ਅਮਰੀਕਾ: ਘਰ ਵਿੱਚ ਗੋਲੀਬਾਰੀ ਕਾਰਨ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਦੀ ਮੌਤ
ਨਿਊਯਾਰਕ, 30 ਅਪਰੈਲ
ਅਮਰੀਕਾ ਦੇ ਵਾਸ਼ਿੰਗਟਨ ਸੂਬੇ ’ਚ ਇੱਕ ਘਰ ਵਿੱਚ ਗੋਲੀਬਾਰੀ ਦੀ ਘਟਨਾ ’ਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਹ ਘਟਨਾ 24 ਅਪਰੈਲ ਨੂੰ ਨਿਊਕੈਸਲ ਸਿਟੀ ’ਚ ਵਾਪਰੀ।
ਅਖ਼ਬਾਰ ‘ਦਿ ਸਿਆਟਲ ਟਾਈਮਜ਼’ ਦੀ ਖ਼ਬਰ ਮੁਤਾਬਕ ਮ੍ਰਿਤਕਾਂ ਦੀ ਪਛਾਣ ਹਰਸ਼ਵਰਧਨ ਕਿਕੇਰੀ (44), ਸ਼ਵੇਤਾ ਪਨਿਆਮ (41) ਅਤੇ ਧਰੁਵ ਕਿਕੇਰੀ (14) ਵਜੋਂ ਹੋਈ ਹੈ। ਖ਼ਬਰ ’ਚ ਕਿੰਗ ਕਾਊਂਟੀ ਮੈਡੀਕਲ ਨਿਰੀਖਕ ਦਫ਼ਤਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਪੁਲੀਸ ਨੇ ਸ਼ਵੇਤਾ ਤੇ ਧਰੁਵ ਦੀ ਮੌਤ ਨੂੰ ਹੱਤਿਆ ਮੰਨਿਆ ਹੈ ਜਦਕਿ ਹਰਸ਼ਵਰਧਨ ਦੀ ਮੌਤ ਨੂੰ ਖ਼ੁਦਕੁਸ਼ੀ ਦੱਸਿਆ ਹੈ।
ਗੁਆਂਢੀਆਂ ਨੇ ‘ਕੋਮੋ ਨਿਊਜ਼’ ਨੂੰ ਦੱਸਿਆ ਕਿ ਜਿਸ ਘਰ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ, ਉੱਥੇ ਪਰਿਵਾਰ ਰਹਿੰਦਾ ਸੀ। ਗੋਲੀਬਾਰੀ ਦੀ ਰਾਤ ਨੂੰ 911 ਨੰਬਰ ’ਤੇ ਕਾਲ ਆਉਣ ਮਗਰੋਂ ਅਧਿਕਾਰੀਆਂ ਨੂੰ 129ਵੀਂ ਸਟਰੀਟ ’ਤੇ ਸਥਿਤ ਟਾਊਨਹਾਊਸ ’ਚ ਬੁਲਾਇਆ ਗਿਆ। ‘ਕਿੰਗ 5 ਟੈਲੀਵਿਜ਼ਨ’ ਸਟੇਸ਼ਨ ਨੇ ਕਿਹਾ ਕਿ ਉਸ ਦੇ ਅਮਲੇ ਨੇ ਇੱਕ ਬੱਚੇ ਨੂੰ ਘਰ ਵਿੱਚੋਂ ਨਿਕਲਦੇ ਦੇਖਿਆ ਤੇ ਜਾਂਚਕਰਤਾਵਾਂ ਨੇ ਉਸ ਨੂੰ ਹੌਸਲਾ ਦਿੱਤਾ।
ਅਪੁਸ਼ਟ ਰਿਪੋਰਟਾਂ ਮੁੁਤਾਬਕ ਹਰਸ਼ਵਰਧਨ ਤੇ ਸ਼ਵੇਤਾ ਮਸਨੂਈ ਬੌਧਿਕਤਾ (ਏਆਈ) ਤਕਨੀਕ ਖੇਤਰ ਨਾਲ ਸਬੰਧਤ ਕੰਪਨੀ ਹੋਲੋਵਰਲਡ ਦੇ ਮਾਲਕ ਸਨ। ਕੰਪਨੀ ਦੀ ਵੈੱਬਸਾਈਟ ਮੁਤਾਬਕ ਇਸ ਦੀ ਸਥਾਪਨਾ ਦੋਵਾਂ ਨੇ ਮਿਲ ਕੇ ਕੀਤੀ ਸੀ। ਇਸ ਵਿੱਚ ਹਰਸ਼ਵਰਧਨ ਸੀਈਓ ਅਤੇ ਸੀਟੀਓ ਵਜੋਂ ਕੰਮ ਕਰ ਰਿਹਾ ਸੀ, ਜਦੋਂ ਕਿ ਸ਼ਵੇਤਾ ਕੰਪਨੀ ਦੀ ਪ੍ਰਧਾਨ ਸੀ। ਕਿੰਗ ਕਾਊਂਟੀ ਸ਼ੈਰਿਫ ਦੀ ਤਰਜਮਾਨ ਬਰੈਂਡਿਨ ਹਲ ਨੇ ਕਿਹਾ ਕਿ ਉਹ ਕਤਲ ਜਾਂ ਖੁ਼ਦਕੁਸ਼ੀ ਮੰਨੇ ਜਾ ਰਹੇ ਇਸ ਮਾਮਲੇ ਬਾਰੇ ਟਿੱਪਣੀ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਮਾਮਲੇ ਬਾਰੇ ਖੁਲਾਸਾ ਕੀਤਾ ਜਾਵੇਗਾ। -ਪੀਟੀਆਈ