ਯੂੁਸਫ਼ ਨੇ ਨਿੱਜੀ ਕਾਰਨਾਂ ਕਰਕੇ ਪਾਕਿ ਕੌਮੀ ਚੋਣਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਲਾਹੌਰ: ਪਾਕਿਸਤਾਨ ਦੇ ਸਾਬਕਾ ਕਪਤਾਨ ਮੁਹੰਮਦ ਯੂਸਫ਼ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅੱਜ ਇੱਥੇ ਕੌਮੀ ਚੋਣਕਾਰ ਦਾ ਅਹੁਦਾ ਛੱਡ ਦਿੱਤਾ ਹੈ। ਉਸ ਨੇ ਐਕਸ ’ਤੇ ਲਿਖਿਆ, ‘‘ਮੈਂ ਵਿਅਕਤੀਗਤ ਕਾਰਨਾਂ ਕਰਕੇ ਪਾਕਿਸਤਾਨ ਕ੍ਰਿਕਟ ਟੀਮ ਦੇ ਚੋਣਕਾਰ ਵਜੋਂ ਆਪਣੇ ਅਸਤੀਫ਼ੇ ਦਾ ਐਲਾਨ ਕਰਦਾ ਹਾਂ। ਇਸ ਬਿਹਤਰੀਨ ਟੀਮ ਦੀ ਸੇਵਾ ਕਰਨਾ ਮੇਰੇ ਲਈ ਸ਼ਾਨਦਾਰ ਰਿਹਾ। ਮੈਨੂੰ ਪਾਕਿਸਤਾਨ ਕ੍ਰਿਕਟ ਦੇ ਵਿਕਾਸ ਅਤੇ ਸਫ਼ਲਤਾ ਵਿੱਚ ਯੋਗਦਾਨ ਪਾਉਣ ’ਤੇ ਮਾਣ ਹੈ।’’ ਯੂਸਫ਼ ਨੇ ਕਿਹਾ, ‘‘ਮੈਨੂੰ ਆਪਣੇ ਖਿਡਾਰੀਆਂ ਦੇ ਹੁਨਰ ਅਤੇ ਜਜ਼ਬੇ ’ਤੇ ਪੂਰਾ ਭਰੋਸਾ ਹੈ। ਇਹ ਟੀਮ ਬਿਹਤਰ ਹੋਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੇਗੀ ਅਤੇ ਮੈਂ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।’’ ਯੂਸਫ਼ ਪਿਛਲੇ ਸਾਲਾਂ ਤੋਂ ਵੱਖ ਵੱਖ ਭੂਮਿਕਾਵਾਂ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ ਨਾਲ ਜੁੜਿਆ ਹੋਇਆ ਹੈ। ਉਹ ਉਸ ਕੌਮੀ ਚੋਣ ਕਮੇਟੀ ਦਾ ਹਿੱਸਾ ਸੀ, ਜਿਸ ਵਿੱਚ ਦੋ ਸਾਬਕਾ ਟੈਸਟ ਖਿਡਾਰੀ, ਮੁੱਖ ਕੋਚ, ਕਪਤਾਨ ਅਤੇ ਇੱਕ ਮਾਹਿਰ ਸ਼ਾਮਲ ਹੈ। ਚੋਣ ਕਮੇਟੀ ਵਿੱਚ ਇੱਕ ਹੋਰ ਸਾਬਕਾ ਖਿਡਾਰੀ ਅਸਦ ਸ਼ਫੀਕ ਹੈ। ਯੂਸਫ਼ ਨੇ ਪਿਛਲੇ ਦੋ ਸਾਲਾਂ ਵਿੱਚ ਕੌਮੀ ਸੀਨੀਅਰ ਟੀਮ ਦੇ ਬੱਲੇਬਾਜ਼ ਕੋਚ ਅਤੇ ਪਾਕਿਸਤਾਨ ਅੰਡਰ-19 ਟੀਮ ਦੇ ਮੁੱਖ ਕੋਚ ਵਜੋਂ ਵੀ ਕੰਮ ਕੀਤਾ ਹੈ। ਯੂਸਫ਼ ਦੇ ਇੱਕ ਕਰੀਬੀ ਸੂਤਰ ਨੇ ਕਿਹਾ ਕਿ ਸਾਬਕਾ ਬੱਲੇਬਾਜ਼ ਆਪਣੀਆਂ ਆਲੋਚਨਾਵਾਂ ਤੋਂ ਖੁਸ਼ ਨਹੀਂ ਸੀ। -ਪੀਟੀਆਈ