ਜੀਐੱਨਡੀਯੂ ਦੇ ਬੀ-ਜ਼ੋਨ ਦਾ ਯੁਵਕ ਮੇਲਾ ਸ਼ੁਰੂ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 28 ਸਤੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ‘ਬੀ-ਜ਼ੋਨ’ ਦਾ ਤਿੰਨ ਰੋਜ਼ਾ ਜ਼ੋਨਲ ਯੁਵਕ ਮੇਲਾ ਅੱਜ ਸ਼ੁਰੂ ਹੋ ਗਿਆ। ਇਸ ਦੀ ਪ੍ਰਧਾਨਗੀ ਡਾ. ਦਲਜੀਤ ਸਿੰਘ ਅਤੇ ਡਾ. ਰਵੀਜੀਤ ਸਿੰਘ ਨੇ ਕੀਤੀ। ਇਸ ਵਿੱਚ ਗੁਰਦਾਸਪੁਰ, ਪਠਾਨਕੋਟ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਕਾਲਜਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ, ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਅਧਿਆਪਕਾਂ, ਵਿਦਿਆਰਥੀ-ਕਲਾਕਾਰਾਂ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਯੁਵਕ ਮੇਲਿਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਨੇ ਮੇਲੇ ’ਚ ਕਰਵਾਏ ਜਾ ਰਹੇ ਵੱਖ ਵੱਖ ਮੁਕਾਬਲਿਆਂ ਬਾਰੇ ਜਾਣਕਾਰੀ ਦਿੱਤੀ। ਅੱਜ ਪਹਿਲੇ ਦਿਨ ਦਸਮੇਸ਼ ਆਡੀਟੋਰੀਅਮ ਵਿੱਚ ਭੰਗੜਾ, ਸਮੂਹ ਸ਼ਬਦ/ਭਜਨ, ਸਮੂਹ ਗੀਤ (ਭਾਰਤੀ), ਫੋਕ ਆਰਕੈਸਟਰਾ ਦੇ ਮੁਕਾਬਲੇ ਕਰਵਾਏ ਗਏ। ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿੱਚ ਕਲਾਸੀਕਲ ਇੰਸਟਰੂਮੈਂਟਲ (ਪ੍ਰਫਾਰਮੈਂਸ), ਕਲਾਸੀਕਲ ਇੰਸਟਰੂਮੈਂਟਲ (ਨਾਨ-ਪਰਫਾਰਮੈਂਸ), ਕਲਾਸੀਕਲ ਵੋਕਲ ਤੇ ਆਰਕੀਟੈਕਚਰ ਵਿਭਾਗ ਵਿੱਚ ਪੇਂਟਿੰਗ ਆਨ ਦਾ ਸਪਾਟ, ਕਾਰਟੂਨਿੰਗ, ਕੋਲਾਜ, ਪੋਸਟਰ ਮੇਕਿੰਗ, ਕਲੇਅ ਮਾਡਲਿੰਗ ਅਤੇ ਆਨ ਦਾ ਸਪਾਟ ਫੋਟੋਗ੍ਰਾਫੀ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਕੁਇਜ਼ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿੱਚ ਕਰਵਾਏ ਗਏ।