ਅਮਰੀਕੀ ਅਦਾਲਤ ਨੇ ਪੰਨੂ ਵੱਲੋਂ ਡੋਵਾਲ ਨੂੰ ਸੰਮਨ ਦੇਣ ਦਾ ਦਾਅਵਾ ਕੀਤਾ ਖਾਰਜ
ਨਿਊਯਾਰਕ, 1 ਅਪਰੈਲ
ਇੱਕ ਅਮਰੀਕੀ ਅਦਾਲਤ ਨੇ ਕਿਹਾ ਹੈ ਕਿ ਫਰਵਰੀ ’ਚ ਵਾਸ਼ਿੰਗਟਨ ਯਾਤਰਾ ਦੌਰਾਨ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਸੰਮਨ ਨਹੀਂ ਦਿੱਤਾ। ਅਦਾਲਤ ਨੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦਾ ਇਹ ਦਾਅਵਾ ਖਾਰਜ ਕਰ ਦਿੱਤਾ ਕਿ ਸਿਖਰਲੇ ਭਾਰਤੀ ਅਧਿਕਾਰੀ ਨੂੰ ਸੰਮਨ ਸਮੇਤ ਅਦਾਲਤੀ ਦਸਤਾਵੇਜ਼ ਸੌਂਪੇ ਗਏ ਸਨ।

ਅਮਰੀਕਾ ਦੀ ਜ਼ਿਲ੍ਹਾ ਜੱਜ ਕੈਥਰੀਨ ਪੋਲਕ ਫਾਇਲਾ ਨੇ ਆਪਣੇ ਹੁਕਮਾਂ ’ਚ ਕਿਹਾ, ‘ਅਦਾਲਤ ਨੇ ਇਸ ਪੱਤਰ ਤੇ ਨਾਲ ਨੱਥੀ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ ਹੈ ਅਤੇ ਪਤਾ ਲੱਗਾ ਹੈ ਕਿ ਕਿਸੇ ਨੂੰ ਵੀ ਡੋਵਾਲ ਨਾਲ ਸਬੰਧਤ ਦਸਤਾਵੇਜ਼ ਨਹੀਂ ਦਿੱਤੇ ਗਏ।’ ਅਦਾਲਤੀ ਹੁਕਮਾਂ ਅਨੁਸਾਰ ਸ਼ਿਕਾਇਤ ਹੋਟਲ ਮੈਨੇਜਮੈਂਟ ਦੇ ਕਿਸੇ ਮੈਂਬਰ ਜਾਂ ਸਟਾਫ ਜਾਂ ਪ੍ਰਤੀਵਾਦੀ ਲਈ ਸੁਰੱਖਿਆ ਮੁਹੱਈਆ ਕਰਨ ਵਾਲੇ ਕਿਸੇ ਅਧਿਕਾਰੀ ਜਾਂ ਏਜੰਟ ਨੂੰ ਨਹੀਂ ਸੌਂਪੀ ਗਈ ਸੀ। ਪੰਨੂ ਨੇ ਡੋਵਾਲ ਤੇ ਇੱਕ ਹੋਰ ਭਾਰਤੀ ਨਾਗਰਿਕ ਨਿਖਿਲ ਗੁਪਤਾ ਖ਼ਿਲਾਫ਼ ਕੇਸ ਦਾਇਰ ਕੀਤਾ ਹੈ। ਸੰਘੀ ਵਕੀਲਾਂ ਨੇ ਗੁਪਤਾ ’ਤੇ ਅਮਰੀਕੀ ਧਰਤੀ ’ਤੇ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ’ਚ ਇੱਕ ਭਾਰਤੀ ਸਰਕਾਰੀ ਕਰਮਚਾਰੀ ਨਾਲ ਮਿਲ ਕੇ ਕੰਮ ਕਰਨ ਦਾ ਦੋਸ਼ ਲਾਇਆ ਹੈ। ਪੰਨੂ ਨੇ ਅਦਾਲਤ ’ਚ ਪੇਸ਼ ਕੀਤੇ ਦਸਤਾਵੇਜ਼ਾਂ ’ਚ ਦਾਅਵਾ ਕੀਤਾ ਕਿ ਜਦੋਂ ਡੋਵਾਲ 12-13 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਾਸ਼ਿੰਗਟਨ ’ਚ ਸਨ ਤਾਂ ਉਨ੍ਹਾਂ ਦੋ ਵਿਅਕਤੀਆਂ ਨੂੰ ਡੋਵਾਲ ਨੂੰ ਸ਼ਿਕਾਇਤ ਦੇਣ ਲਈ ਭੇਜਿਆ ਸੀ। ਅਜਿਹੀ ਪਹਿਲੀ ਕੋਸ਼ਿਸ਼ 12 ਫਰਵਰੀ ਤੇ ਦੂਜੀ ਕੋਸ਼ਿਸ਼ 13 ਫਰਵਰੀ ਨੂੰ ਕੀਤੀ ਗਈ ਸੀ ਜਦੋਂ ਡੋਵਾਲ ਰਾਸ਼ਟਰਪਤੀ ਟਰੰਪ ਦੇ ਗੈਸਟ ਹਾਊਸ ਬਲੇਅਰ ਹਾਊਸ ’ਚ ਠਹਿਰੇ ਹੋਏ ਸਨ। -ਪੀਟੀਆਈ