ਮਹਿਲਾ ਟੀ-20 ਏਸ਼ੀਆ ਕੱਪ: ਭਾਰਤੀ ਅੰਡਰ-19 ਟੀਮ ਫਾਈਨਲ ’ਚ
* ਸ੍ਰੀਲੰਕਾ ਨੂੰ ਚਾਰ ਵਿਕਟਾਂ ਨਾਲ ਹਰਾਇਆ
* ਆਯੂਸ਼ੀ ਸ਼ੁਕਲਾ ਨੇ ਲਈਆਂ ਚਾਰ ਵਿਕਟਾਂ
ਸਿੰਗਾਪੁਰ:
ਭਾਰਤ ਨੇ ਅੰਡਰ-19 ਮਹਿਲਾ ਟੀ-20 ਏਸ਼ੀਆ ਕੱਪ ਵਿੱਚ ਅੱਜ ਇੱਥੇ ਸ੍ਰੀਲੰਕਾ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਸ੍ਰੀਲੰਕਾ ਦੀ ਟੀਮ ਨੂੰ ਨੌਂ ਵਿਕਟਾਂ ’ਤੇ 98 ਦੌੜਾਂ ’ਤੇ ਰੋਕ ਦਿੱਤਾ। ਭਾਰਤ ਲਈ ਆਯੂਸ਼ੀ ਸ਼ੁਕਲਾ ਨੇ ਚਾਰ ਓਵਰਾਂ ਵਿੱਚ ਦਸ ਦੌੜਾਂ ਦੇ ਕੇ ਚਾਰ ਜਦਕਿ ਪਰੂਣਿਕਾ ਸਿਸੋਦੀਆ ਨੇ ਦੋ ਵਿਕਟਾਂ ਲਈਆਂ। ਸ੍ਰੀਲੰਕਾ ਲਈ ਸਿਰਫ ਸੁਮਦੂ ਨਿਸਾਂਸਾਲਾ (21) ਅਤੇ ਕਪਤਾਨ ਮਾਨੁਦੀ ਐਨ (33) ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੀਆਂ। ਭਾਰਤ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਅਤੇ ਸਲਾਮੀ ਬੱਲੇਬਾਜ਼ ਈਸ਼ਵਰੀ ਅਸਵਾਰੇ ਤੀਜੀ ਗੇਂਦ ’ਤੇ ਹੀ ਆਊਟ ਹੋ ਗਈ। ਇਸ ਮਗਰੋਂ ਜੀ ਕਮਲਿਨੀ (28) ਅਤੇ ਜੀ ਤ੍ਰਿਸ਼ਾ (32) ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਭਾਰਤ ਨੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਨੌਂ ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਬੰਗਲਾਦੇਸ਼ ਅਤੇ ਸ੍ਰੀਲੰਕਾ ਨੂੰ ਹਰਾਇਆ ਜਦਕਿ ਨੇਪਾਲ ਖ਼ਿਲਾਫ਼ ਮੈਚ ਬੇ-ਨਤੀਜਾ ਰਿਹਾ ਸੀ। -ਪੀਟੀਆਈ