ਮਨੀਪੁਰ: ਇੰਫਾਲ ਘਾਟੀ ਦੇ ਪੰਜ ਜ਼ਿਲ੍ਹਿਆਂ ’ਚ ਕਰਫ਼ਿਊ ’ਚ ਢਿੱਲ
ਇੰਫਾਲ, 20 ਨਵੰਬਰ
ਮਨੀਪੁਰ ’ਚ ਜਾਤੀਗਤ ਹਿੰਸਾ ਕਾਰਨ ਫੈਲੇ ਤਣਾਅ ਦਰਮਿਆਨ ਇੰਫਾਲ ਘਾਟੀ ਦੇ ਪੰਜ ਜ਼ਿਲ੍ਹਿਆਂ ’ਚ ਪ੍ਰਸ਼ਾਸਨ ਨੇ ਕਰਫ਼ਿਊ ’ਚ ਸੱਤ ਘੰਟਿਆਂ ਦੀ ਢਿੱਲ ਦੇਣ ਦਾ ਫ਼ੈਸਲਾ ਲਿਆ ਹੈ। ਇੰਫਾਲ ਪੱਛਮੀ ਤੇ ਪੂਰਬੀ, ਥੌਬਲ, ਬਿਸ਼ਨੂਪੁਰ ਅਤੇ ਕਾਕਚਿੰਗ ਜ਼ਿਲ੍ਹਿਆਂ ਦੇ ਪ੍ਰਸ਼ਾਸਨਾਂ ਨੇ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਖ਼ਰੀਦਦਾਰੀ ਲਈ ਸਵੇਰੇ 5 ਵਜੇ ਤੋਂ ਕਰਫ਼ਿਊ ’ਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਮਨੀਪੁਰ ਸਰਕਾਰ ਨੇ ਸੱਤ ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ’ਤੇ ਲੱਗੀ ਰੋਕ ਅੱਜ ਤੋਂ ਤਿੰਨ ਹੋਰ ਦਿਨਾਂ ਲਈ ਵਧਾ ਦਿੱਤੀ ਹੈ। ਇੰਫਾਲ ਪੂਰਬੀ ਅਤੇ ਪੱਛਮੀ ਦੇ ਹਿੱਸਿਆਂ ’ਚ ਤਣਾਅ ਦਾ ਮਾਹੌਲ ਕਾਇਮ ਹੈ। ਲੋਕ ਜਿਰੀਬਾਮ ’ਚ ਸ਼ੱਕੀ ਕੁਕੀ ਦਹਿਸ਼ਤਗਰਦਾਂ ਵੱਲੋਂ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਦੀਆਂ ਹੱਤਿਆਵਾਂ ਖ਼ਿਲਾਫ਼ ਫੌਰੀ ਕਾਰਵਾਈ ਦੀ ਮੰਗ ਕਰ ਰਹੇ ਹਨ। ਉਧਰ ਇੰਫਾਲ ਘਾਟੀ ਦੇ ਲੋਕਾਂ ਦੀ ਨੁਮਾਇੰਦਗੀ ਕਰਦੀ ਮਨੀਪੁਰ ਦੀ ਅਖੰਡਤਾ ਬਾਰੇ ਤਾਲਮੇਲ ਕਮੇਟੀ ਨੇ ਸੂਬੇ ਦੇ ਐੱਨਡੀਏ ਵਿਧਾਇਕਾਂ ਵੱਲੋਂ ਕੁਕੀ ਦਹਿਸ਼ਤਗਰਦਾਂ ਖ਼ਿਲਾਫ਼ ਵੱਡੀ ਕਾਰਵਾਈ ਸਬੰਧੀ ਪਾਸ ਕੀਤੇ ਗਏ ਮਤੇ ਮਗਰੋਂ ਆਪਣੇ ਪ੍ਰਦਰਸ਼ਨ ਇਕ ਹਫ਼ਤੇ ਲਈ ਮੁਅੱਤਲ ਕਰ ਦਿੱਤੇ ਹਨ। ਜਥੇਬੰਦੀ ਦੇ ਆਗੂ ਸੋਮੋਰੇਂਦਰੋ ਥੋਕਚੋਮ ਨੇ ਕੁਝ ਇਲਾਕਿਆਂ ’ਚ ਮੁੜ ਤੋਂ ਲਾਇਆ ਗਿਆ ਅਫ਼ਸਪਾ ਵੀ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਵਿਧਾਇਕ ਵੱਲੋਂ ਪਾਸ ਮਤੇ ’ਤੇ ਹਫ਼ਤੇ ਦੇ ਅੰਦਰ ਕੋਈ ਕਾਰਵਾਈ ਨਾ ਹੋਈ ਤਾਂ ਅਗਲਾ ਕਦਮ ਚੁੱਕਿਆ ਜਾਵੇਗਾ। ਉਂਜ ਕਈ ਮਹਿਲਾ ਸੰਗਠਨਾਂ ਨੇ ਪ੍ਰਦਰਸ਼ਨ ਮੁਅੱਤਲ ਕਰਨ ਦੇ ਫ਼ੈਸਲੇ ’ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਜਾਰੀ ਰਹਿਣੇ ਚਾਹੀਦੇ ਹਨ।
ਮਨੀਪੁਰ ਸਰਕਾਰ ਨੇ ਸੱਤ ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ’ਤੇ ਲੱਗੀ ਰੋਕ ਅੱਜ ਤੋਂ ਤਿੰਨ ਹੋਰ ਦਿਨਾਂ ਲਈ ਵਧਾ ਦਿੱਤੀ ਹੈ। ਹੁਕਮਾਂ ’ਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਨੇ ਮੌਜੂਦਾ ਹਾਲਾਤ ਦੀ ਨਜ਼ਰਸਾਨੀ ਕਰਨ ਮਗਰੋਂ ਇੰਫਾਲ ਪੱਛਮੀ, ਇੰਫਾਲ ਪੂਰਬੀ, ਕਾਕਚਿੰਗ, ਬਿਸ਼ਨੂਪੁਰ, ਥੌਬਲ, ਚੂਰਾਚਾਂਦਪੁਰ ਅਤੇ ਕਾਂਗਪੋਕਪੀ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ’ਤੇ ਰੋਕ ਤਿੰਨ ਹੋਰ ਦਿਨਾਂ ਲਈ ਵਧਾ ਦਿੱਤੀ ਹੈ। ਪ੍ਰਸ਼ਾਸਨ ਨੇ 16 ਨਵੰਬਰ ਨੂੰ ਬ੍ਰਾਡਬੈਂਡ ਅਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ। ਉਂਜ ਬ੍ਰਾਡਬੈਂਡ ਸੇਵਾਵਾਂ ’ਤੇ ਰੋਕ ਮੰਗਲਵਾਰ ਨੂੰ ਹਟਾ ਲਈ ਗਈ ਹੈ। -ਪੀਟੀਆਈ
ਛੇ ਵਿਅਕਤੀਆਂ ਦੇ ਕਾਤਲਾਂ ਨੂੰ ਛੇਤੀ ਕਟਹਿਰੇ ’ਚ ਖੜ੍ਹਾ ਕੀਤਾ ਜਾਵੇਗਾ: ਬੀਰੇਨ ਸਿੰਘ
ਇੰਫਾਲ:
ਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਸ਼ੱਕੀ ਕੁਕੀ ਦਹਿਸ਼ਤਗਰਦਾਂ ਵੱਲੋਂ ਛੇ ਵਿਅਕਤੀਆਂ ਦੀ ਹੱਤਿਆ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੋਸ਼ੀਆਂ ਨੂੰ ਕਟਹਿਰੇ ’ਚ ਖੜ੍ਹਾ ਕਰਨ ਤੱਕ ਆਰਾਮ ਨਾਲ ਨਹੀਂ ਬੈਠੇਗੀ। ਮੁੱਖ ਮੰਤਰੀ ਨੇ ਔਰਤਾਂ ਅਤੇ ਬੱਚਿਆਂ ਦੀ ਹੱਤਿਆ ਨੂੰ ਮਨੁੱਖਤਾ ਖ਼ਿਲਾਫ਼ ਅਪਰਾਧ ਕਰਾਰ ਦਿੰਦਿਆਂ ਕਿਹਾ ਕਿ ਕਾਤਲਾਂ ਦੀ ਭਾਲ ’ਚ ਤਲਾਸ਼ੀ ਮੁਹਿੰਮ ਜਾਰੀ ਹੈ। ਮੁੱਖ ਮੰਤਰੀ ਨੇ ‘ਐਕਸ’ ’ਤੇ ਮੰਗਲਵਾਰ ਰਾਤ ਵੀਡੀਓ ਸੁਨੇਹੇ ’ਚ ਕਿਹਾ ਕਿ ਸੱਭਿਅਕ ਸਮਾਜ ’ਚ ਅਜਿਹੀਆਂ ਘਟਨਾਵਾਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਜਿਰੀਬਾਮ ’ਚ ਫੌਰੀ ਕਾਰਵਾਈ ਲਈ ਸੀਆਰਪੀਐੱਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਬੋਰੋਬੇਕਰਾ ਦੇ ਰਾਹਤ ਕੈਂਪਾਂ ’ਚ ਰਹਿ ਰਹੇ ਸੈਂਕੜੇ ਲੋਕਾਂ ਦੀ ਜਾਨ ਬਚ ਗਈ। ਉਨ੍ਹਾਂ ਸੂਬੇ ’ਚ ਸ਼ਾਂਤੀ ਕਾਇਮ ਕਰਨ ਲਈ ਵਚਨਬੱਧਤਾ ਦਿਖਾਉਣ ਵਾਸਤੇ ਕੇਂਦਰੀ ਆਗੂਆਂ ਦਾ ਵੀ ਧੰਨਵਾਦ ਕੀਤਾ। -ਪੀਟੀਆਈ