ਅਲੀਗੜ੍ਹ ’ਚ ਤਿੰਨ ਵਿਅਕਤੀਆਂ ਨੂੰ ਕਰੋੜਾਂ ਦੇ ਆਮਦਨ ਕਰ ਨੋਟਿਸ
ਅਲੀਗੜ੍ਹ, 2 ਅਪਰੈਲ
ਆਮਦਨ ਕਰ ਵਿਭਾਗ ਵੱਲੋਂ ਮਾਰਚ ਮਹੀਨੇ ਅਜਿਹੇ ਤਿੰਨ ਵਿਅਕਤੀਆਂ ਨੂੰ ਨੋਟਿਸ ਭੇਜੇ ਗਏ ਹਨ, ਜਿਨ੍ਹਾਂ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਹੁੰਦਾ ਹੈ। ਇਸ ਤਹਿਤ 15,000 ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲੇ ਇੱਕ ਵਿਅਕਤੀ ਨੂੰ 33.88 ਕਰੋੜ ਰੁਪਏ ਦਾ ਨੋਟਿਸ, 8,500 ਰੁਪਏ ਕਮਾਉਣ ਵਾਲੇ ਇੱਕ ਹੋਰ ਵਿਅਕਤੀ ਨੂੰ 3.87 ਕਰੋੜ ਰੁਪਏ ਦਾ ਨੋਟਿਸ ਅਤੇ ਤੀਜੇ ਵਿਅਕਤੀ ਨੂੰ 7.79 ਕਰੋੜ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ। ਇਹ ਕਾਰਵਾਈ ਪਛਾਣ ਪ੍ਰਣਾਲੀ ਦੀ ਦੁਰਵਰਤੋਂ ਵੱਲ ਇਸ਼ਾਰਾ ਕਰਦੀ ਹੈ। ਜੇ ਇਨ੍ਹਾਂ ਦੀ ਆਮਦਨ ’ਤੇ ਨਜ਼ਰ ਮਾਰੀ ਜਾਵੇ ਤਾਂ ਇਹ ਆਮਦਨ ਕਰ ਦੇਣ ਦੇ ਯੋਗ ਵੀ ਨਹੀਂ ਹਨ। ਜਾਣਕਾਰੀ ਅਨੁਸਾਰ ਕੁਝ ਵਪਾਰਕ ਸੰਸਥਾਵਾਂ ਨੇ ਇਨ੍ਹਾਂ ਵਿਅਕਤੀਆਂ ਦੇ ਆਧਾਰ ਅਤੇ ਪੈਨ ਕਾਰਡ ਆਦਿ ਦੀ ਵਰਤੋਂ ਕਰਕੇ ਲੈਣ-ਦੇਣ ਕੀਤਾ।
ਕਰਨ ਕੁਮਾਰ (34) ਨੂੰ 33.88 ਕਰੋੜ ਰੁਪਏ ਦਾ ਆਮਦਨ ਕਰ ਨੋਟਿਸ ਮਿਲਿਆ ਹੈ। ਵਕੀਲਾਂ ਨੇ ਕਰਨ ਬਾਰੇ ਦੱਸਿਆ ਕਿ ਮਹਾਵੀਰ ਐਂਟਰਪ੍ਰਾਈਜ਼ਿਜ਼ ਨਾਮ ਦੀ ਇੱਕ ਕੰਪਨੀ ਉਸ ਦੇ ਨਾਮ ’ਤੇ ਜਾਅਲੀ ਪੈਨ ਅਤੇ ਆਧਾਰ ਕਾਰਡਾਂ ਦੀ ਵਰਤੋਂ ਕਰਕੇ ਵੱਡੇ ਪੱਧਰ ’ਤੇ ਲੈਣ-ਦੇਣ ਕਰ ਰਹੀ ਹੈ। ਕਰਨ ਸਟੇਟ ਬੈਂਕ ਆਫ ਇੰਡੀਆ ਦੀ ਖੈਰ ਸ਼ਾਖਾ ਵਿੱਚ 15,000 ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਕੰਮ ਕਰਦਾ ਹੈ। ਇਸੇ ਤਰ੍ਹਾਂ 28 ਮਾਰਚ ਨੂੰ ਸੰਗੋਰ ਪਿੰਡ ਦੇ ਰਹਿਣ ਵਾਲੇ ਮੋਹਿਤ ਕੁਮਾਰ ਨੂੰ 3.87 ਕਰੋੜ ਰੁਪਏ ਅਤੇ 22 ਮਾਰਚ ਨੂੰ ਰਈਸ ਅਹਿਮਦ ਨੂੰ 7.79 ਕਰੋੜ ਰੁਪਏ ਦੇ ਨੋਟਿਸ ਮਿਲੇ। ਮੋਹਿਤ ਟਰਾਂਸਪੋਰਟ ਕੰਪਨੀ ਵਿੱਚ 8,500 ਰੁਪਏ ਪ੍ਰਤੀ ਮਹੀਨੇ ’ਤੇ ਕੰਮ ਕਰਦਾ ਹੈ, ਜਦਕਿ ਰਈਸ ਜੂਸ ਦੀ ਰੇਹੜੀ ਲਾ ਕੇ ਦਿਹਾੜੀ ਦੇ 500-600 ਰੁਪਏ ਕਮਾਉਂਦਾ ਹੈ। ਸਥਾਨਕ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਨੋਟਿਸ ਦਿੱਲੀ ਤੋਂ ਭੇਜੇ ਗਏ ਹਨ ਅਤੇ ਇੱਥੇ ਕੁਝ ਨਹੀਂ ਕੀਤਾ ਜਾ ਸਕਦਾ। -ਪੀਟੀਆਈ