ਅੰਤਰ-ਪੌਲੀਟੈਕਨਿਕ ਯੁਵਕ ਮੇਲਾ: ਸੋਲੋ ਡਾਂਸ ’ਚ ਸਰਕਾਰੀ ਬਹੁ-ਤਕਨੀਕੀ ਕਾਲਜ ਰਾਣਵਾਂ ਅੱਵਲ
ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਵੱਲੋਂ ਪੰਜਾਬ ਟੈਕਨੀਕਲ ਇੰਸਟੀਚਿਊਸ਼ਨ ਸਪੋਰਟਸ ਦੀ ਮੇਜ਼ਬਾਨੀ ਤਹਿਤ ਕਰਵਾਏ ਜਾ ਰਹੇ ਯੁਵਕ ਮੇਲੇ ਦੇ ਅੱਜ ਤੀਜੇ ਦਿਨ ਸੋਲੋ ਡਾਂਸ ਅਤੇ ਭੰਗੜੇ ਦੇ ਰੋਚਕ ਮੁਕਾਬਲੇ ਕਰਵਾਏ ਗਏ। ਇਸ ਯੁਵਕ ਮੇਲੇ ਵਿੱਚ ਸੂਬੇ ਭਰ ਤੋਂ 31 ਪੌਲੀਟੈਕਨਿਕ ਕਾਲਜਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਸਮਾਗਮ ਵਿੱਚ ਪੀਟੀਆਈਐਸ ਦੇ ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ ਦਰਸ਼ਨ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ, ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਦੇ ਰਜਿਸਟਰਾਰ ਸੰਜੀਵ ਗੋਇਲ ਅਤੇ ਆਪ ਪਾਰਟੀ ਦੇ ਸੀਨੀਅਰ ਆਗੂ ਕਰਨ ਭੱਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਮਨੋਜ ਕੁਮਾਰ ਜਾਂਬਲਾ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।
ਯੁਵਕ ਮੇਲੇ ਦੇ ਅੱਜ ਤੀਜੇ ਦਿਨ ਸੋਲੋ ਡਾਂਸ ਵਿੱਚ ਲੜਕੇ/ਲੜਕੀਆਂ ਨੇ ਖੂਬ ਰੰਗ ਬੰਨ੍ਹਿਆ। ਭੰਗੜੇ ਦੇ ਮੁਕਾਬਲੇ ਵਿੱਚ 13 ਕਾਲਜਾਂ ਦੀਆਂ ਟੀਮਾਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ।
ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਦਰਸ਼ਨ ਸਿੰਘ ਸਿੱਧੂ, ਵਿਸ਼ੇਸ਼ ਮਹਿਮਾਨ ਸ੍ਰੀ ਗੋਇਲ ਤੇ ਪ੍ਰਿੰਸੀਪਲ ਜਾਂਬਲਾ ਨੇ ਇਨਾਮਾਂ ਦੀ ਵੰਡ ਕੀਤੀ। ਅੱਜ ਯੁਵਕ ਮੇਲੇ ਵਿੱਚ ਸ਼ਿਰਕਤ ਕਰਨ ਵਾਲੇ ਨੌਜਵਾਨਾਂ ਦਾ ਹੌਸਲਾ ਵਧਾਉਣ ਲਈ ਫਿਲਮ ‘ਸਿਕਸ ਈਚ’ ਦੇ ਕਲਾਕਾਰ ਹਰਦੀਪ ਗਰੇਵਾਲ ਤੇ ਮੈਂਡੀ ਤੱਖਰ ਨੇ ਟੀਮ ਨਾਲ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਗਿੱਲ ਹਰਦੀਪ, ਪਲਵਿੰਦਰ ਧਾਮੀ, ਹਰਜੀਤ ਵਾਲੀਆ, ਸੂਫੀ ਗਾਇਕਾ ਰਜ਼ਾ ਹੀਰ ਨੇ ਵੀ ਚੰਗਾ ਮਨੋਰੰਜਨ ਕੀਤਾ।
ਅੱਜ ਹੋਏ ਸੋਲੋ ਡਾਂਸ ਲੜਕਿਆਂ ਦੇ ਮੁਕਾਬਲੇ ਦੇ ਮਿਲੇ ਨਤੀਜਿਆਂ ਅਨੁਸਾਰ ਸਰਕਾਰੀ ਬਹੁਤਕਨੀਕੀ ਕਾਲਜ ਰਾਣਵਾਂ ਨੇ ਪਹਿਲਾ, ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਅਤੇ ਪੀਆਈਟੀਟੀ ਅੰਮ੍ਰਿਤਸਰ ਨੇ ਸਾਂਝੇ ਤੌਰ ’ਤੇ ਦੂਜਾ ਜਦਕਿ ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ, ਸਾਈ ਪੌਲੀਟੈਕਨਿਕ ਬੱਧਨੀ ਅਤੇ ਜੀਐਨਡੀਪੀ ਲੁਧਿਆਣਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸੋਲੋ ਡਾਂਸ ਲੜਕੀਆਂ ਵਿੱਚੋਂ ਚੰਡੀਗੜ੍ਹ ਕਾਲਜ ਆਫ ਇੰਜਨੀਅਰਿੰਗ ਐਂਡ ਤਕਨਾਲੋਜੀ ਚੰਡੀਗੜ੍ਹ ਨੇ ਪਹਿਲਾ, ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਅਤੇ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਅੰਮ੍ਰਿਤਸਰ ਨੇ ਸਾਂਝੇ ਤੌਰ ’ਤੇ ਦੂਜਾ ਜਦਕਿ ਜੀਆਈਟੀਸੀਕੇਟੀ ਲੁਧਿਆਣਾ ਅਤੇ ਜੀਐਨਡੀਪੀ ਕਾਲਜ ਲੁਧਿਆਣਾ, ਪੀਆਈਟੀਟੀ ਅੰਮ੍ਰਿਤਸਰ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਬਠਿੰਡਾ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ।
ਯੁਵਕ ਮੇਲੇ ਦੇ ਤੀਜੇ ਦਿਨ ਲਖਬੀਰ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਦਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਨੇ ਬਾਖੂਬੀ ਸਟੇਜ ਸੰਚਾਲਨ ਕੀਤਾ। ਸਮਾਗਮ ਵਿੱਚ ਪੀਟੀਆਈਐਸ ਦੇ ਪ੍ਰਧਾਨ ਪਰਮਵੀਰ ਸਿੰਘ ਮੱਤੇਵਾਲ, ਵੱਖ ਵੱਖ ਪੌਲੀਟੈਕਨਿਕ ਕਾਲਜਾਂ ਦੇ ਪ੍ਰਿੰਸੀਪਲ, ਵਿਭਾਗੀ ਮੁਖੀ/ਅਫਸਰ ਇੰਚਾਰਜ ਜਸਪ੍ਰੀਤ ਕੌਰ, ਕੁਲਵਿੰਦਰ ਸਿੰਘ, ਰੁਪਿੰਦਰ ਕੌਰ, ਕੁਲਵਿੰਦਰ ਸਿੰਘ ਪਨੂੰ ਸਮੇਤ ਸਮੂਹ ਸਟਾਫ ਹਾਜ਼ਰ ਸੀ।