ਅਧਿਆਪਕ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 5 ਮਈ
ਇੱਥੇ 3704 ਅਧਿਆਪਕ ਯੂਨੀਅਨ ਪੰਜਾਬ ਨੇ ਅੱਜ ਆਪਣੀਆਂ ਮੰਗਾਂ ਮੰਨਵਾਉਣ ਲਈ ਰੋਸ ਮੁਜ਼ਾਹਰਾ ਕੀਤਾ ਅਤੇ ਸੂਬਾ ਸਰਕਾਰ ’ਤੇ ਜਥੇਬੰਦੀ ਦੀਆਂ ਮੰਗਾਂ ਨਾ ਮੰਨਣ ਦਾ ਦੋਸ਼ ਲਾਇਆ। ਇਸ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਇਸ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 4 ਸਾਲਾਂ ਤੋਂ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ-ਦੁਰਾਡੇ ਨੌਕਰੀ ਕਰ ਰਹੇ ਅਧਿਆਪਕਾਂ ਦੀਆਂ ਬਦਲੀਆਂ ਵੀ ਉਨ੍ਹਾਂ ਦੇ ਘਰਾਂ ਨੇੜੇ ਕੀਤੀਆਂ ਜਾਣ ਤਾਂ ਜੋ ਉਹ ਵੀ ਆਪਣੇ ਬੱਚਿਆਂ ’ਚ ਰਹਿਕੇ ਉਨਾਂ ਦੀ ਸਾਰ ਲੈ ਸਕਣ।
ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਇਕ ਜ਼ਿਲ੍ਹੇ ’ਚ ਸਾਰੇ ਵਿਸ਼ਿਆਂ ਦੀਆਂ ਅਣਗਿਣਤ ਅਸਾਮੀਆਂ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਜਲਦ ਪੂਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਤੋਂ ਬਦਲੀਆਂ ਦਾ ਆਨਲਾਇਨ ਪੋਰਟਲ ਜਲਦ ਖੋਲ੍ਹਣ ਦੀ ਵੀ ਮੰਗ ਰੱਖੀ।
ਇਸ ਮੌਕੇ ਯਾਦਵਿੰਦਰ ਸਿੰਘ, ਜਗਜੀਵਨਜੋਤ ਸਿੰਘ, ਦਵਿੰਦਰ ਕੁਮਾਰ, ਰਾਜੇਸ਼ਵਰ ਰਾਏ, ਬਲਵੰਤ ਸਿੰਘ, ਸੰਦੀਪ ਗਰਗ, ਹਰਮੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।