ਦਿੱਲੀ: ਸਾਬਕਾ ਵਿਧਾਇਕ ਸੁਖਬੀਰ ਦਲਾਲ ਭਾਜਪਾ ’ਚ ਸ਼ਾਮਲ
ਨਵੀਂ ਦਿੱਲੀ, 21 ਦਸੰਬਰ
ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਸੁਖਬੀਰ ਸਿੰਘ ਦਲਾਲ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ। ਮੁੰਡਕਾ ਦੇ ਸਾਬਕਾ ਵਿਧਾਇਕ ਨੇ ਦਿੱਲੀ ਭਾਜਪਾ ਦਫ਼ਤਰ ਵਿਖੇ ਪ੍ਰਦੇਸ਼ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ, ਕੇਂਦਰੀ ਮੰਤਰੀਆਂ ਹਰਸ਼ ਮਲਹੋਤਰਾ ਅਤੇ ਆਸ਼ੀਸ਼ ਸੂਦ ਦੀ ਮੌਜੂਦਗੀ ਵਿੱਚ ਭਾਜਪਾ ਦੀ ਮੈਂਬਰਸ਼ਿਪ ਲਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਛੇ ਵਾਰ ਮੈਂਬਰ ਰਹਿ ਚੁੱਕੇ ਬਲਬੀਰ ਸਿੰਘ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ। ਸਚਦੇਵਾ ਨੇ ਉਨ੍ਹਾਂ ਨੂੰ ਦਿੱਲੀ ਪ੍ਰਦੇਸ਼ ਭਾਜਪਾ ਦਾ ਸਕੱਤਰ ਨਿਯੁਕਤ ਕੀਤਾ ਹੈ। ਦਲਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵਿਧਾਇਕ ਰਹਿੰਦਿਆਂ ਖੇਡ ਯੂਨੀਵਰਸਿਟੀ ਪ੍ਰਾਜੈਕਟ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ ਪਰ ਕਈ ਸਾਲ ਬੀਤ ਜਾਣ ਦੇ ਬਾਵਜੂਦ ਇੱਕ ਇੱਟ ਨਹੀਂ ਜੋੜੀ ਗਈ। ਉਨ੍ਹਾਂ ਨੇ ‘ਆਪ’ ’ਤੇ ਆਪਣੇ ਭ੍ਰਿਸ਼ਟਾਚਾਰ ਵਿਰੋਧੀ ਵਾਅਦੇ ਤੋਂ ਭਟਕਣ ਦਾ ਦੋਸ਼ ਲਗਾਇਆ, ਜਦਕਿ ਦਿੱਲੀ ਦੇ ਪੇਂਡੂ ਖੇਤਰਾਂ ’ਚ ਭਾਜਪਾ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਭਾਜਪਾ ਦੀ ਦਿੱਲੀ ਇਕਾਈ ਦੇ ਮੀਡੀਆ ਮੁਖੀ ਪ੍ਰਵੀਨ ਸ਼ੰਕਰ ਕਪੂਰ, ਸਾਬਕਾ ਵਿਧਾਇਕ ਨਿਤਿਨ ਤਿਆਗੀ ਅਤੇ ਦਿੱਲੀ ਨਗਰ ਨਿਗਮ (ਐੱਮਸੀਡੀ) ਦੀ ਕੌਂਸਲਰ ਭੈਣ ਪ੍ਰੀਤੀ ਵੀ ਇਸ ਮੌਕੇ ਮੌਜੂਦ ਸਨ। -ਪੀਟੀਆਈ