ਪਿੰਡ ਮਿਰਜਾਪੁਰ ਦੀ ਨਾਜਾਇਜ਼ ਕਲੋਨੀ ’ਚ ਚੱਲਿਆ ਪੀਲਾ ਪੰਜਾ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਜੁਲਾਈ
ਜ਼ਿਲ੍ਹਾ ਯੋਜਨਾਕਾਰ ਦੀ ਟੀਮ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਪਿੰਡ ਮਿਰਜਾਪੁਰ ਵਿੱਚ ਸਥਿਤ ਨਾਜਾਇਜ਼ ਕਲੋਨੀ ’ਚ ਪੀਲਾ ਪੰਜਾ ਚਲਾਇਆ। ਜ਼ਿਲ੍ਹਾ ਨਗਰ ਯੋਜਨਾਕਾਰ ਅਧਿਕਾਰੀ ਅਸ਼ੋਕ ਗਰਗ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਪਿੰਡ ਮਿਰਜਾਪੁਰ ਵਿੱਚ ਇੱਕ ਨਾਜਾਇਜ਼ ਕਲੋਨੀ ਵਿੱਚ ਡੀਸੀ ਦੇ ਹੁਕਮਾਂ ’ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਭੰਨ੍ਹ-ਤੋੜ ਦੀ ਕਾਰਵਾਈ ਕੀਤੀ ਗਈ ਹੈ। ਡੀਟੀਪੀ ਅਸ਼ੋਕ ਗਰਗ ਨੇ ਕਿਹਾ ਕਿ ਹਰਿਆਣਾ ਰੋਡਵੇਜ਼ ਕੁਰੂਕਸ਼ੇਤਰ ਦੇ ਮਹਾ ਪ੍ਰਬੰਧਕ ਸੁਖਦੇਵ ਸਿੰਘ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਦੀ ਅਗਵਾਈ ਵਿੱਚ ਪੁਲੀਸ ਫੋਰਸ ਤੇ ਡੀਟੀਪੀ ਦੀ ਟੀਮ ਨੇ ਪਿੰਡ ਮਿਰਜਾਪੁਰ ਵਿੱਚ 5 ਏਕੜ ਵਿੱਚ ਇਕ ਨਾਜਾਇਜ਼ ਕਲੋਨੀ ਵਿੱਚ 6 ਕੱਚੇ ਰਸਤਿਆਂ ਤੇ 9 ਡੀਪੀਸੀ ਨਾਜਾਇਜ਼ ਨਿਰਮਾਣ ਨੂੰ ਪੀਲੇ ਪੰਜੇ ਨਾਲ ਢਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜ਼ਮੀਨ ਮਾਲਕਾਂ ਤੇ ਪ੍ਰਾਪਰਟੀ ਡੀਲਰਾਂ ਨੂੰ ਐੱਚਡੀਆਰ ਨੋਟਿਸ ਜਾਰੀ ਕਰ ਕੇ ਜ਼ਰੂਰੀ ਇਜਾਜ਼ਤ ਲੈਣ ਦੇ ਹੁਕਮ ਜਾਰੀ ਕੀਤੇ ਗਏ ਸਨ। ਪਰ ਜ਼ਮੀਨ ਮਾਲਕ ਤੇ ਪ੍ਰਾਪਰਟੀ ਡੀਲਰਾਂ ਨੇ ਨਾ ਤਾਂ ਨਾਜਾਇਜ਼ ਕਲੋਨੀ ਵਿੱਚ ਕੀਤੇ ਜਾ ਰਹੇ ਨਿਰਮਾਣ ਨੂੰ ਰੋਕਿਆ ਤੇ ਨਾ ਹੀ ਵਿਭਾਗ ਤੋਂ ਮਨਜ਼ੂਰੀ ਲਈ। ਜਿਸ ’ਤੇ ਵਿਭਾਗ ਨੇ ਕਾਰਵਾਈ ਕਰਦੇ ਹੋਏ ਨਾਜਾਇਜ਼ ਕਲੋਨੀ ਵਿੱਚ ਹੋ ਰਹੇ ਨਿਰਮਾਣ ਨੂੰ ਨਸ਼ਟ ਕਰ ਦਿੱਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਸਤੇ ਪਲਾਟਾਂ ਦੇ ਚੱਕਰ ਵਿੱਚ ਪ੍ਰਾਪਰਟੀ ਡੀਲਰਾਂ ਦੇ ਬਹਿਕਾਵੇ ’ਚ ਆ ਕੇ ਪਲਾਟ ਨਾ ਖ਼ਰੀਦਣ ਤੇ ਨਾ ਹੀ ਨਿਰਮਾਣ ਕਰਨ। ਸਾਰੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਵੀ ਰਜਿਸਟਰੀ ਕਰਨ ਤੋਂ ਪਹਿਲਾਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਜੇ ਕੋਈ ਵੀ ਵਿਅਕਤੀ ਨਾਜਾਇਜ਼ ਕਲੋਨੀ ਵਿੱਚ ਪਲਾਟ ਖਰੀਦਦਾ ਹੈ ਤਾਂ ਉਸ ਖ਼ਿਲਾਫ਼ ਵੀ ਡੀਟੀਪੀ ਵਿਭਾਗ ਵੱਲੋਂ ਕਾਰਵਾਈ ਅਮਲ ’ਚ ਲਿਆਂਦੀ ਜਾਏਗੀ ਤੇ ਜਿਸ ’ਚ 50 ਹਜ਼ਾਰ ਰੁਪਏ ਜੁਰਮਾਨਾ ਤੇ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ।