ਦਿੱਲੀ ਦੇ ਦਲਿਤ ਵਿਦਿਆਰਥੀਆਂ ਦੀ ਵਿਦੇਸ਼ ’ਚ ਪੜ੍ਹਾਈ ਲਈ ਅੰਬੇਡਕਰ ਵਜ਼ੀਫ਼ਾ ਯੋਜਨਾ ਐਲਾਨੀ
ਨਵੀਂ ਦਿੱਲੀ, 21 ਦਸੰਬਰ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਸ਼ਹਿਰ ਦੇ ਦਲਿਤ ਵਿਦਿਆਰਥੀਆਂ ਦੀ ਵਿਦੇਸ਼ਾਂ ਵਿੱਚ ਮੁਫ਼ਤ ਪੜ੍ਹਾਈ ਲਈ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਡਾ. ਅੰਬੇਡਕਰ ਸਨਮਾਨ ਸਕਾਲਰਸ਼ਿਪ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਡਾ. ਬਾਬਾ ਸਾਹਿਬ ਅੰਬੇਡਕਰ ਦੇ ‘ਅਪਮਾਨ’ ਦਾ ਜਵਾਬ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ‘ਆਪ’ ਹੈੱਡਕੁਆਰਟਰ ’ਤੇ ਪੱਤਰਕਾਰਾਂ ਨੂੰ ਕਿਹਾ, ‘‘ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਦਾ ਅਪਮਾਨ ਕੀਤਾ ਹੈ ਅਤੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਅੰਬੇਡਕਰ ਨੂੰ ਪਿਆਰ ਕਰਨ ਵਾਲੇ ਕਰੋੜਾਂ ਲੋਕਾਂ ਨੂੰ ਇਸ ਗੱਲ ਕਾਰਨ ਬਹੁਤ ਠੇਸ ਪਹੁੰਚੀ ਹੈ।’’
ਕੇਜਰੀਵਾਲ ਨੇ ਕਿਹਾ ਕਿ ਅੰਬੇਡਕਰ ਨੇ ਕਿਹਾ ਸੀ ਕਿ ਸਿੱਖਿਆ ਹੀ ਅੱਗੇ ਵਧਣ ਦਾ ਰਾਹ ਹੈ ਅਤੇ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਉਨ੍ਹਾਂ ਨੇ ਅਮਰੀਕਾ ਤੋਂ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ। ‘ਆਪ’ ਮੁਖੀ ਨੇ ਕਿਹਾ ਕਿ ਇਹ ਵਜ਼ੀਫ਼ਾ ਭਾਜਪਾ ਵੱਲੋਂ ਭਾਰਤੀ ਸੰਵਿਧਾਨ ਦੇ ਮੁੱਖ ਘਾੜੇ ਦੇ ਅਪਮਾਨ ਦਾ ਜਵਾਬ ਹੈ। ਉਨ੍ਹਾਂ ਕਿਹਾ, “ਇਸ ਯੋਜਨਾ ਤਹਿਤ ਦਿੱਲੀ ਦਾ ਕੋਈ ਵੀ ਦਲਿਤ ਵਿਦਿਆਰਥੀ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਸਿੱਖਿਆ ਹਾਸਲ ਕਰ ਸਕੇਗਾ। ਜੇਕਰ ਉਨ੍ਹਾਂ ਨੂੰ ਅਜਿਹੀ ਕਿਸੇ ਯੂਨੀਵਰਸਿਟੀ ਵਿੱਚ ਦਾਖ਼ਲਾ ਮਿਲਦਾ ਹੈ ਤਾਂ ਉਨ੍ਹਾਂ ਦੀ ਪੜ੍ਹਾਈ, ਯਾਤਰਾ ਅਤੇ ਰਿਹਾਇਸ਼ ਦਾ ਸਾਰਾ ਖਰਚਾ ਦਿੱਲੀ ਸਰਕਾਰ ਚੁੱਕੇਗੀ।’’ ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਦੇ ਬੱਚੇ ਵੀ ਇਸ ਯੋਜਨਾ ਦੇ ਯੋਗ ਹੋਣਗੇ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਸਕਾਲਰਸ਼ਿਪ ਕਦੋਂ ਅਤੇ ਕਿਵੇਂ ਦਿੱਤੀ ਜਾਵੇਗੀ। ‘ਆਪ’ ਮੁਖੀ ਨੇ ਫਰਵਰੀ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਪਰਤੀ ਤਾਂ ਸਾਰੀਆਂ ਔਰਤਾਂ ਨੂੰ 2,100 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ ਅਤੇ ਸੀਨੀਅਰ ਨਾਗਰਿਕਾਂ ਦਾ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕੀਤਾ ਜਾਵੇਗਾ। -ਪੀਟੀਆਈ
ਅੰਬੇਡਕਰ ਮੁੱਦੇ ’ਤੇ ਕਾਂਗਰਸ ਦਾ ਕੇਜਰੀਵਾਲ ’ਤੇ ਹਮਲਾ
ਨਵੀਂ ਦਿੱਲੀ: ਕਾਂਗਰਸ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨਾਲ ਜੁੜੇ ਮੁੱਦੇ ’ਤੇ ਅੱਜ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਸ਼ਖ਼ਸ ਦੇ ਇਤਿਹਾਸ ਬਾਰੇ ਹਰ ਕੋਈ ਜਾਣਦਾ ਹੈ ਅਤੇ ਇਹ ਵੀ ਪਤਾ ਹੈ ਕਿ ਉਨ੍ਹਾਂ ਨੇ ਰਾਖਵੇਂਕਰਨ ਬਾਰੇ ਕੀ ਬੋਲਿਆ ਸੀ। ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਦਿੱਲੀ ਵਿੱਚ ਬਾਬਾ ਸਾਹਿਬ ਦੇ ਨਾਂ ’ਤੇ ਵਜ਼ੀਫਾ ਸ਼ੁਰੂ ਕਰਨ ਦੇ ਕੇਜਰੀਵਾਲ ਦੇ ਵਾਅਦੇ ਬਾਰੇ ਪੁੱਛੇ ਜਾਣ ’ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ, ‘‘ਤੁਸੀਂ (ਪੱਤਰਕਾਰ) ਮੇਰੇ ਨਾਲੋਂ ਵੱਧ ਇਸ ਵਿਅਕਤੀ ਦੇ ਇਤਿਹਾਸ ਬਾਰੇ ਜਾਣਦੇ ਹੋ। ਇਸ ਵਿਅਕਤੀ ਨੇ ਪਹਿਲਾਂ ਰਾਖਵੇਂਕਰਨ ਲਈ ਕੀ ਬੋਲਿਆ ਸੀ, ਉਹ ਵੀ ਸਭ ਜਾਣਦੇ ਹਨ। ‘ਯੂਥ ਫਾਰ ਇਕੁਆਲਿਟੀ’ ਵਿੱਚ ਕੀ ਸੀ, ‘ਇੰਡੀਆ ਅਗੇਂਸਟ ਕਰੱਪਸ਼ਨ’ ਵਿੱਚ ਕੌਣ-ਕੌਣ ਸਨ, ਤੁਸੀਂ ਜਾਣਦੇ ਹੋ। ਮੇਰਾ ਮੂੰਹ ਨਾ ਖੁੱਲ੍ਹਵਾਓ।’’ ਖੇੜਾ ਨੇ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿੱਚ ਮੰਤਰੀ ਰਹੇ ਰਾਜਿੰਦਰਪਾਲ ਗੌਤਮ ਨੂੰ ਬਾਬਾ ਸਾਹਿਬ ਦਾ ਨਾਂ ਲੈਣ ਲਈ ਹਟਾ ਦਿੱਤਾ ਗਿਆ ਸੀ। ਗੌਤਮ ਹੁਣ ਕਾਂਗਰਸ ਵਿੱਚ ਹਨ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਹਨ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਅੱਜ ‘ਅੰਬੇਡਕਰ ਸਨਮਾਨ ਸਕਾਲਰਸ਼ਿਪ’ ਯੋਜਨਾ ਦਾ ਐਲਾਨ ਕੀਤਾ ਹੈ। -ਪੀਟੀਆਈ