ਯੂਥ ਕਾਂਗਰਸ ਵੱਲੋਂ ‘ਯੰਗ ਇੰਡੀਆ ਕੇ ਬੋਲ’ ਸੀਜ਼ਨ-5 ਦੀ ਸ਼ੁਰੂਆਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਦਸੰਬਰ
ਭਾਰਤੀ ਯੂਥ ਕਾਂਗਰਸ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਰਾਹੀਂ ਆਪਣੇ ਫਲੈਗਸ਼ਿਪ ਪ੍ਰੋਗਰਾਮ ‘ਯੰਗ ਇੰਡੀਆ ਕੇ ਬੋਲ’ ਦੇ 5ਵੇਂ ਐਡੀਸ਼ਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਭਾਰਤੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂ ਚਿੱਬ ਅਤੇ ਐੱਨਐੱਸਯੂਆਈ ਦੇ ਕੌਮੀ ਏਆਈਸੀਸੀ ਇੰਚਾਰਜ ਕਨ੍ਹੱਈਆ ਕੁਮਾਰ ਨੇ ਇਸ ਪ੍ਰੋਗਰਾਮ ਦਾ ਪੋਸਟਰ ਲਾਂਚ ਕੀਤਾ ਅਤੇ ਦੇਸ਼ ਭਰ ਦੇ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸ੍ਰੀ ਕਨ੍ਹੱਈਆ ਕੁਮਾਰ ਨੇ ਕਿਹਾ ਕਿ ਯੂਥ ਕਾਂਗਰਸ ਦੇਸ਼ ਦੇ ਨੌਜਵਾਨਾਂ ਦੇ ਮੁੱਦਿਆਂ ’ਤੇ ਲਗਾਤਾਰ ਸੰਘਰਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਨੌਜਵਾਨਾਂ ਦੀਆਂ ਸਥਿਤੀਆਂ ਨੂੰ ਕਿਵੇਂ ਬਦਲਣਾ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ, ਇਸ ਬਾਰੇ ਕਈ ਰਚਨਾਤਮਕ ਪ੍ਰੋਗਰਾਮ ਵੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ‘ਯੰਗ ਇੰਡੀਆ ਕੇ ਬੋਲ’ ਦੇਸ਼ ਭਰ ਦੇ ਨੌਜਵਾਨਾਂ ਲਈ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਸਾਡੇ ਨਾਲ ਜੁੜਨ ਦਾ ਪਲੇਟਫਾਰਮ ਹੈ। ਇਸ ਮੰਚ ਵਿੱਚ ਨੌਜਵਾਨ ਬੇਰੁਜ਼ਗਾਰੀ ਖ਼ਿਲਾਫ਼ ਆਪਣੇ ਵਿਚਾਰ ਪੇਸ਼ ਕਰਨਗੇ। ਅੱਜ ਦੇਸ਼ ਵਿੱਚ ਨੌਜਵਾਨਾਂ ਕੋਲ ਰੁਜ਼ਗਾਰ ਨਹੀਂ ਹੈ। ਸਥਿਤੀ ਇਹ ਹੈ ਕਿ ਆਈਆਈਟੀ-ਆਈਆਈਐੱਮ ਦੇ ਵਿਦਿਆਰਥੀਆਂ ਨੂੰ ਵੀ ਰੁਜ਼ਗਾਰ ਨਹੀਂ ਮਿਲ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ। 55 ਫੀਸਦ ਆਬਾਦੀ ਨੌਜਵਾਨਾਂ ਦੀ ਹੈ, ਦੁਨੀਆ ਦਾ ਹਰ ਪੰਜਵਾਂ ਨੌਜਵਾਨ ਭਾਰਤੀ ਹੈ। ਭਾਰਤ ਕਦੇ ਵੀ ਇੰਨਾ ਜਵਾਨ ਨਹੀਂ ਸੀ। ਇੱਥੇ ਇੱਕ ਘੰਟੇ ਵਿੱਚ ਦੋ ਨੌਜਵਾਨ ਖੁਦਕੁਸ਼ੀ ਕਰ ਰਹੇ ਹਨ। ਨੌਜਵਾਨਾਂ ਦੀਆਂ ਖੁਦਕੁਸ਼ੀਆਂ ਨੇ ਕਿਸਾਨ ਖੁਦਕੁਸ਼ੀਆਂ ਦੀ ਦਰ ਨੂੰ ਵੀ ਪਛਾੜ ਦਿੱਤਾ ਹੈ। ਇੱਕ ਪਾਸੇ ਪੜ੍ਹੇ-ਲਿਖੇ ਨੌਜਵਾਨ ਕੋਲ 5000 ਰੁਪਏ ਦੀ ਨੌਕਰੀ ਨਹੀਂ ਹੈ, ਦੂਜੇ ਪਾਸੇ ਦੂਜੇ ਨੌਜਵਾਨ ਦੇ ਵਿਆਹ ’ਤੇ 5000 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇੱਕ ਸਾਜ਼ਿਸ਼ ਤਹਿਤ ਇਨ੍ਹਾਂ ਨੌਜਵਾਨਾਂ ਨੂੰ ਨਸ਼ੇ ਵਿੱਚ ਧੱਕਿਆ ਜਾ ਰਿਹਾ ਹੈ। ਰਾਸ਼ਟਰੀ ਪ੍ਰਧਾਨ ਉਦੈ ਭਾਨੂ ਚਿਬ ਨੇ ਕਿਹਾ ਕਿ ਭਾਜਪਾ ਨੇ ਬੇਰੁਜ਼ਗਾਰੀ ਨਾਲ ਨਜਿੱਠਣ ਲਈ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਪਰ ਅਸਲੀਅਤ ਇਹ ਹੈ ਕਿ ਪਿਛਲੇ ਦਹਾਕੇ ਵਿੱਚ ਜਦੋਂ ਤੋਂ 2014 ਵਿੱਚ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ, ਉਨ੍ਹਾਂ ਉਮੀਦਵਾਰਾਂ ਵਿੱਚੋਂ ਜਿਨ੍ਹਾਂ ਨੇ ਅਪਲਾਈ ਕੀਤਾ ਸੀ, ਸਿਰਫ਼ 0.3 ਫ਼ੀਸਦੀ ਨੂੰ ਹੀ ਸਰਕਾਰੀ ਨੌਕਰੀ ਮਿਲੀ। ਭਾਵ 1,000 ਬਿਨੈਕਾਰਾਂ ਵਿੱਚੋਂ ਸਿਰਫ਼ 3 ਨੂੰ ਹੀ ਸਥਾਈ ਸਰਕਾਰੀ ਨੌਕਰੀ ਮਿਲੀ। ਉਨ੍ਹਾਂ ਕਿਹਾ ਕਿ 2022 ਵਿੱਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਸੰਸਦ ਵਿੱਚ ਮੰਨਿਆ ਕਿ 2014 ਤੋਂ ਹੁਣ ਤੱਕ ਸਰਕਾਰ ਨੂੰ ਪ੍ਰਾਪਤ ਹੋਈਆਂ 22 ਕਰੋੜ ਅਰਜ਼ੀਆਂ ਵਿੱਚੋਂ ਸਿਰਫ਼ 22,311 ਉਮੀਦਵਾਰ ਨਿਯੁਕਤ ਕੀਤੇ ਗਏ ਸਨ।