ਵਾਧੂ ਪਾਣੀ ਦੀ ਇੱਕ ਬੂੰਦ ਹਰਿਆਣਾ ਨਹੀਂ ਜਾਣ ਦੇਵਾਂਗੇ: ਬੈਂਸ
ਜਗਮੋਹਨ ਸਿੰਘ
ਰੂਪਨਗਰ, 1 ਮਈ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਸੂਬੇ ਦੇ ਪਾਣੀ ਦੀ ਇਕ ਵੀ ਵਾਧੂ ਬੂੰਦ ਹਰਿਆਣਾ ਨਹੀਂ ਜਾਣ ਦੇਵਾਂਗੇ, ਇਸ ਲਈ ਉਨ੍ਹਾਂ ਨੂੰ ਭਾਵੇਂ ਸਿਰ ਹੀ ਕਿਉਂ ਨਾ ਕਲਮ ਕਰਵਾਉਣਾ ਪਵੇ। ਇੱਥੇ ਬੇਲਾ ਚੌਕ ਰੂਪਨਗਰ ਵਿਚ ਕੇਂਦਰ ਸਰਕਾਰ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ 90 ਫੀਸਦੀ ਖੇਤਰ ਦਾ ਜ਼ਮੀਨੀ ਪਾਣੀ ਡੂੰਘਾ ਹੋਣ ਸਦਕਾ ਡਾਰਕ ਜ਼ੋਨ ਐਲਾਨਿਆ ਜਾ ਚੁੱਕਿਆ ਹੈ ਅਤੇ ਭਾਜਪਾ ਦੀ ਕੇਂਦਰ ਸਰਕਾਰ ਦਾ ਬੀਬੀਐਮਬੀ ਰਾਹੀਂ ਹਰਿਆਣਾ ਨੂੰ 8500 ਕਿਊਸਿਕ ਪਾਣੀ ਦੇਣ ਦਾ ਤੁਗਲਕੀ ਫ਼ਰਮਾਨ ਸਿੱਧੇ ਤੌਰ ਉੱਤੇ ਪੰਜਾਬੀਆਂ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਜ਼ਮੀਨੀ ਪਾਣੀ ਦੇ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਵੱਡੇ ਪੱਧਰ ਉਤੇ ਖੇਤੀ ਨਹਿਰੀ ਪਾਣੀ ਨਾਲ ਕੀਤੀ ਜਾ ਰਹੀ ਹੈ, ਕੇਵਲ ਸ੍ਰੀ ਆਨੰਦਪੁਰ ਸਾਹਿਬ ਦੇ ਹਲਕੇ ਵਿਚ ਹੀ 100 ਕਰੋੜ ਰੁਪਏ ਦੀ ਲਾਗਤ ਨਾਲ ਪਾਈਪਾਂ ਨਾਲ ਨਹਿਰੀ ਪਾਣੀ ਨਾਲ 10,000 ਦੇ ਕਰੀਬ ਬੰਜਰ ਜ਼ਮੀਨ ਨੂੰ ਸੁਰਜੀਤ ਕਰਨ ਦੀ ਰੂਪ ਰੇਖਾ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹਾਂ, ਚੇਅਰਮੈਨ ਮਾਰਕੀਟ ਕਮੇਟੀ ਭਾਗ ਸਿੰਘ ਮਦਾਨ, ਚੇਅਰਮੈਨ ਇੰਪਰੂਵਮੈਂਟ ਟਰੱਸਟ ਰੂਪਨਗਰ ਸ਼ਿਵ ਕੁਮਾਰ ਲਾਲਪੁਰਾ, ਯੁੱਧ ਨਸ਼ਿਆਂ ਵਿਰੁਧ ਦੇ ਹਲਕਾ ਕੋਆਰਡੀਨੇਟਰ ਅਵਤਾਰ ਕੂੰਨਰ, ਸਟੇਟ ਜੁਆਇੰਟ ਸਕੱਤਰ ਚੇਤਨ ਕਾਲੀਆ, ‘ਆਪ’ ਆਗੂ ਕਮਿੱਕਰ ਸਿੰਘ ਢਾਡੀ, ਸਿੱਖਿਆ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਦੀਪਕ ਸੋਨੀ, ਜਸਪਾਲ ਸਿੰਘ ਢਾਹਾਂ ਅਤੇ ਹੋਰ ਵਰਕਰ ਹਾਜ਼ਰ ਸਨ।