ਅੰਮ੍ਰਿਤਸਰ: ਖੇਡ ਮੈਦਾਨ ਵਿੱਚ ਨਹੀਂ ਹੋਵੇਗੀ ਮੁੱਖ ਮੰਤਰੀ ਦੀ ਡਰੱਗ ਰੈਲੀ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 26 ਅਪਰੈਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਦੀ ਡਰੱਗ ਰੋਕੋ ਰੈਲੀ ਦੀ ਮੇਜ਼ਬਾਨੀ ਨਾ ਕਰਨ ਦਾ ਫੈਸਲਾ ਕੀਤਾ ਹੈ। ਰੈਲੀ ਯੂਨੀਵਰਸਿਟੀ ਕੈਂਪਸ ਦੇ ਖੇਡ ਮੈਦਾਨ ਵਿੱਚ 2 ਮਈ ਨੂੰ ਹੋਣੀ ਸੀ। ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਖੇਡ ਮੈਦਾਨ ਨੂੰ ਰਾਜਸੀ ਸਥਾਨ ਵਿੱਚ ਬਦਲਣ ’ਤੇ ਇਤਰਾਜ਼ ਜਤਾਇਆ ਸੀ। ਜ਼ਿਕਰਯੋਗ ਹੈ ਕਿ 2 ਮਈ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਵਿਰੋਧੀ ਮੁਹਿੰਮ ਦੇ ਸਬੰਧ ਵਿੱਚ ਸਰਪੰਚਾਂ ਅਤੇ ‘ਆਪ’ ਦੇ ਕਾਰਜਕਾਰੀ ਕੇਡਰ ਦੇ ਹੋਰ ਮੈਂਬਰਾਂ ਨੂੰ ਸੰਬੋਧਨ ਕਰਨਾ ਸੀ। ਸੋਸ਼ਲ ਮੀਡੀਆ ’ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਔਜਲਾ ਨੇ ਆਖਿਆ ਸੀ ਕਿ ‘ਆਪ’ ਸਰਕਾਰ ਨੇ ਖੇਡ ਮੈਦਾਨ ’ਤੇ ‘ਸਟਾਪ ਡਰੱਗਜ਼ ਰੈਲੀ’ ਲਈ ਖੇਡ ਮੈਦਾਨ ਨੂੰ ਤਬਾਹ ਕਰ ਦਿੱਤਾ। ਅਥਲੈਟਿਕਸ ਟਰੈਕ ’ਤੇ ਰਾਜਸੀ ਸਟੇਜ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਖੇਡ ਮੈਦਾਨ ਨੂੰ ਰਾਜਸੀ ਰੈਲੀ ਲਈ ਤਬਾਹ ਨਹੀਂ ਕਰਨਾ ਚਾਹੀਦਾ। ਉਹ ਰਾਜਸੀ ਪ੍ਰਚਾਰ ਲਈ ਯੂਨੀਵਰਸਿਟੀ ਦੇ ਖੇਡ ਢਾਂਚੇ ਦੀ ਵਰਤੋਂ ਦੀ ਸਖ਼ਤ ਨਿੰਦਾ ਕਰਦੇ ਹਨ। ਖੇਡ ਮੈਦਾਨ ਦਾ ਘਾਹ ਵਾਲਾ ਟਰੈਕ ਟੈਂਟ ਲਈ ਪੁੱਟਿਆ ਗਿਆ। ਖੇਡ ਕੋਚਾਂ ਅਨੁਸਾਰ, ਟਰੈਕ ’ਤੇ ਪੁੱਟੇ ਗਏ ਖੇਤਰ ਨੂੰ ਠੀਕ ਹੋਣ ਲਈ ਘੱਟੋ-ਘੱਟ ਚਾਰ ਤੋਂ ਛੇ ਮਹੀਨੇ ਲੱਗਦੇ ਹਨ। ਵੀਸੀ ਕਰਮਜੀਤ ਸਿੰਘ ਨੇ ਤਾਜ਼ਾ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਸਮਾਗਮ ਲਈ ਖੇਡ ਦਾ ਮੈਦਾਨ ਉਧਾਰ ਦੇਣ ਲਈ ਕਿਹਾ ਗਿਆ ਸੀ ਪਰ ਹੁਣ, ਅਸੀਂ ਫੈਸਲਾ ਕੀਤਾ ਹੈ ਕਿ ਰਾਜਸੀ ਸਮਾਗਮ ਯੂਨੀਵਰਸਿਟੀ ਕੈਂਪਸ ਵਿੱਚ ਨਹੀਂ ਹੋਵੇਗਾ।