ਆਈਪੀਐੱਲ: ਕੋਲਕਾਤਾ ਅਤੇ ਚੇਨੱਈ ਵਿਚਾਲੇ ਟੱਕਰ ਅੱਜ
ਕੋਲਕਾਤਾ, 6 ਮਈ
ਇੱਥੇ ਈਡਨ ਗਾਰਡਨਜ਼ ਵਿੱਚ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਚੇਨੱਈ ਸੁਪਰ ਕਿੰਗਜ਼ (ਸੀਐੱਸਕੇ) ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਪੰਜ ਵਾਰ ਦੀ ਚੈਂਪੀਅਨ ਚੇਨੱਈ ਪਹਿਲਾਂ ਹੀ ਪਲੇਅਆਫ ਦੀ ਦੌੜ ’ਚੋਂ ਬਾਹਰ ਹੋ ਚੁੱਕੀ ਹੈ। ਚੇਨੱਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਪ੍ਰਦਰਸ਼ਨ ਹੁਣ ਪਹਿਲਾਂ ਵਰਗਾ ਪ੍ਰਭਾਵਸ਼ਾਲੀ ਨਹੀਂ ਰਿਹਾ ਪਰ ਉਸ ਦੇ ਪ੍ਰਸ਼ੰਸਕਾਂ ਦਾ ਉਸ ਨਾਲ ਭਾਵਨਾਤਮਕ ਲਗਾਵ ਹੈ, ਜਿਸ ਕਰਕੇ ਉਹ ਵੱਡੀ ਗਿਣਤੀ ’ਚ ਇੱਥੇ ਪਹੁੰਚ ਸਕਦੇ ਹਨ। ਚੇਨੱਈ ਦੀ ਟੀਮ ਪਿਛਲੇ ਮੈਚ ਵਿੱਚ ਰੌਇਲ ਚੈਲੇਂਜਰਜ਼ ਬੰਗਲੂਰੂ ਹੱਥੋਂ ਦੋ ਦੌੜਾਂ ਨਾਲ ਹਾਰ ਗਈ ਸੀ। ਧੋਨੀ ਨੇ ਇਸ ਮੈਚ ਵਿੱਚ ਅੱਠ ਗੇਂਦਾਂ ’ਚ 12 ਦੌੜਾਂ ਬਣਾਈਆਂ ਸਨ। ਮੈਚ ਤੋਂ ਬਾਅਦ ਧੋਨੀ ਨੇ ਹਾਰ ਦੀ ਜ਼ਿੰਮੇਵਾਰੀ ਲਈ ਸੀ। ਚੇਨੱਈ ਕੋਲ ਹੁਣ ਗੁਆਉਣ ਲਈ ਕੁਝ ਨਹੀਂ ਹੈ ਪਰ ਕੋਲਕਾਤਾ ਲਈ ਇਹ ‘ਕਰੋ ਜਾਂ ਮਰੋ’ ਵਾਲਾ ਮੈਚ ਹੈ। ਕੋਲਕਾਤਾ ਨੂੰ ਪਲੇਅਆਫ ਦੀ ਦੌੜ ਵਿੱਚ ਬਰਕਰਾਰ ਰਹਿਣ ਲਈ ਆਪਣੇ ਤਿੰਨ ’ਚੋਂ ਤਿੰਨ ਮੈਚ ਜਿੱਤਣੇ ਜ਼ਰੂਰੀ ਹਨ। ਕੋਲਕਾਤਾ ਦੇ ਇਸ ਵੇਲੇ 11 ਅੰਕ ਹਨ ਅਤੇ ਜੇ ਉਹ ਆਪਣੇ ਅਗਲੇ ਤਿੰਨ ਮੈਚ ਜਿੱਤਦਾ ਹੈ ਤਾਂ ਉਸ ਦੇ 17 ਅੰਕ ਹੋ ਜਾਣਗੇ। 17 ਅੰਕਾਂ ਤੋਂ ਬਾਅਦ ਵੀ ਉਸ ਲਈ ਪਲੇਅਆਫ ਵਿੱਚ ਪਹੁੰਚਣਾ ਦੂੁਜੀਆਂ ਟੀਮਾਂ ਦੇ ਨਤੀਜਿਆਂ ’ਤੇ ਨਿਰਭਰ ਕਰੇਗਾ। ਅਜਿਹੀ ਸਥਿਤੀ ਵਿੱਚ ਮਾਮਲਾ ਨੈੱਟ ਰਨ ਰੇਟ ’ਤੇ ਵੀ ਫਸ ਸਕਦਾ ਹੈ। ਚੇਨੱਈ ਤੋਂ ਬਾਅਦ ਕੋਲਕਾਤਾ ਦੇ ਸਨਰਾਈਜ਼ਰਜ਼ ਹੈਦਰਾਬਾਦ ਅਤੇ ਬੰਗਲੂਰੂ ਖ਼ਿਲਾਫ਼ ਮੈਚ ਬਾਕੀ ਹਨ। -ਪੀਟੀਆਈ