IPL final ਵਿਰਾਟ ਕੋਹਲੀ ਤੇ ਰੌਇਲ ਚੈਲੇਂਜਰਜ਼ ਬੰਗਲੂਰੂ ਨੇ ਪਲੇਠਾ ਆਈਪੀਐੱਲ ਖਿਤਾਬ ਜਿੱਤਿਆ
ਅਹਿਮਦਾਬਾਦ, 3 ਜੂਨ
ਰੌਇਲ ਚੈਲੇਂਜਰਜ਼ ਬੰਗਲੂਰੂ (RCB) ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿਚ ਪੰਜਾਬ ਕਿੰਗਜ਼ (PBKS) ਨੂੰ 6 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣ ਗਈ ਹੈ। ਵਿਰਾਟ ਕੋਹਲੀ ਤੇ RCB ਦੀ ਟੀਮ ਨੇ 18 ਸਾਲਾਂ ਵਿਚ ਪਹਿਲੀ ਵਾਰ ਆਈਪੀਐਲ ਵਿਚ ਖਿਤਾਬੀ ਜਿੱਤ ਦਰਜ ਕੀਤੀ ਹੈ। ਪੰਜਾਬ ਦੀ ਟੀਮ ਬੰਗਲੂਰੂ ਵੱਲੋਂ ਜਿੱਤ ਲਈ ਮਿਲੇ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਿਤ 20 ਓਵਰਾ ਵਿਚ 7 ਵਿਕਟਾਂ ਦੇ ਨੁਕਸਾਨ ਨਾਲ 184 ਦੌੜਾਂ ਹੀ ਬਣਾ ਸਕੀ। ਟੀਮ ਨੂੰ ਮਿਲੀ ਜਿੱਤ ਮਗਰੋਂ ਵਿਰਾਟ ਕੋਹਲੀ ਮੈਦਾਨ ‘ਤੇ ਕਾਫੀ ਭਾਵੁਕ ਨਜ਼ਰ ਆਏ ਕਿਉਂਕਿ ਇਹ ਉਨ੍ਹਾਂ ਦਾ ਪਹਿਲਾ IPL ਖਿਤਾਬ ਹੈ।
#WATCH | Gujarat | Visuals from outside Narendra Modi Stadium, Ahmedabad.
Royal Challengers Bengaluru lifts the #IPL2025 trophy, their first in the 18 editions of the Indian Premier League; beats Punjab Kings. pic.twitter.com/zyEnoFPAKY
— ANI (@ANI) June 3, 2025
ਪੰਜਾਬ ਲਈ ਸ਼ਸ਼ਾਂਕ ਸਿੰਘ ਨੇ 30 ਗੇਂਦਾਂ ਵਿਚ 61 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਵਿਚ 3 ਚੌਕੇ ਤੇ 6 ਛੱਕੇ ਵੀ ਸ਼ਾਮਲ ਹਨ, ਪਰ ਉਹ ਟੀਮ ਨੂੰ ਜਿੱਤ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿਚ ਨਾਕਾਮ ਰਿਹਾ। ਹੋਰਨਾਂ ਬੱਲੇਬਾਜ਼ਾਂ ਵਿਚ Josh Inglis ਨੇ 23 ਗੇਂਦਾਂ ’ਤੇ 39 ਦੌੜਾਂ ਬਣਾਈਆਂ। ਕਪਤਾਨ Shreyas Iyer ਜੋ ਦੂਜੇ ਕੁਆਲੀਫਾਇਰ ਵਿਚ ਟੀਮ ਦੀ ਜਿੱਤ ਦਾ ਹੀਰੋ ਸੀ, 1 ਦੌੜ ਬਣਾ ਕੇ ਆਊਟ ਹੋ ਗਿਆ। ਪੀ.ਆਰੀਆ ਨੇ 24 ਤੇ ਪ੍ਰਭਸਿਮਰਨ ਸਿੰਘ ਨੇ 26 ਦੌੜਾਂ ਦਾ ਯੋਗਦਾਨ ਪਾਇਆ। ਰੌਇਲ ਚੈਲੇਂਜਰਜ਼ ਬੰਗਲੂਰੂ ਲਈ ਭੁਵਨੇਸ਼ਵਰ ਕੁਮਾਰ ਤੇ ਕਰੁਨਾਲ ਪੰਡਿਆ ਨੇ ਦੋ ਦੋ ਅਤੇ ਵਾਈ. ਦਿਆਲ, ਜੋਸ਼ ਹੇਜ਼ਲਵੁੱਡ ਤੇ ਆਰ.ਸ਼ੈਪਰਡ ਨੇ ਇਕ ਇਕ ਵਿਕਟ ਲਈ।
ਇਸ ਤੋਂ ਪਹਿਲਾਂ ਰੌਇਲ ਚੈਲੇਂਜਰਜ਼ ਬੰਗਲੂਰੂ ਦੀ ਟੀਮ ਨੇ ਪੰਜਾਬ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਨ ਦੇ ਮਿਲੇ ਸੱਦੇ ’ਤੇ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਨਾਲ 190 ਦੌੜਾਂ ਬਣਾਈਆਂ।
ਬੰਗਲੂਰੂ ਦੀ ਟੀਮ ਲਈ ਵਿਰਾਟ ਕੋਹਲੀ ਨੇ 43, ਕਪਤਾਨ ਰਜਤ ਪਾਟੀਦਾਰ ਨੇ 26, ਲਿਆਮ ਲਿਵਿੰਗਸਟੋਨ 25, ਮਯੰਕ ਅਗਰਵਾਲ ਤੇ ਜਿਤੇਸ਼ ਸ਼ਰਮਾ ਨੇ 24-24 ਦੌੜਾਂ ਦਾ ਯੋਗਦਾਨ ਪਾਇਆ।
ਪੰਜਾਬ ਲਈ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਖਰੀ ਓਵਰ ਵਿਚ ਤਿੰਨ ਵਿਕਟਾਂ ਲਈਆਂ। ਹੋਰਨਾਂ ਗੇਂਦਬਾਜ਼ਾਂ ਵਿਚ ਕਾਇਲੀ ਜੈਮੀਸਨ ਨੇ 48 ਦੌੜਾਂ ਬਦਲੇ ਤਿੰਨ ਵਿਕਟ ਲਏ ਜਦੋਂਕਿ ਇਕ ਇਕ ਵਿਕਟ ਅਜ਼ਮਤਉੱਲਾ ਓਮਰਜ਼ਈ, ਯੁਜ਼ਵੇਂਦਰ ਚਹਿਲ ਤੇ ਵਾਇਸ਼ੈਕ ਵਿਜੈ ਕੁਮਾਰ ਨੇ ਲਈ।
ਕਾਬਿਲੇਗੌਰ ਹੈ ਕਿ ਪੰਜਾਬ ਦੀ ਟੀਮ 11 ਸਾਲਾਂ ਬਾਅਦ ਆਈਪੀਐੱਲ ਦੇ ਫਾਈਨਲ ਵਿਚ ਪਹੁੰਚੀ ਸੀ ਜਦੋਂਕਿ ਆਰਸੀਬੀ ਦਾ ਇਹ ਚੌਥਾ ਖਿਤਾਬੀ ਮੁਕਾਬਲਾ ਸੀ। ਦੋਵਾਂ ਟੀਮਾਂ ਨੇ ਆੲਂੀਪੀਐੱਲ ਦੇ 18 ਸਾਲਾਂ ਦੇ ਇਤਿਹਾਸ ਵਿਚ ਹੁਣ ਤੱਕ ਆਈਪੀਐੱਲ ਦਾ ਖਿਤਾਬ ਨਹੀਂ ਜਿੱਤਿਆ ਸੀ। -ਪੀਟੀਆਈ