ ਅਤੇ ਅਤਿਵਾਦ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਹਮਲੇ ਦੀ ਸਖਤ ਨਿਖੇਧੀ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰੰਗ ਕੀਤੀ ਗਈ। ਮਾਰਚ ਦੌਰਾਨ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਕਾਂਗਰਸੀ ਆਗੂ ਤੇ ਵਰਕਰ ਸ਼ਹਿਰ ਦੇ ਵੱਡੇ ਚੌਂਕ ਵਿਚ ਇਕੱਠੇ ਹੋਏ। ਇਹ ਮਾਰਚ ਵੱਡੇ ਚੌਂਕ ਤੋਂ ਸਦਰ ਬਜ਼ਾਰ, ਛੋਟਾ ਚੌਂਕ, ਧੂਰੀ ਗੇਟ ਬਜ਼ਾਰ ਹੁੰਦਾ ਹੋਇਆ ਲਾਲ ਬੱਤੀ ਚੌਂਕ ਪੁੱਜ ਕੇ ਸਮਾਪਤ ਹੋਇਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਭਾਸ਼ ਗਰੋਵਰ, ਐਡਵੋਕੇਟ ਸਤੀਸ਼ ਕਾਂਸਲ, ਦਰਸ਼ਨ ਸਿੰਘ ਕਾਂਗੜਾ, ਕੌਂਸਲਰ ਨੱਥੂ ਲਾਲ ਢੀਂਗਰਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਨਿਲ ਘੀਚਾ, ਬਲਾਕ ਭਵਾਨੀਗੜ੍ਹ ਦੇ ਆਗੂ ਵਰਿੰਦਰ ਪੰਨਵਾਂ ਮੌਜੂਦ ਸਨ। ਗੌਰਮਿੰਟ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਪੈਨਸ਼ਨਰ ਡੀ.ਸੀ. ਦਫ਼ਤਰ ਅੱਗੇ ਇਕੱਠੇ ਹੋਏ। ਇਸ ਮੌਕੇ ਭੁਪਿੰਦਰ ਸਿੰਘ ਜੱਸੀ ਪ੍ਰਧਾਨ, ਅਵਿਨਾਸ਼ ਸ਼ਰਮਾ ਜਨਰਲ ਸਕੱਤਰ, ਜੀਤ ਸਿੰਘ ਢੀਂਡਸਾ ਸਰਪ੍ਰਸਤ ਅਤੇ ਰਾਜ ਕੁਮਾਰ ਅਰੋੜਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਅਤਿਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ।
ਸੈਲਾਨੀਆਂ ’ਤੇ ਹਮਲੇ ਖ਼ਿਲਾਫ਼ ਮੋਮਬੱਤੀ ਮਾਰਚ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ’ਤੇ ਹੋਏ ਅਤਿਵਾਦੀ ਹਮਲੇ ਵਿੱਚ ਮਾਰੇ ਗਏ ਬੇਗੁਨਾਹ ਲੋਕਾਂ ਦੀ ਮੌਤ ਦੇ ਵਿਰੋਧ ਵਿੱਚ ਅੱਜ ਪੈਨਸ਼ਨਰਾਂ, ਸਾਬਕਾ ਸੈਨਿਕਾਂ, ਦੁਕਾਨਦਾਰਾਂ, ਪੰਚਾਂ, ਸਰਪੰਚਾਂ, ਸਮਾਜ ਸੇਵੀ, ਰਾਜਨੀਤਕ, ਧਾਰਮਿਕ ਜਥੇਬੰਦੀਆਂ, ਦਿੜ੍ਹਬਾ ਵਾਸੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਕੈਂਡਲ ਮਾਰਚ ਕੱਢਣ ਤੋਂ ਪਹਿਲਾਂ ਸਾਰੇ ਦਿੜ੍ਹਬਾ ਦੇ ਚੌਂਕ ਵਿੱਚ ਇਕੱਠੇ ਹੋਏ ਅਤੇ ਪਾਕਿਸਤਾਨ ਤੇ ਅਤਿਵਾਦੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।