ਅੰਤਰਰਾਜੀ ਗਰੋਹ ਦੇ ਚਾਰ ਮੈਂਬਰ ਨਸ਼ੀਲੀਆਂ ਗੋਲੀਆਂ ਸਣੇ ਕਾਬੂ
ਪੱਤਰ ਪ੍ਰੇਰਕ
ਫਿਲੌਰ, 30 ਅਪਰੈਲ
ਸਥਾਨਕ ਪੁਲੀਸ ਨੇ ਇੱਕ ਅੰਤਰਰਾਜੀ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ। ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਵੱਲੋਂ ਅੰਤਰਰਾਜੀ ਨਸ਼ਾ ਤਸਕਰੀ ਗਰੋਹ ਦੇ ਮੈਂਬਰ ਗੌਰਵ ਖੋਸਲਾ ਉਰਫ ਗਿੰਨੀ ਵਾਸੀ ਸ਼ਰਾਫਾ ਬਾਜ਼ਾਰ ਅੱਪਰਾ ਅਤੇ ਪ੍ਰਭਜੋਤ ਸਿੰਘ ਉਰਫ ਲਾਡੀ ਵਾਸੀ ਲਾਧੜਾ ਨੂੰ 103 ਪੱਤੇ ਨਸ਼ੀਲੀਆਂ ਗੋਲੀਆ ਸਣੇ ਕਾਬੂ ਕੀਤਾ ਹੈ। ਡੀਐੱਸਪੀ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਇਨ੍ਹਾਂ ਮੁਲਜ਼ਮਾਂ ਨੇ ਦੱਸਿਆ ਕਿ ਇਨ੍ਹਾਂ ਨੇ ਇਹ ਗੋਲੀਆ ਸੁਮਿਤ ਉਰਫ ਮਨੂੰ ਵਾਸੀ ਸ਼ਾਹਧਾਰਨਪੁਰ ਜ਼ਿਲ੍ਹਾ ਸਹਾਰਨਪੁਰ ਤੋਂ ਸਸਤੇ ਭਾਅ ਲਿਆ ਕੇ ਸਪਲਾਈ ਦਿੰਦੇ ਸਨ।
ਪੁਲੀਸ ਨੇ ਸੁਮਿਤ ਉਰਫ ਮਨੂੰ ਅਤੇ ਸ਼ੋਇਬ ਵਾਸੀ ਹਾਸਿਮਪੁਰ ਜ਼ਿਲ੍ਹਾ ਸਹਾਰਨਪੁਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 120 ਪੱਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਡੀਐੱਸਪੀ ਨੇ ਦੱਸਿਆ ਕਿ ਸ਼ੋਇਬ ਆਪਣੇ ਵਾਕਿਫਕਾਰ ਬੱਸ ਕੰਡਕਟਰ ਰਵੀ ਕੁਮਾਰ ਰਾਹੀਂ ਨਸ਼ੇ ਦੀ ਸਪਲਾਈ ਫਿਲੌਰ ਭੇਜਦਾ ਸੀ, ਜਿੱਥੇ ਸੁਰਜੀਤ ਸਿੰਘ ਵਾਸੀ ਰਾਮਗੜ੍ਹ, ਫਿਲੌਰ ਤੋਂ ਨਸ਼ੇ ਦੀ ਸਪਲਾਈ ਲੈ ਲੈਂਦਾ ਸੀ ਅਤੇ ਅੱਗੇ ਗੌਰਵ ਖੋਸਲਾ ਅਤੇ ਪ੍ਰਭਜੋਤ ਉਰਫ ਲਾਡੀ ਨੂੰ ਦਿੰਦਾ ਸੀ। ਗੌਰਵ ਅਤੇ ਪ੍ਰਭਜੋਤ ਨਸ਼ਾ ਵੇਚਣ ਉਪਰੰਤ ਸੁਰਜੀਤ ਸਿੰਘ ਨੂੰ ਨਗਦ ਪੈਸੇ ਦਿੰਦੇ ਸਨ ਅਤੇ ਸੁਰਜੀਤ ਸਿੰਘ ਆਪਣਾ ਕਮਿਸ਼ਨ ਕੱਟ ਕੇ ਬਾਕੀ ਪੈਸੇ ਸੁਮਿਤ ਉਰਫ ਮਨੂੰ ਨੂੰ ਟਰਾਂਸਫਰ ਕਰ ਦਿੰਦੇ ਸਨ। ਪੁਲੀਸ ਮੁਤਾਬਕ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।