ਦਿਵਿਆਂਗਾਂ ਵੱਲੋਂ ਮਸਲਿਆਂ ਦੇ ਹੱਲ ਲਈ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਪੱਤਰ ਪ੍ਰੇਰਕ
ਮਾਨਸਾ, 21 ਮਾਰਚ
ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਪੰਜਾਬ ਸਰਕਾਰ ਤੋਂ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ ਉਨ੍ਹਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਬਜਟ ਸੈਸ਼ਨ ਦੌਰਾਨ ਉਨ੍ਹਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।
ਆਗੂ ਨੇ ਕਿਹਾ ਕਿ ਅੰਗਹੀਣ ਵਰਗ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਉਹ ਕਈ ਦਹਾਕਿਆਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਅਤੇ ਇਸ ਦੇ ਬਾਵਜੂਦ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣ ਮਨੋਰਥ ਪੱਤਰ ਰਾਹੀਂ ਅੰਗਹੀਣਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਗਰੰਟੀ ਦਿੱਤੀ ਸੀ, ਜੋ ਅਜੇ ਤੱਕ ਪੂਰੀ ਨਹੀਂ ਕੀਤੀ ਗਈ। ਉਨ੍ਹਾਂ ਇਸ ਬਜਟ ’ਚ ਪੈਨਸ਼ਨ ਰਾਸ਼ੀ ਵਧਾ ਕੇ 5000 ਰੁਪਏ ਕਰਨ ਦੀ ਮੰਗ ਕੀਤੀ ਕਰਨ ਤੋਂ ਇਲਾਵਾ ਅੰਗਹੀਣਾਂ ਦੀਆਂ ਉਨ੍ਹਾਂ ਅਸਾਮੀਆਂ ਜੋ ਇੱਕ ਕੈਟੇਗਰੀ ਦੇ ਉਮੀਦਵਾਰ ਨਾ ਮਿਲਣ ਕਾਰਨ ਖਾਲੀ ਪਈਆਂ ਹਨ, ਉਨ੍ਹਾਂ ਨੂੰ ਪੀਡਬਲਯੂਡੀ ਐਕਟ 2016 ਦੀ ਧਾਰਾ 34 (2) ਅਨੁਸਾਰ ਦੂਜੀ ਕੈਟੇਗਰੀ ਵਿੱਚ ਐਕਸਚੇਂਜ ਕਰ ਕੇ ਤੁਰੰਤ ਭਰਨ ਦੀ ਮੰਗ ਕੀਤੀ।