ਫ਼ਰਦ ਕੇਂਦਰਾਂ ਦਾ ਕੰਮ-ਕਾਰ ਬੰਦ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 4 ਜੂਨ
ਫਰਦ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਕੀਤੀ ਗਈ ਹੜਤਾਲ ਦੌਰਾਨ ਅੱਜ ਦੂਜੇ ਦਿਨ ਵੀ ਮਾਲੇਰਕੋਟਲਾ ਦੇ ਫ਼ਰਦ ਕੇਂਦਰ ਅਤੇ ਡਾਟਾ ਐਂਟਰੀ ਦਾ ਸਮੁੱਚਾ ਕੰਮ ਬੰਦ ਰਿਹਾ, ਜਿਸ ਕਾਰਨ ਫ਼ਰਦ ਲੈਣ ਦੀ ਉਡੀਕ ਵਿੱਚ ਬੈਠੇ ਲੋਕਾਂ ਨੂੰ ਨਿਰਾਸ਼ ਹੋ ਕੇ ਘਰ ਵਾਪਸ ਪਰਤਣਾ ਪਿਆ। ਮੁਲਾਜ਼ਮਾਂ ਨੇ ਡਿਪਟੀ ਕਮਿਸ਼ਨਰ ਵਿਰਾਜ ਐੱਸ. ਤਿੜਕੇ ਨੂੰ ਮੰਗ ਪੱਤਰ ਸੌਂਪਿਆ ਗਿਆ। ਫ਼ਰਦ ਕੇਂਦਰ ਵਿੱਚ ਕੰਮ ਕਰਦੇ ਮੁਲਾਜ਼ਮਾਂ ਅਤਿੰਦਰਪਾਲ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਸਿੰਘ, ਰਣਵੀਰ ਸਿੰਘ , ਗੁਰਕੀਰਤ ਸਿੰਘ ਅਤੇ ਇੰਦਰਦੀਪ ਸਿੰਘ ਨੇ ਦੱਸਿਆ ਕਿ ਫ਼ਰਦ ਕੇਂਦਰ ਦੇ ਮੁਲਾਜ਼ਮ ਪਿਛਲੇ ਕਈ ਮਹੀਨਿਆਂ ਦੀ ਤਨਖ਼ਾਹ ਤੋਂ ਵਾਂਝੇ ਹਨ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਗੰਭੀਰ ਆਰਥਿਕ ਤੰਗੀ ਵਿੱਚ ਲੰਘ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 18 ਸਾਲਾਂ ਤੋਂ ਇਮਾਨਦਾਰੀ ਨਾਲ ਕੰਮ ਕਰਦੇ ਆ ਰਹੇ ਹਨ ਅਤੇ ਫ਼ਰਦ ਕੇਂਦਰ ਦੇ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਅਣਥੱਕ ਮਿਹਨਤ ਕੀਤੀ ਹੈ, ਦੂਰੋਂ-ਦੂਰੋਂ ਪਿੰਡਾਂ ਤੋਂ ਆ ਕੇ ਬਹੁਤ ਘੱਟ ਤਨਖ਼ਾਹ ’ਤੇ ਦਿਨ-ਰਾਤ ਇੱਕ ਕਰ ਕੇ ਪੰਜਾਬ ਦੇ ਜ਼ਮੀਨੀ ਰਿਕਾਰਡ ਨੂੰ ਆਨਲਾਈਨ ਕੀਤਾ ਗਿਆ ਹੈ ਅਤੇ ਫ਼ਰਦ ਕੇਂਦਰਾਂ ਦਾ ਸਮੁੱਚਾ ਸਟਾਫ਼ ਸਾਲ 2007 ਤੋਂ ਇਸ ਪ੍ਰਾਜੈਕਟ ਨਾਲ ਜੁੜਿਆ ਹੋਇਆ ਹੈ। ਫ਼ਰਦ ਕੇਂਦਰਾਂ ਦੇ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਸਰਕਾਰ ਫ਼ਰਦ ਕੇਂਦਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰ ਕੇ ਉਨ੍ਹਾਂ ਨੂੰ ਬਣਦੀ ਤਨਖ਼ਾਹ ਜਾਰੀ ਕਰੇ ਤੇ ਪੱਕਾ ਕਰਨ ਦੀ ਨੀਤੀ ਨੂੰ ਲਾਗੂ ਕੀਤਾ ਜਾਵੇ।
ਗਰਮੀ ’ਚ ਖੱਜਲ-ਖੁਆਰ ਹੁੰਦੇ ਰਹੇ ਲੋਕ
ਧੂਰੀ (ਬੀਰਬਲ ਰਿਸ਼ੀ): ਫਰਦ ਕੇਂਦਰ ਧੂਰੀ ਇੱਕ ਕੰਪਨੀ ਅਧੀਨ ਕੰਮ ਕਰਦੇ ਕੰਪਿਊਟਰ ਅਪਰੇਟਰਾਂ ਨੇ ਦੋ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਅੱਜ ਲਗਾਤਾਰ ਦੂਜੇ ਦਿਨ ਵੀ ਆਪਣੀ ਹੜਤਾਲ ਜਾਰੀ ਰੱਖੀ। ਹੜਤਾਲ ਕਾਰਨ ਅਤਿ ਦੀ ਗਰਮੀ ਵਿੱਚ ਆਪਣੇ ਕੰਮ ਕਰਵਾਉਣ ਆਏ ਲੋਕ ਦੋ ਦਿਨਾਂ ਤੋਂ ਲਗਾਤਾਰ ਖੱਜਲ-ਖੁਆਰ ਹੁੰਦੇ ਰਹੇ। ਇਸ ਮੌਕੇ ਫਰਦ ਕੇਂਦਰ ਦੇ ਕੰਪਿਊਟਰ ਅਪਰੇਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਉਨ੍ਹਾਂ ਦੇ ਘਰਾਂ ’ਚ ਰੋਜ਼ਮਰ੍ਹਾ ਦੀਆਂ ਲੋੜਾਂ ਪੂਰੀਆਂ ਕਰਨ ’ਚ ਆ ਰਹੀਆਂ ਸਮੱਸਿਆਵਾਂ ਕਾਰਨ ਉਹ ਮਜਬੂਰੀਵੱਸ ਹੜਤਾਲ ’ਤੇ ਹਨ। ਫਰਦ ਕੇਂਦਰ ਦੇ ਏਐੱਸਐੱਮ ਰਮਨ ਕੋਹਲੀ ਨੇ ਦੱਸਿਆ ਕਿ ਉਹ ਆਪਣੇ ਪੱਧਰ ’ਤੇ ਹੋਣ ਵਾਲੇ ਕੰਮ ਕਰ ਰਹੇ ਹਨ ਪਰ ਹੜਤਾਲ ’ਤੇ ਚੱਲ ਰਹੇ ਕੰਪਿਊਟਰ ਅਪਰੇਟਰਾਂ ਦੀ ਹੜਤਾਲ ਕਾਰਨ ਫਰਦਾਂ ਤੇ ਹੋਰ ਪਟਵਾਰੀਆਂ ਦੇ ਰਿਕਾਰਡ ਅਪਗਰੇਡੇਸ਼ਨ ਦਾ ਕੰਮ ਜ਼ਰੂਰ ਪ੍ਰਭਾਵਿਤ ਹੋ ਰਿਹਾ ਹੈ। ਸਬੰਧਤ ਕੰਪਨੀ ਦੇ ਜ਼ਿਲ੍ਹਾ ਮੈਨੇਜਰ ਅਜੀਤਪਾਲ ਨੇ ਦੱਸਿਆ ਕਿ ਕੰਪਨੀ ਨੇ ਸਰਕਾਰ ਪੱਧਰ ’ਤੇ 7 ਮਹੀਨਿਆਂ ਤੋਂ ਚੱਲ ਰਹੀ ਸਮੱਸਿਆ ਦੇ ਬਾਵਜੂਦ ਆਪਣੇ ਪੱਧਰ ’ਤੇ ਪਿਛਲੇ ਪੰਜ ਮਹੀਨੇ ਤਨਖਾਹਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਹੁਣ ਦੋ ਮਹੀਨਿਆਂ ਦੀ ਰੁਕੀਆਂ ਤਨਖਾਹਾਂ ਸਬੰਧੀ ਕੰਪਨੀ ਨੇ ਅਪਰੇਟਰਾਂ ਨੂੰ 10 ਜੂਨ ਤੱਕ ਇੱਕ ਮਹੀਨੇ ਅਤੇ ਫਿਰ 20 ਜੂਨ ਤੱਕ ਦੂਜੇ ਮਹੀਨੇ ਦੀ ਤਨਖਾਹ ਪਾਉਣ ਦੀ ਪੇਸ਼ਕਸ਼ ਕੀਤੀ ਹੈ।Advertisement