ਆਦਰਸ਼ ਸਕੂਲ ਦਾ ਸਾਲਾਨਾ ਸਮਾਗਮ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 1 ਅਪਰੈਲ
ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਟ ਜਾਟਾਨ ਵਿੱਚ ਸਾਲਾਨਾ ਪ੍ਰਤਿਭਾ ਪੁਰਸਕਾਰ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਬਤੌਰ ਮੁੱਖ ਮਹਿਮਾਨ ਪਸ਼ੂ ਧਨ ਵਿਕਾਸ ਬੋਰਡ ਦੇ ਚੇਅਰਮੈਨ ਧਰਮਵੀਰ ਮਿਰਜਾਪੁਰ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੋਹਨ ਲਾਲ ਸੈਣੀ, ਪ੍ਰਿਸੀਪਲ ਰੌਬਿਨ ਕੁਮਾਰ, ਤੇ ਵਾਈਸ ਪ੍ਰਿੰਸੀਪਲ ਅਨੀਤਾ ਹਾਂਡਾਂ ਨੇ ਕੀਤੀ। ਐੱਨਸੀਸੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਮਾਰਚ ਪਾਸਟ ਕਰ ਸਲਾਮੀ ਦਿੱਤੀ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਗਣੇਸ਼ ਵੰਦਨਾ, ਬਾਲੀਵੁੱਡ ਗੀਤਾਂ ਤੇ ਨਾਚ, ਮਾਈਮ ,ਗਿੱਧਾ, ਭੰਗੜਾ ਤੇ ਹਰਿਆਣਵੀ ਨ੍ਰਿਤ ਆਦਿ ਗਤੀਵਿਧੀਆਂ ਦੀ ਪੇਸ਼ਕਾਰੀ ਦਿੱਤੀ। ਸਕੂਲ ਦੇ ਪ੍ਰਿੰਸੀਪਲ ਰੌਬਿਨ ਕੁਮਾਰ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ। ਮੁੱਖ ਮਹਿਮਾਨ ਵੱਲੋਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਰੌਬਿਨ ਕੁਮਾਰ ਨੇ ਕਿਹਾ ਕਿ ਮਾਪਿਆਂ ਦੇ ਨਾਲ ਨਾਲ ਅਧਿਆਪਕ ਤੇ ਵਿਦਿਅਕ ਸੰਸਥਾਵਾਂ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ’ਤੇ ਆਧਾਰਿਤ ਸਿੱਖਿਆ ਦੇ ਕੇ ਚੰਗੇ ਨਾਗਰਿਕ ਬਣਾਉਣ ਵਿੰਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਮੁੱਖ ਮਹਿਮਾਨ ਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਮਾਪਿਆਂ ਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਸਕੂਲ ਤੋਂ ਮਿਲੇ ਸੰਸਕਾਰ ਵਿਦਿਆਰਥੀਆਂ ਨੂੰ ਇੱਕ ਚੰਗਾ ਇਨਸਾਨ ਬਣਾਉਣ ਵਿੱਚ ਸਹਾਈ ਹੁੰਦੇ ਹਨ। ਕਿਸੇ ਵੀ ਉੱਘੀ ਸ਼ਖ਼ਸੀਅਤ ਦੇ ਸਫ਼ਲ ਹੋਣ ਵਿੱਚ ਮਾਪਿਆਂ ਅਤੇ ਅਧਿਆਪਕਾਂ ਦਾ ਖਾਸ ਯੋਗਦਾਨ ਹੈ।