ਭਾਰਤ ਨੂੰ 2047 ਤੱਕ ਵਿਕਸਤ ਦੇਸ਼ ਬਣਾਉਣ ਲਈ ਅੱਗੇ ਆਉਣ ਨੌਜਵਾਨ: ਸ਼ਾਹ
ਅਹਿਮਦਾਬਾਦ, 13 ਅਗਸਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਜ਼ਾਦੀ ਦਿਹਾੜੇ ਤੋਂ ਦੋ ਦਿਨ ਪਹਿਲਾਂ ਅੱਜ ਇੱਥੇ ਭਾਜਪਾ ਦੀ ‘ਤਿਰੰਗਾ ਯਾਤਰਾ’ ਨੂੰ ਹਰੀ ਝੰਡੀ ਦਿਖਾਉਂਦਿਆਂ ਨੌਜਵਾਨਾਂ ਨੂੰ 2047 ਤੱਕ ਭਾਰਤ ਨੂੰ ਵਿਕਸਤ ਮੁਲਕ ਬਣਾਉਣ ਦੇ ਮਕਸਦ ਨਾਲ ਅੱਗੇ ਆਉਣ ਦਾ ਸੱਦਾ ਦਿੱਤਾ। ਭਾਜਪਾ ਦੇ ਸੀਨੀਅਰ ਆਗੂ ਸ਼ਾਹ ਗੁਜਰਾਤ ਦੇ ਅਹਿਮਦਾਬਾਦ ਵਿੱਚ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਦਿਖਾਉਣ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ‘ਤਿਰੰਗਾ ਯਾਤਰਾ’ ਦਾ ਮਕਸਦ ਦੇਸ਼ ਪ੍ਰਤੀ ਨੌਜਵਾਨਾਂ ਵਿੱਚ ਜਜ਼ਬਾ ਅਤੇ ਸਮਰਪਿਤ ਭਾਵਨਾ ਪੈਦਾ ਕਰਨਾ ਹੈ। ਸ਼ਾਹ ਨੇ ਜ਼ੋਰ ਦੇ ਕੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੋ ਸਾਲ ਪਹਿਲਾਂ ਚਲਾਈ ਹਰ ਘਰ ਤਿਰੰਗਾ ਮੁਹਿੰਮ ਦੇਸ਼ਭਗਤੀ ਦਾ ਪ੍ਰਗਟਾਵਾ ਹੀ ਨਹੀਂ, ਸਗੋਂ 2047 ਤੱਕ ਭਾਰਤ ਨੂੰ ਮਹਾਨ ਅਤੇ ਵਿਕਸਤ ਮੁਲਕ ਬਣਾਉਣ ਦੇ ਸਾਡੇ ਵਾਅਦੇ ਦਾ ਪ੍ਰਤੀਕ ਵੀ ਹੈ।’’ ਉਨ੍ਹਾਂ ਕਿਹਾ, ‘‘ਜਦੋਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਵਿਕਸਤ ਮੁਲਕ ਬਣਨ ਲਈ ਵਚਨਬੱਧ ਹੈ ਤਾਂ ਨਾਗਰਿਕਾਂ, ਖਾਸ ਕਰ ਨੌਜਵਾਨਾਂ ਨੂੰ ਉਸ ਖੇਤਰ ਵਿੱਚ ਦੇਸ਼ ਨੂੰ ਅੱਵਲ ਨੰਬਰ ਬਣਾਉਣ ਦੇ ਮਕਸਦ ਨਾਲ ਅੱਗੇ ਆ ਕੇ ਕੰਮ ਕਰਨ ਦੀ ਲੋੜ ਹੈ ਜਿਸ ਵਿੱਚ ਉਹ ਕੰਮ ਕਰ ਰਹੇ ਹਨ।’’ ਸ਼ਾਹ ਨੇ ਆਖਿਆ ਕਿ ਹੁਣ ਜਦੋਂ 15 ਅਗਸਤ ਨੂੰ ਦੇਸ਼ ਆਜ਼ਾਦੀ ਦੇ 78ਵੇਂ ਵਰ੍ਹੇ ’ਚ ਕਦਮ ਰੱਖਣ ਜਾ ਰਿਹਾ ਹੈ ਤਾਂ ਕੋਈ ਵੀ ਘਰ, ਇਮਾਰਤ, ਦਫਤਰ ਜਾਂ ਵਾਹਨਾ ਤਿਰੰਗੇ ਤੋਂ ਸੱਖਣਾ ਨਹੀਂ ਰਹਿਣਾ ਚਾਹੀਦਾ। ਗਾਂਧੀਨਗਰ ਤੋਂ ਲੋਕ ਸਭਾ ਮੈਂਬਰ ਨੇ ਆਖਿਆ ਕਿ ਇਹ ‘ਤਿਰੰਗਾ ਯਾਤਰਾ’ ਅਤੇ ‘ਹਰ ਘਰ ਤਿਰੰਗਾ’ ਮੁਹਿੰਮ ਗੁਜਰਾਤ ਦੇ ਲੋਕਾਂ ’ਚ ਦੇਸ਼ਭਗਤੀ ਦੀ ਭਾਵਨਾ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਸ਼ੁਰੂ ਕੀਤੀ ਗਈ ਹੈ। -ਪੀਟੀਆਈ