ਜ਼ੋਮੈਟੋ ਤੇ ਸਵਿਗੀ ਨੇ ਮੁਕਾਬਲਾ ਨੇਮਾਂ ਦੀ ਉਲੰਘਣਾ ਕੀਤੀ: ਸੀਸੀਆਈ
ਨਵੀਂ ਦਿੱਲੀ, 9 ਨਵੰਬਰ
ਭਾਰਤੀ ਕੰਪੀਟੀਸ਼ਨ ਕਮਿਸ਼ਨ (ਸੀਸੀਆਈ) ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਫੂਡ ਡਲਿਵਰੀ ਪਲੈਟਫਾਰਮ ਜ਼ੋਮੈਟੋ ਤੇ ਸਵਿਗੀ ਆਪਣੇ ਆਡਰਾਂ ਨੂੰ ਪੂਰਾ ਕਰਨ ਲਈ ਕਥਿਤ ਕੁਝ ਰੈਸਟੋਰੈਂਟ ਭਾਈਵਾਲਾਂ ਨੂੰ ਵਧੇਰੇ ਤਰਜੀਹ ਦਿੱਤੇ ਜਾਣ ਕਰਕੇ ਪੱਖਪਾਤੀ ਕਾਰੋਬਾਰੀ ਵਿਹਾਰ ਦੇ ਦੋਸ਼ੀ ਪਾਏ ਗਏ ਹਨ। ਸੀਸੀਆਈ ਨੇ ਅਪਰੈਲ 2022 ਵਿਚ ਇਸ ਮਾਮਲੇ ਦੀ ਤਫ਼ਸੀਲੀ ਜਾਂਚ ਦੇ ਹੁਕਮ ਦਿੱਤੇ ਸਨ। ਨੇਮਾਂ ਤਹਿਤ ਸੀਸੀਆਈ ਦੇ ਡਾਇਰੈਕਟਰ ਜਨਰਲ ਦੀ ਰਿਪੋਰਟ ਸਬੰਧਤ ਪਾਰਟੀਆਂ ਨਾਲ ਸਾਂਝੀ ਕੀਤੀ ਜਾਂਦੀ ਹੈ ਤੇ ਮਗਰੋਂ ਨਿਗਰਾਨ (ਸੀਸੀਆਈ) ਵੱਲੋਂ ਦੋਵਾਂ ਪਾਰਟੀਆਂ ਨੂੰ ਸੱਦ ਕੇ ਉਨ੍ਹਾਂ ਦਾ ਪੱਖ ਸੁਣਿਆ ਜਾਂਦਾ ਹੈ। ਦੋਵਾਂ ਧਿਰਾਂ ਦਾ ਪੱਖ ਸੁਣਨ ਤੇ ਹੋਰ ਲੋੜੀਂਦੀ ਜਾਣਕਾਰੀ ਇਕੱਤਰ ਕੀਤੇ ਜਾਣ ਮਗਰੋਂ ਰੈਗੂਲੇਟਰ ਵੱਲੋਂ ਅੰਤਿਮ ਹੁਕਮ ਪਾਸ ਕੀਤਾ ਜਾਂਦਾ ਹੈ। ਜ਼ੋਮੈਟੋ ਤੇ ਸਵਿਗੀ ਖਿਲਾਫ਼ ਜਾਂਚ ਦਾ ਫੈਸਲਾ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ਼ ਇੰਡੀਆ ਦੀ ਸ਼ਿਕਾਇਤ ਉੱਤੇ ਕੀਤਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਵੇਂ ਐਂਟਿਟੀਜ਼ ਮੁਕਾਬਲੇ ਦੀ ਭਾਵਨਾ ਦੇ ਉਲਟ ਸਰਗਰਮੀਆਂ ’ਚ ਸ਼ਾਮਲ ਸਨ। ਸਵਿਗੀ ਨੇ ਜਿੱਥੇ ਕੋਈ ਜਵਾਬ ਨਹੀਂ ਦਿੱਤਾ, ਉਥੇ ਜ਼ੋਮੈਟੋ ਨੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। -ਪੀਟੀਆਈ