ਮਜੀਠੀਆ ਨੇ ਪੰਚਾਇਤੀ ਚੋਣਾਂ ਦੇ ਮਾਮਲੇ ਵਿੱਚ ਸਰਕਾਰ ਨੂੰ ਘੇਰਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਸਤੰਬਰ
ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਸੂਬੇ ਵਿੱਚ ਹੋ ਰਹੀਆਂ ਪੰਚਾਇਤ ਚੋਣਾਂ ਵਿੱਚ ਗੰਭੀਰ ਬੇਨਿਯਮੀਆਂ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਚੋਣ ਜ਼ਾਬਤਾ ਲਾਗੂ ਹੋਏ ਨੂੰ 48 ਘੰਟਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਹਾਲੇ ਤੱਕ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦਫਤਰਾਂ ਵਿੱਚੋਂ ਵੱਖ-ਵੱਖ ਵਰਗਾਂ ਲਈ ਰਾਖਵਾਂ ਕੀਤੇ ਪਿੰਡਾਂ ਦੀਆਂ ਸੂਚੀਆਂ ਨਹੀਂ ਮਿਲ ਰਹੀਆਂ। ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਤਰਸਿੱਕਾ ਦੇ ਪਿੰਡ ਬਾਲੋਵਾਲੀ ਨੂੰ ਐੱਸਸੀ ਵਰਗ ਲਈ ਰਾਖਵਾਂ ਕਰ ਦਿੱਤਾ ਗਿਆ ਹੈ, ਜਦੋਂਕਿ ਪਿੰਡ ਵਿੱਚ ਇਕ ਵੀ ਘਰ ਐੱਸਸੀ ਵਰਗ ਦਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਲੋਕ ਸਭਾ ਚੋਣਾਂ ਵਿੱਚ ਵੋਟਾਂ ਪਾਉਣ ਵਾਲਿਆਂ ਵਿੱਚੋਂ ਕਈਆਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਚੋਣਾਂ ਲਈ ਜਾਣ-ਬੁਝ ਕੇ ਝੋਨੇ ਦੇ ਸੀਜ਼ਨ ਦਾ ਸਮਾਂ ਚੁਣਿਆ ਹੈ ਤਾਂ ਜੋ ਲੋਕ ਵੋਟਾਂ ਨਾ ਪਾ ਸਕਣ। ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਪਿੰਡਾਂ ਵਿੱਚ ਪ੍ਰਸ਼ਾਸਕ ਲਗਾਏ ਜਾ ਸਕਣ ਅਤੇ ਪੰਚਾਇਤੀ ਫੰਡਾਂ ’ਤੇ ਕੰਟਰੋਲ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਨਾਲਾ ਹਲਕੇ ਦੇ ਇੱਕ ਪਿੰਡ ਵਿਚ ਸਰਪੰਚ ਬ੍ਰਹਮ ਸਿੰਘ ਝੰਡੇਰ, ਜੋ 2022 ਦੀਆਂ ਚੋਣਾਂ ’ਚ ਵਿਧਾਨ ਸਭਾ ਟਿਕਟ ਦਾ ਦਾਅਵੇਦਾਰ ਸੀ ਅਤੇ ਹੁਣ ਪੰਚਾਇਤ ਚੋਣਾਂ ਲੜਨ ਵਾਲਾ ਸੀ, ਨੂੰ ਝੂਠਾ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ।