ਕਰਜ਼ੇ ਦੀ ਅਦਾਇਗੀ ਨਾ ਕਰ ਸਕਣ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
ਪੱਤਰ ਪ੍ਰੇਰਕ
ਯਮੁਨਾਨਗਰ, 1 ਅਪਰੈਲ
ਜਗਾਧਰੀ ਦੀ ਸੁੰਦਰ ਨਗਰ ਕਲੋਨੀ ਦੇ ਰਹਿਣ ਵਾਲੇ ਮਨੋਜ ਵਰਮਾ (34) ਨੇ ਕਰਜ਼ੇ ਦੀ ਅਦਾਇਗੀ ਨਾ ਕਰ ਸਕਣ ਕਾਰਨ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕੋਲੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਮਕਾਨ ਵੇਚ ਕੇ ਕਰਜ਼ਾ ਮੋੜਨ ਬਾਰੇ ਲਿਖਿਆ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਧਾਰਾ 174 ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਜਾਣਕਾਰੀ ਅਨੁਸਾਰ ਮਨੋਜ ਵਰਮਾ ਦੀ ਬੁਡੀਆ ਚੁੰਗੀ ਵਿੱਚ ਟਾਈਲਾਂ ਅਤੇ ਪੱਥਰਾਂ ਦੀ ਦੁਕਾਨ ਹੈ। ਉਸ ਨੇ ਡੇਢ ਸਾਲ ਪਹਿਲਾਂ ਹੀ ਸੁੰਦਰ ਨਗਰ ਕਲੋਨੀ ਵਿੱਚ ਦੋ ਮੰਜ਼ਿਲਾ ਮਕਾਨ ਬਣਾਇਆ ਸੀ, ਜਿਸ ਲਈ ਉਸ ਨੇ ਬੈਂਕ ਤੋਂ ਕਰੀਬ 35 ਲੱਖ ਰੁਪਏ ਕਰਜ਼ਾ ਲਿਆ ਸੀ। ਕਰਜ਼ੇ ਦੀ ਰਕਮ ਵੀ ਉਸ ਨੇ ਆਪਣੇ ਕਾਰੋਬਾਰ ’ਤੇ ਖਰਚ ਕਰ ਦਿੱਤੀ ਸੀ। ਉਸ ਨੇ ਕੁਝ ਕਰਜ਼ਾ ਲਾਹ ਵੀ ਦਿੱਤਾ ਸੀ ਪਰ ਹੁਣ ਕੁਝ ਦਿਨਾਂ ਤੋਂ ਉਸ ਦਾ ਕੰਮ ਠੀਕ ਨਹੀਂ ਚੱਲ ਰਿਹਾ ਸੀ, ਜਿਸ ਕਰਕੇ ਉਹ ਕਰਜ਼ੇ ਦੀਆਂ ਕਿਸ਼ਤਾਂ ਅਦਾ ਕਰਨ ਦੇ ਸਮਰੱਥ ਨਹੀਂ ਸੀ। ਇਸ ਕਾਰਨ ਉਹ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਸੀ। ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਨੂੰ ਉਹ ਘਰ ਆਇਆ ਅਤੇ ਉਪਰਲੇ ਕਮਰੇ ਵਿੱਚ ਚਲਾ ਗਿਆ। ਇਸ ਦੌਰਾਨ ਉਸ ਦੀ ਪਤਨੀ ਆਸ਼ੂ ਸੈਕਟਰ-17 ਸਥਿਤ ਸਕੂਲ ’ਚ ਡਿਊਟੀ ’ਤੇ ਗਈ ਹੋਈ ਸੀ ਘਰ ਵਿੱਚ ਧੀਆਂ ਸਨ। ਜਦੋਂ ਉਨ੍ਹਾਂ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਪਿਤਾ ਮਨੋਜ ਨੇ ਉੱਥੇ ਫਾਹਾ ਲੈ ਲਿਆ ਸੀ। ਪੁਲੀਸ ਵੱਲੋਂ ਜਾਂਚ ਕਰਨ ’ਤੇ ਉਸ ਕੋਲੋਂ ਮਿਲੇ ਸੁਸਾਈਡ ਨੋਟ ਵਿੱਚ ਉਸ ਨੇ ਮਕਾਨ ਵੇਚ ਕੇ ਕਰਜ਼ਾ ਮੋੜਨ ਬਾਰੇ ਲਿਖਿਆ ਹੈ।