For the best experience, open
https://m.punjabitribuneonline.com
on your mobile browser.
Advertisement

ਆਪਣਾ ਆਪਣਾ ਪਾਤਰ

11:54 AM May 26, 2024 IST
ਆਪਣਾ ਆਪਣਾ ਪਾਤਰ
Advertisement

ਆਤਮਜੀਤ

ਪਾਤਰ, ਅਜਮੇਰ ਔਲਖ ਅਤੇ ਵਰਿਆਮ ਸੰਧੂ, ਮੈਂ ਤਿੰਨਾਂ ਤੋਂ ਸਾਹਿਤਕ ਉਮਰ ਵਿਚ ਛੋਟਾ ਹਾਂ ਅਤੇ ਤਿੰਨਾਂ ਵੱਲ ਅਜਿਹੀ ਨਜ਼ਰ ਨਾਲ ਦੇਖਦਾ ਰਿਹਾ ਹਾਂ ਜਿਹੜੀ ਉਨ੍ਹਾਂ ਵਿੱਚੋਂ ਪ੍ਰੇਰਨਾ ਭਾਲਦੀ ਸੀ। ਪਾਤਰ ਪਹਿਲੀ ਵਾਰ ਅੰਮ੍ਰਿਤਸਰ ਆਇਆ ਤਾਂ ਉਹ ਪੰਜਾਬੀ ਯੂਨੀਵਰਸਟੀ ਦਾ ਵਡੇਰੀ ਪੱਧਰ ਦਾ ਵਿਦਿਆਰਥੀ ਸੀ; ਮੈਂ ਖਾਲਸਾ ਕਾਲਜ ਵਿਚ ਬੀਏ ਦੇ ਦੂਜੇ ਸਾਲ ਵਿਚ ਸੀ। ਉਸਦੀ ਗ਼ਜ਼ਲ ਅਤੇ ਸ਼ਖ਼ਸੀਅਤ, ਦੋਹਾਂ ਨੇ ਆਪਣੇ ਵੱਲ ਖਿੱਚਿਆ। ਲੁਧਿਆਣੇ ਵਿਚ ਮੇਰਾ ਨਾਟਕ ‘ਮੁਰਗੀਖਾਨਾ’ ਦੇਖ ਕੇ ਉਸਨੇ ਇਸ ਅੰਦਰਲੀ ਕਾਵਿਕਤਾ ਦੀ ਤਾਰੀਫ਼ ਕੀਤੀ; ਇਹ ਮੇਰੇ ਖ਼ੁਸ਼ ਹੋਣ ਦਾ ਵੱਡਾ ਕਾਰਨ ਸੀ। 1994 ਵਿਚ ਪਾਤਰ ਦੇ ਨਾਲ ਜਨਮੇਜਾ ਜੌਹਲ ਅਤੇ ਕੰਵਲਜੀਤ ਨੀਲੋਂ ਦੀ ਸੰਗਤ ਵਿਚ ਕਾਫ਼ੀ ਦਿਨ ਕੈਨੇਡਾ ਵਿਚ ਰਹਿਣ ਅਤੇ ਮਿਲਕੇ ਲੰਮੀ ਯਾਤਰਾ ਕਰਨ ਦਾ ਮੌਕਾ ਮਿਲਿਆ। ਇਸ ਸਫ਼ਰ ਨੇ ਮੈਨੂੰ ਪਾਤਰ ਨੂੰ ਹੋਰ ਨੇੜਿਉਂ ਵੇਖਣ-ਵਾਚਨ ਦਾ ਅਵਸਰ ਦਿੱਤਾ। 15 ਕੁ ਸਾਲ ਪਹਿਲਾਂ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਮੈਂ ਪਾਤਰ ਨਾਲ ਦਰਸ਼ਕਾਂ ਦੇ ਸਨਮੁਖ ਇਕ ਘੰਟਾ ਲੰਮਾ ਇੰਟਰਵਿਊ ਕੀਤਾ। ਨਿਸਚੈ ਹੀ ਉਹ ਸਭ ਤੋਂ ਵੱਧ ਤਸੱਲੀ ਵਾਲੀ ਗੱਲਬਾਤ ਸੀ ਹਾਲਾਂਕਿ ਡਾ. ਹਰਿਭਜਨ ਸਿੰਘ, ਤਾਰਾ ਸਿੰਘ, ਜਸਵਿੰਦਰ, ਮਨਮੋਹਨ ਆਦਿਕ ਕਵੀਆਂ ਨਾਲ ਵੀ ਮੈਂ ਅਜਿਹੇ ਰੂਬਰੂ ਕਰ ਚੁੱਕਾ ਹਾਂ।
ਸੁਰਜੀਤ ਪਾਤਰ ਆਪਣੀ ਰਚਨਾ ਪ੍ਰਤੀ ਬਹੁਤ ਇਮਾਨਦਾਰ ਲੇਖਕ ਸੀ। ਕੁਝ ਆਲੋਚਕਾਂ ਨੂੰ ਇਤਰਾਜ਼ ਹੈ ਕਿ ਉਹ ਰੁਦਨ ਦਾ ਲੇਖਕ ਹੈ। ਉਹ ਦੁਖੜੇ ਫੋਲਕੇ ਅਤੇ ਗਾਇਕੀ ਦਾ ਇਸਤੇਮਾਲ ਕਰਕੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦਾ ਰਿਹਾ ਹੈ। ਇਕ-ਅੱਧ ਨੂੰ ਗਿਲਾ ਹੈ ਕਿ ਉਸਦੀ ਕਵਿਤਾ ਪੰਜਾਬ ਦੇ ਸਮੁੱਚੇ ਦਰਦ ਦਾ ਪ੍ਰਗਟਾਵਾ ਨਹੀਂ ਕਰਦੀ। ਇਸਦੇ ਉਲਟ ਕਈਆਂ ਦਾ ਰੋਸਾ ਹੈ ਕਿ ਉਹ ਦਿੱਲੀ ਵਿਚਲੇ ਸਿੱਖ ਦੰਗਿਆਂ ਉੱਤੇ ਲਿਖਦਿਆਂ ਉਲਾਰ ਹੋ ਗਿਆ। ਪਰ ਸਾਡੀ ਨਜ਼ਰ ਵਿਚ ਉਹ ਇੱਕੀਵੀਂ ਸਦੀ ਦਾ ਮਹਾਨਤਮ ਪੰਜਾਬੀ ਸ਼ਾਇਰ ਹੈ ਜਿਸਦਾ ਸਮੁੱਚੀ ਪੰਜਾਬੀ ਸ਼ਾਇਰੀ ਵਿਚ ਵੀ ਮਾਣਮੱਤਾ ਸਥਾਨ ਹੈ। ਵਰਿਆਮ ਸੰਧੂ ਦਾ ਇਹ ਕਹਿਣਾ ਵੱਡਾ ਸੱਚ ਹੈ ਕਿ ਵਾਰਿਸ ਸ਼ਾਹ ਤੋਂ ਬਾਅਦ ਪਾਤਰ ਨੂੰ ਹੀ ਲੇਖਕਾਂ, ਲੀਡਰਾਂ ਤੇ ਆਮ ਲੋਕਾਂ ਨੇ ਅਪਣਾਇਆ ਅਤੇ ਆਪਣੀ ਗੱਲ ਕਹਿਣ ਵਾਸਤੇ ਉਸਦੀ ਕਵਿਤਾ ਨੂੰ ਹਵਾਲੇ ਵਜੋਂ ਵਰਤਿਆ। ਪਾਤਰ ਦੀ ਇਸ ਤਾਕਤ ਦੇ ਪਿੱਛੇ ਬਹੁਤ ਸਾਰੇ ਕਾਰਨ ਹਨ। ਪਰਿਵਾਰ ਕਰਕੇ ਉਸਦਾ ਕਿਰਤੀ ਪਿਛਕੋੜ, ਅੰਦਰ ਰਮਿਆ ਸੰਗੀਤ, ਸਿੱਖ ਧਰਮ ਦਾ ਦਾਰਸ਼ਨਿਕ ਆਧਾਰ, ਆਪਣੀ ਕਮਾਈ ਬੋਲੀ ਦੀ ਮਹੀਨ ਪਛਾਣ, ਸੂਖਮ ਸੰਵੇਦਨਾਵਾਂ, ਸੁਭਾਅ ਦਾ ਠਰ੍ਹੰਮਾ, ਸੁਹਜਾਤਮਕ ਬਿੰਬਾਵਲੀ ਆਦਿਕ ਉਸਦੇ ਖ਼ਾਸ ਗੁਣ ਹਨ। ਆਪਣੇ-ਆਪ ਅਤੇ ਰਚਨਾ ਪ੍ਰਤੀ ਇਮਾਨਦਾਰੀ ਵੀ ਉਸਦਾ ਮੀਰੀ ਗੁਣ ਹੈ। ਅਤਿ ਦੀ ਸੁਹਿਰਦਤਾ ਉਸਦੇ ਕਾਵਿ-ਸੰਸਾਰ ਨੂੰ ਅਜਿਹੀ ਗਹਿਰਾਈ ਦੇਂਦੀ ਹੈ ਕਿ ਇਮਾਨਦਾਰ ਪਾਠਕ ਅਤੇ ਲੇਖਕ ਵਿਚਲੀ ਵਿੱਥ ਖ਼ਤਮ ਹੋ ਜਾਂਦੀ ਹੈ।
ਪਾਤਰ ਜਾਣਦਾ ਹੈ ਕਿ ਉਸਦੀ ਕਵਿਤਾ ‘ਧੁਰ ਕੀ ਬਾਣੀ’ ਨਹੀਂ ਹੈ। ਜਦੋਂ ਉਹ ਲਿਖਦਾ ਹੈ ਕਿ ‘‘ਇਬਾਰਤ ਮੈਂ ਨਹੀਂ ਕੋਈ, ਸ਼ਿਲਾਲੇਖੀਂ ਲਿਖੀ ਹੋਈ; ਮੈਂ ਹਾਂ ਇਕ ਬਣ ਰਿਹਾ ਫ਼ਿਕਰਾ, ਜੋ ਅਕਸਰ ਬਦਲਦਾ ਰਹਿਨਾਂ’’ ਤਾਂ ਸਪਸ਼ਟ ਹੈ ਕਿ ਉਹ ਆਪਣੀ ਸੋਚ-ਪ੍ਰਕਿਰਿਆ ਵਿਚ ਵਿਗਸ ਰਿਹਾ ਹੈ। ਉਸਦੇ ਸ਼ਬਦ ‘ਬਦਲਦਾ ਰਹਿਨਾਂ’ ਕਾਰਨ ਉਸ ’ਤੇ ਇਲਜ਼ਾਮ ਧਰਿਆ ਜਾ ਸਕਦਾ ਹੈ ਕਿ ਉਹ ਸਮੇਂ ਅਨੁਸਾਰ ਬਦਲ ਜਾਂਦਾ ਹੈ। ਪਰ ਜੇ ਅਸੀਂ ਇਸ ਤੁਕ ਨੂੰ ਸਮੱਗਰ ਤੌਰ ’ਤੇ ਦੇਖੀਏ ਤਾਂ ਪਾਤਰ ਦੀ ਇਮਾਨਦਾਰੀ ਉੱਤੇ ਕੋਈ ਸ਼ੱਕ-ਸ਼ੁਬ੍ਹਾ ਨਹੀਂ ਬਚਦਾ। ਉਹ ਬਣ ਰਹੇ ਫਿਕਰੇ (ਨਾ ਕਿ ਬਦਲ ਰਹੇ ਫਿਕਰੇ) ਪ੍ਰਤੀ ਚਿੰਤਿਤ ਹੈ ਜੋ ਉਸਦੇ ਅੰਦਰ ਖੌਰੂ ਪਾ ਰਿਹਾ ਹੈ। ਇਹੀ ਵਿਗਾਸ ਹੈ। ਅੰਤਿਮ ਸੱਚ ਨੂੰ ਜਾਨਣ ਦੀ ਗੱਲ ਤਾਂ ਦੂਰ, ਸੱਚ ਜਾਂ ਝੂਠ ਕੀ ਹੈ, ਇਸਦੀ ਪਛਾਣ ਵੀ ਸੁਖਾਲੀ ਨਹੀਂ ਹੁੰਦੀ। ਪਾਤਰ ਉਸ ਮਨੁੱਖੀ ਦੁਬਿਧਾ ਨੂੰ ਜ਼ੁਬਾਨ ਦੇ ਰਿਹਾ ਹੈ ਜੋ ਸਾਡੇ ਸਾਰਿਆਂ ਦੇ ਅੰਦਰ ਵੱਸਦੀ ਹੈ ਅਤੇ ਜਿਸ ਦੁਬਿਧਾ ਵਿਚੋਂ ਨਿਕਲਣ ਲਈ ਕੋਈ ਵੀ ਚਿੰਤਨਸ਼ੀਲ ਅਤੇ ਸੰਵੇਦਨਸ਼ੀਲ ਇਨਸਾਨ ਹਮੇਸ਼ਾ ਤਤਪਰ ਹੈ। ਇਹ ਦੁਬਿਧਾ ਉਸਨੂੰ ਸਵੈ-ਪੜਚੋਲ ਦੇ ਰਾਹੇ ਪਾਉਂਦੀ ਹੈ। ਇਸ ਦੁਬਿਧਾ ਦੀ ਇਕ ਲੰਮੀ ਪੈੜ ਹੈ ਜੋ ਉਸਦੀ ਕਾਵਿ-ਧਰਤ ਉੱਤੇ ਆਸਾਨੀ ਨਾਲ ਪਛਾਣੀ ਜਾ ਸਕਦੀ ਹੈ: ‘‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ?’’ ਜਾਂ ਉਹ ਲਿਖਦਾ ਹੈ: ‘‘ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤਕ ਨਾ ਖਲ੍ਹਿਆਰ, ਮੈਲੇ ਮਨ ਵਾਲੇ ਮੁਜਰਿਮ ਨੂੰ, ਇਸ ਮੌਤੇ ਨਾ ਮਾਰ; ਮਿੱਟੀ ਉੱਤੇ, ਫੁੱਲ ਦੇ ਉੱਤੇ, ਤੇ ਸ਼ਾਇਰ ਦੇ ਦਿਲ ਤੇ, ਇਕ ਮੋਈ ਤਿਤਲੀ ਦਾ ਹੁੰਦਾ ਵੱਖੋ-ਵੱਖਰਾ ਭਾਰ।’’ ਉਸਦੇ ਅੰਦਰਲਾ ਵਾਰਤਾਲਾਪ ਸਿਰਫ਼ ਵਰਤਮਾਨ ਤਕ ਸੀਮਿਤ ਨਹੀਂ, ਊਹ ਡੂੰਘੇ ਅਤੀਤ ਵਿਚ ਵੀ ਉਤਰ ਕੇ ਆਪਣੇ-ਆਪ ਅਤੇ ਨਵੀਆਂ-ਪੁਰਾਣੀਆਂ ਪੀੜ੍ਹੀਆਂ ਨਾਲ ਗੱਲਾਂ ਕਰਦਿਆਂ ਆਪਣਾ ਅਧੂਰਾ ਫ਼ਿਕਰਾ ਮੁਕੰਮਲ ਕਰਨ ਦੇ ਰਾਹੇ ਹੈ:
ਮੇਰੇ ਅੰਦਰ ਵੀ ਚੱਲਦੀ ਹੈ ਇਕ ਗੁਫ਼ਤਗੂ
ਜਿੱਥੇ ਮੇਰੇ ਲਫ਼ਜ਼ਾਂ ’ਚ ਢਲਦਾ ਹੈ ਮੇਰਾ ਲਹੂ
ਜਿੱਥੇ ਮੇਰੀ ਬਹਿਸ ਹੈ ਮੇਰੇ ਨਾਲ
ਜਿੱਥੇ ਵਾਰਿਸ ਤੇ ਪੁਰਖੇ ਖੜੇ ਰੂਬਰੂ
ਜਦੋਂ ਉਹ ਲਿਖਦਾ ਹੈ ਕਿ ‘‘ਦੂਰ ਜੇਕਰ ਅਜੇ ਸਵੇਰਾ ਹੈ, ਇਸ ’ਚ ਕਾਫ਼ੀ ਕਸੂਰ ਮੇਰਾ ਹੈ’’ ਤਾਂ ਉਹ ਨਿਸਚੈ ਹੀ ਆਪਣੀ ਜ਼ਾਤੀ ਗੱਲ ਨਹੀਂ ਕਰ ਰਿਹਾ; ਉਹ ਤੁਹਾਡੀ ਅਤੇ ਮੇਰੀ ਗੱਲ ਵੀ ਕਹਿ ਰਿਹਾ ਹੈ। ਪਰ ਪੇਸ਼ਕਾਰੀ ਦਾ ਸੁਰ ਏਨਾ ਮੱਧਮ ਪਰ ਸਪਸ਼ਟ ਹੈ ਕਿ ਉਸਦੀ ਗੱਲ ਦਾ ਸਾਧਾਰਨੀਕਰਨ ਹੋ ਜਾਂਦਾ ਹੈ ਅਤੇ ਉਸਦਾ ਸ਼ੇਅਰ ਸਰਬ-ਵਿਆਪੀ ਬਣਦਾ ਹੈ। ਉਸਦਾ ਅਗਲਾ ਸ਼ੇਅਰ ਬਹੁਤ ਪ੍ਰਮਾਣੀਕਤਾ ਨਾਲ ਸਾਡੀ ਉਪਰੋਕਤ ਸਾਰੀ ਗੱਲ ਦੀ ਪੁਸ਼ਟੀ ਕਰੇਗਾ: ‘‘ਹਉਮੈ, ਮਮਤਾ, ਖੌਫ਼, ਦੁਚਿਤੀ, ਚਾਰੇ ਪਾਸੇ ਕੰਧਾਂ ਨੇ; ਐ ਮਨ ਟੋਲ ਕੋਈ ਦਰਵਾਜ਼ਾ, ਹੋਣਾ ਬੰਦ-ਖਲਾਸ ਵੀ ਹੈ।’’
ਜਦੋਂ ਮੈਂ ਪਾਤਰ ਦੀਆਂ ਪੁਸਤਕਾਂ ਦੇ ਨਾਮ ਦੇਖਦਾ ਹਾਂ ਤਾਂ ਮੈਨੂੰ ਉਸ ਅੰਦਰਲੀ ਦੁਬਿਧਾ ਅਤੇ ਸੰਘਰਸ਼ ਦਾ ਅਕਸ ਹੋਰ ਵੀ ਗੂੜ੍ਹਾ ਹੁੰਦਾ ਨਜ਼ਰ ਆਉਂਦਾ ਹੈ। ਉਹ ਆਪਣੇ ‘ਹਰਫ਼ਾਂ’ ਨੂੰ ‘ਹਵਾ’ ਵਿਚ ਲਿਖਦਾ ਹੈ, ਉਸਦੇ ਜ਼ਿਹਨ ਵਿਚ ‘ਬਿਰਖ’ ‘ਅਰਜ਼’ ਕਰਦਾ ਹੈ, ਉਸਦੇ ‘ਅੱਖਰ’ ‘ਹਨੇਰੇ’ ਵਿਚ ‘ਸੁਲਗਦੇ’ ਹਨ, ਉਹ ‘ਲਫ਼ਜ਼ਾਂ ਦੀ ਦਰਗਾਹ’ ਅਤੇ ‘ਪੱਤਝੜ ਦੀ ਪਾਜ਼ੇਬ’ ਬਣਾਉਂਦਾ ਹੈ। ਉਸਦੀ ਰਹਿਤਲ ਜਾਂ ‘ਜ਼ਮੀਨ’ ਵੀ ‘ਸੁਰਾਂ’ ਦੀ ਹੈ। ‘ਇਹ ਬਾਤ ਸਿਰਫ਼ ਏਨੀ ਹੀ ਨਹੀਂ’ ਉਸਦੀ ਇਕੱਲੀ ਅਜਿਹੀ ਪੁਸਤਕ ਹੈ ਜਿਸ ਦੇ ਟਾਈਟਲ ਨਾਲ ਉਹ ਇਕ ਸਪਸ਼ਟ ਸੰਦੇਸ ਸਿਰਜਦਾ ਜਾਪਦਾ ਹੈ। ਇਸ ਪੁਸਤਕ ਵਿਚ ਵਾਰਤਕ ਦੀਆਂ ਟੁਕੜੀਆਂ ਵੀ ਹਨ ਅਤੇ ਇਹ ਸਿੱਧੇ ਤੌਰ ’ਤੇ ਕਿਸਾਨੀ ਸੰਘਰਸ਼ ਦੀ ਕਿਤਾਬ ਹੈ। ਇਸ ਵਿਸ਼ੇਸ਼ ਰਚਨਾ ਵਿਚ ਕੋਈ ਦੁਬਿਧਾ ਨਹੀਂ। ਉਹ ਲਿਖਦਾ ਹੈ: ‘‘ਤੇਰੇ ਨਾਲ ਵਜ਼ੀਰ ਖੜੇ, ਮੇਰੇ ਨਾਲ ਪੈਗੰਬਰ ਪੀਰ ਖੜੇ; ਰਵਿਦਾਸ, ਫ਼ਕੀਰ ਕਬੀਰ ਖੜੇ, ਮੇਰੇ ਨਾਨਕ ਸ਼ਾਹ ਫ਼ਕੀਰ ਖੜ੍ਹੇ’’। ਇਸ ਨਜ਼ਮ ਵਿਚ ਉਹ ਸਿੱਧੇ ਤੌਰ ’ਤੇ ਸੱਤਾ ਤੇ ਉਸਦੇ ਤਾਨਾਸ਼ਾਹੀ ਅਤੇ ਸਰਮਾਏਦਾਰੀ ਹੱਥਕੰਡਿਆਂ ਨੂੰ ਵੰਗਾਰਦਿਆਂ ਕਿਸਾਨਾਂ ਦੀ ਦੁਬਿਧਾ ਅਤੇ ਮੰਦ-ਸਥਿਤੀ ਨੂੰ ੳਭਾਰਦਾ ਹੈ। ਪਰ ਜ਼ਰੂਰੀ ਗੱਲ ਇਹ ਵੀ ਹੈ ਕਿ ਭਾਵੇਂ ਬਾਕੀ ਲਗਪਗ ਸਾਰੀਆਂ ਪੁਸਤਕਾਂ ਦੇ ਨਾਂ ਐਬਸਟਰੈਕਟ ਹਨ ਪਰ ਉਹ ਆਪਣੀ ਹਰ ਰਚਨਾ ਵਿਚ ਦੁਬਿਧਾਗ੍ਰਸਤ ਨਹੀਂ। ਬਲਕਿ ਪਾਤਰ ਦਾ ਕਮਾਲ ਇਹ ਹੈ ਕਿ ਉਹ ਹਰ ਕਾਲ-ਖੰਡ ਵਿਚ ਇਸ ਦੁਬਿਧਾ ਨਾਲ ਲੜਦਾ ਹੋਇਆ ਇਸ ਵਿੱਚੋਂ ਬਾਹਰ ਵੀ ਆਉਂਦਾ ਹੈ ਅਤੇ ਆਸ ਦਾ ਇਕ ਬਲਵਾਨ ਸੰਦੇਸ਼ ਸਿਰਜਦਾ ਹੈ। ਉਸਦਾ ਸੰਦੇਸ਼ ਹਰ ਹਾਲਤ ਵਿਚ ਉਸਦੀ ਅੰਦਰੂਨੀ ਜੰਗ ਵਿੱਚੋਂ ਨਿਕਲਿਆ ਹੋਣ ਕਾਰਨ ਜ਼ਿਆਦਾ ਵਿਸ਼ਵਾਸਯੋਗ ਹੈ। ਉਸਦਾ ਸੰਦੇਸ਼ ਯਥਾਰਥ ਦੀ ਜ਼ਮੀਨ ’ਤੇ ਟਿਕਿਆ ਪ੍ਰਤੀਤ ਹੁੰਦਾ ਹੈ, ਚੇਪਿਆ ਹੋਇਆ ਨਹੀਂ ਲਗਦਾ। ਉਸਦੀ ਇਸ ਪੂਰੀ ਪ੍ਰਕਿਰਿਆ ਨੂੰ ਇਨ੍ਹਾਂ ਅਸ਼ਰਾਰ ਵਿਚ ਬਾਖ਼ੂਬੀ ਪਛਾਣਿਆ ਜਾ ਸਕਦਾ ਹੈ: ‘‘ਹੈ ਮੇਰੇ ਸੀਨੇ ’ਚ ਕੰਪਨ, ਮੈਂ ਇਮਤਿਹਾਨ ’ਚ ਹਾਂ; ਮੈਂ ਖਿੱਚਿਆ ਤੀਰ ਹਾਂ, ਐਪਰ ਅਜੇ ਕਮਾਨ ’ਚ ਹਾਂ। ਜ਼ਮੀਨ ਰਥ ਹੈ ਮੇਰਾ, ਬਿਰਖ ਨੇ ਮੇਰੇ ਪਰਚਮ; ਤੇ ਮੇਰਾ ਮੁਕਟ ਹੈ ਸੂਰਜ, ਤੇ ਮੈਂ ਸ਼ਾਨ ’ਚ ਹਾਂ।’’ ਪਰ ਉਹ ਆਪਣੀ ਤਾਕਤ ਨੂੰ ਆਪਣੇ ਅੰਦਰੋਂ ਲੱਭਣ ਦੀ ਗੱਲ ਕਰਦਾ ਹੈ, ਕਿਉਂਕਿ ਉਸਦੀ ਜ਼ਾਤੀ ਪ੍ਰਕਿਰਿਆ ਇਹੋ ਸੀ। ਇਸੇ ਲਈ ਉਹ ਸਾਨੂੰ ਕਹਿੰਦਾ ਹੈ ਕਿ ਅਸੀਂ ਸਾਜ਼ ਵੀ ਹਾਂ ਅਤੇ ਸਾਜ਼-ਨਵਾਜ਼ ਵੀ ਹਾਂ। ਆਪਣੀ ਖ਼ਾਮੋਸ਼ੀ ਦੀਆਂ ਧੁਨਾਂ ਸੁਣ ਕੇ ਉਸ ਸਾਜ਼ ਨਾਲ ਇਕਸੁਰ ਹੋਣ ਦੀ ਗੱਲ ਕਰਦਾ ਹੈ ਸੁਰਜੀਤ ਪਾਤਰ। ਉਸ ਅਨੁਸਾਰ ਸਾਨੂੰ ਆਪਣੀ ਤਾਕਤ ਸੱਚੇ ਵਾਕ ਅਤੇ ਸੱਚੇ ਸਾਕ ਸਿਰਜਣ ਵਾਸਤੇ ਲਾ ਦੇਣੀ ਚਾਹੀਦੀ ਹੈ। ਉਹ ਅਸਤ-ਵਿਅਸਤ ਹੋਏ ਲੋਕਾਂ ਅਤੇ ਲਫ਼ਜ਼ਾਂ ਨੂੰ ਇਕੱਠੇ ਹੋਣ ਦੀ ਗੱਲ ਤਾਂ ਕਰਦਾ ਹੈ ਪਰ ਉਹ ਕਿਸੇ ਜੁਗ-ਗਰਦੀ ਦੀ ਸਿਰਜਣਾ ਲਈ ਨਹੀਂ ਪ੍ਰੇਰਦਾ; ਉਸਦੀ ਮੰਗ ਤਾਂ ਸਿਰਫ਼ ਇਹ ਹੈ ਕਿ ਉਸਦੀ ਜ਼ਿੰਦਗੀ ਵਿਚ ਸੁੱਚਾ ਸ਼ਬਦ ਅਤੇ ਸੱਚਾ ਸੁਰ ਟਿਕ ਜਾਵੇ: ‘‘ਇਕ ਖਾਬ ਦੇ ਤੇ ਕਿਤਾਬ ਦੇ, ਇਕ ਇੰਤਜ਼ਾਰ ਦੇ; ਤੇ ਫੇਰ ਭਾਵੇਂ ਉਮਰ ਭਰ ਕਿਧਰੇ ਖਲਾਰ ਦੇ; ਸ਼ੀਸ਼ਾ ਨਾ ਬਣ, ਦਿਖਾ ਨਾ ਬਸ ਚਿਹਰੇ ਦੀ ਧੂੜ ਹੀ; ਤੂੰ ਨੀਰ ਬਣ ਤੇ ਧੂੜ ਵੀ ਮੁਖ ਤੋਂ ਉਤਾਰ ਦੇ; ਇਹ ਤੇਗ ਪਾਸੇ ਰੱਖ ਦੇ ਜੇ ਮੈਨੂੰ ਮਾਰਨਾ; ਸੀਨੇ ਚ ਕੋਈ ਸ਼ਬਦ, ਕੋਈ ਸੁਰ ਉਤਾਰ ਦੇ।’’ ਉਹ ਹਰ ਗੱਲ ਦਾ ਸੱਤਾ ਉੱਤੇ ਇਲਜ਼ਾਮ ਧਰਨ ਨਾਲੋਂ ਸਵੈ-ਪੜਚੋਲ ਦੀ ਗੱਲ ਵੀ ਕਰਦਾ ਹੈ: ‘‘ਦੂਰ ਜੇਕਰ ਅਜੇ ਸਵੇਰਾ ਹੈ, ਇਸ ’ਚ ਕਾਫ਼ੀ ਕਸੂਰ ਮੇਰਾ ਹੈ।’’
ਪਰ ਪਾਤਰ ਨੂੰ ਇਸ ਗੱਲ ਦਾ ਅਫ਼ਸੋਸ ਜ਼ਰੂਰ ਹੈ ਕਿ ਉਸ ਜੇਹੇ ਨਿਮਨ ਸੁਰ ਵਾਲੇ ਬੰਦਿਆਂ ਦੀ ਅੰਦਰੂਨੀ ਅਤੇ ਬਾਹਰੀ ਲੜਾਈ ਨੂੰ ਹਮੇਸ਼ਾ ਅਣਗੌਲਿਆ ਕੀਤਾ ਗਿਆ। ਇਕ ਛੋਟੀ ਜਿਹੀ ਨਜ਼ਮ ਵਿਚ ਉਹ ਦੱਸਦਾ ਹੈ ਕਿ ‘‘ਉਹ ਜਿਨ੍ਹਾਂ ਲੋਕਾਂ ਲਈ ਪੁਲ ਬਣਿਆ, ਉਸੇ ਤੋਂ ਲੰਘਦਿਆਂ ਉਹੀ ਲੋਕ ਕਹਿ ਰਹੇ ਸਨ ਕਿ ਇਹ ਚੁੱਪ ਜਿਹਾ ਬੰਦਾ (ਪਾਤਰ) ਕਿੱਥੇ ਰਹਿ ਗਿਆ, ਉਹ ਜ਼ਰੂਰ ਪਰਤ ਗਿਆ ਹੋਣੈ; ਸਾਨੂੰ ਪਤਾ ਸੀ ਉਹਦੇ ਵਿਚ ਦਮ ਨਹੀਂ ਹੈ।’’ ਆਪਣੇ ਇਸ ਗਿਲੇ ਨੂੰ ਜ਼ਿਆਦਾ ਸਪਸ਼ਟ ਤੌਰ ’ਤੇ ਇਉਂ ਵੀ ਪੇਸ਼ ਕਰਦਾ ਹੈ: ‘‘ਏਨਾ ਹੀ ਬਹੁਤ ਹੈ ਕਿ ਮੇਰੇ ਖ਼ੂਨ ਨੇ ਰੁੱਖ ਸਿੰਜਿਆ, ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ?’’ ਉਸਦਾ ਆਸ਼ਾਵਾਦ ਜ਼ਿੰਦਗੀ ਦੇ ਯਥਾਰਥ ਵਿੱਚੋਂ ਉਸ ਨਾਲ ਖਹਿ ਕੇ ਨਿਕਲਦਾ ਹੈ। ਉਹ ਉਸ ਬਲਦੇ ਰੁੱਖ ਵਾਂਗ ਹੈ ਜਿਹੜਾ ਦੂਜਿਆਂ ਵਾਸਤੇ ਬਹਾਰ ਦੀ ਉਡੀਕ ਵਿਚ ਹੈ। ਉਹ ਇਮਾਰਤਾਂ ਦੇ ਅੰਦਰ ਇਬਾਰਤਾਂ ਤੇ ਪੱਥਰਾਂ ਵਿਚ ਆਤਮਾ ਭਰਦਾ ਰਿਹਾ। ਉਸਦੀ ਲੋਅ ਦੀਵੇ ਜਿਹੀ ਸੀ ਪਰ ਉਸਦਾ ਵਿਸ਼ਵਾਸ ਹੈ ਕਿ ਉਹ ਤਾਰੇ ਵਾਂਗ ਚਮਕੇਗਾ, ਤੇ ਇਸ ਸੱਚ ਨੂੰ ਅੱਜ ਦੇਖਿਆ ਜਾ ਸਕਦਾ ਹੈ।
ਪਾਤਰ ਆਪਣੇ ਯੁੱਗ ਦੇ ਦੋ ਮਹਾਨ ਕਵੀਆਂ ਸ਼ਿਵ ਕੁਮਾਰ ਅਤੇ ਪਾਸ਼ ਨਾਲੋਂ ਇਸ ਲਈ ਵੱਖਰਾ ਹੈ ਕਿਉਂਕਿ ਦੋਹਾਂ ਦੀਆਂ ਰਚਨਾਵਾਂ ਮਾਣਦਿਆਂ ਵੀ ਕੋਈ ਸ਼ਿਵ ਨਹੀਂ ਹੋਣਾ ਚਾਹੁੰਦਾ; ਪਾਸ਼ ਬਣਨਾ ਤਾਂ ਹੈ ਹੀ ਬਹੁਤ ਮੁਸ਼ਕਲ। ਪਾਠਕ ਉਹਨਾਂ ਨੂੰ ਵਿੱਥ ’ਤੇ ਖਲੋ ਕੇ ਮਾਣਦੇ ਤੇ ਪਿਆਰਦੇ ਹਨ। ਪਰ ਪਾਤਰ ਜ਼ਿੰਦਗੀ ਦੇ ਬਹੁਤ ਨੇੜੇ ਹੈ। ਪਾਤਰ ਵਿੱਚੋਂ ਪਾਠਕ ਆਪਣਾ-ਆਪ ਦੇਖਦਾ ਹੈ, ਉਸਨੂੰ ਆਪਣਾ ਚਿਹਰਾ ਲੱਭਦਾ ਹੈ। ਪਾਠਕ ਪਾਤਰ ਦੀ ਕਵਿਤਾ ਨਾਲ ਇਕਦਮ ਆਤਮਸਾਤ ਹੋ ਜਾਂਦਾ ਹੈ। ਉਸਦਾ ਹੇਠਲਾ ਸੁਨੇਹਾ ਦੁਨੀਆਂ ਦੇ ਹਰ ਬਸ਼ਰ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਹਰੇਕ ਬੰਦਾ ਪਾਤਰ ਵਰਗਾ ਹੋਣਾ ਚਾਹੁੰਦਾ ਹੈ:
ਜੇ ਆਈ ਪਤਝੜ ਤਾਂ ਫ਼ੇਰ ਕੀ ਏ, ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਉਂ ਲਿਆਉਨਾਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।
ਸੰਪਰਕ: 98760-18501

Advertisement

ਹਰਫ਼ਾਂ ’ਚ ਤੇਰੀਆਂ ਯਾਦਾਂ

ਤਰਜ਼ ਬਣ ਉੱਭਰਿਆ ਪਾਤਰ

ਸੁਰਜੀਤ ਪਾਤਰ ਦੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਮਗਰੋਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਇਨਸਾਨੀਅਤ ਦਾ ਅਹਿਸਾਸ ਰੱਖਣ ਵਾਲਿਆਂ ਨੂੰ ਅਜੇ ਭੋਰਾ ਵੀ ਧਰਵਾਸ ਨਹੀਂ ਆਇਆ। ਇਸ ਹਰਮਨਪਿਆਰੇ ਕਵੀ ਨੂੰ ਬੰਦਗੀ ’ਚ ਅਕੀਦਤ ਰੱਖਣ ਵਾਲਾ ਹਰ ਬੰਦਾ ਹਮੇਸ਼ਾ ਸਿਜਦਾ ਕਰਦਾ ਰਹੇਗਾ। 19 ਮਈ ਨੂੰ ਛਪਿਆ, ਅੰਤਾਂ ਦਾ ਖ਼ੂਬਸੂਰਤ ‘ਖ਼ਤਾਂ ’ਚ ਪਾਤਰ ਦਾ ਸਿਰਨਾਵਾਂ’ ਪੜ੍ਹ ਕੇ ਵੀ ਲੱਗਿਆ ਕਿ ਪਾਤਰ ਜਿਹੇ ਸ਼ਖ਼ਸ ਨੂੰ ਬਿਆਨਣ ਲਈ ਸ਼ਾਇਦ ਸਾਰੇ ਹੀ ਭਾਵਭਿੰਨੇ ਸ਼ਬਦ ਅਜੇ ਵੀ ਨਾਕਾਫ਼ੀ ਸਾਬਤ ਹੋ ਰਹੇ ਹਨ। ਇੱਕ ਵਿਅਕਤੀ ਵਜੋਂ ਕਵੀ ਪਾਤਰ ਸਾਰੀਆਂ ਹਾਂਦਰੂ ਕਦਰਾਂ ਦਾ ਮੁਜੱਸਮਾ ਸੀ। ਸੁਖਵਿੰਦਰ ਅੰਮ੍ਰਿਤ ਦਾ ਪਾਤਰ ਲਈ ਲਿਖਿਆ ‘ਮੁਰਸ਼ਦਨਾਮਾ’ ਵਿਚਲੀਆਂ ਕੁਝ ਨਾਯਾਬ ਸਤਰਾਂ ਪਾਠਕਾਂ ਨਾਲ ਸਾਂਝੀਆਂ ਕਰਨਾ ਚਾਹੁੰਦੀ ਹਾਂ:
ਮੁਰਸ਼ਦਨਾਮਾ
ਮੁਹੱਬਤ ਵੇਦਨਾ ਨੇਕੀ ਹਲੀਮੀ ਤੇ ਵਫ਼ਾ ਪਾਤਰ
ਮਿਲਾ ਕੇ ਪੰਜ ਤੱਤ ਇਕ ਸਾਰ ਰੱਬ ਨੇ ਸਿਰਜਿਆ ਪਾਤਰ
ਸਮੇਂ ਦੇ ਗੰਧਲੇ ਪਾਣੀ ’ਤੇ ਉਹ ਤਰਿਆ ਫੁੱਲ ਦੇ ਵਾਂਗੂੰ
ਸਮੇਂ ਦੇ ਸ਼ੋਰ ’ਚੋਂ ਇਕ ਤਰਜ਼ ਬਣ ਕੇ ਉਭਰਿਆ ਪਾਤਰ
ਖਿੜੇ ਗੁੰਚੇ ਜਗੇ ਦੀਵੇ ਤਰੰਗਿਤ ਹੋ ਗਏ ਪਾਣੀ
ਇਹ ਅਨਹਦ ਨਾਦ ਵਜਦਾ ਹੈ ਜਾਂ ਕਿਧਰੇ ਗਾ
ਰਿਹਾ ਪਾਤਰ
ਕਮਲੇਸ਼ ਉੱਪਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅੰਬਰੋਂ ਟੁੱਟਿਆ ਤਾਰਾ…

ਐਤਵਾਰ 19 ਮਈ ਦੇ ‘ਹਰਫ਼ ਹੋਏ ਸੁਰਜੀਤ’ ਸਿਰਲੇਖ ਵਾਲੇ ਪੰਨੇ ਬੇਸ਼ਕੀਮਤੀ ਅਤੇ ਸੰਭਾਲਣਯੋਗ ਹਨ ਕਿਉਂਕਿ ਇਨ੍ਹਾਂ ਵਿੱਚ ਸਾਡੇ ਮਹਿਬੂਬ ਸ਼ਾਇਰ ‘ਪਾਤਰ’ ਨਾਲ ਜੁੜੀਆਂ ਯਾਦਾਂ ਸਮੋਈਆਂ ਹੋਈਆਂ ਹਨ। ਇਨ੍ਹਾਂ ਵਿੱਚ ਸਾਡੇ ਜਜ਼ਬੇ ਅਤੇ ਭਾਵੁਕ ਸਾਂਝਾਂ ਪਰੋਈਆਂ ਹੋਈਆਂ ਹਨ। 11 ਮਈ ਦਾ ਦਿਨ ਸਾਡੇ ਲਈ ਮਣਾਂ-ਮੂੰਹੀਂ ਉਦਾਸੀਆਂ ਲੈ ਕੇ ਆਇਆ। 12 ਮਈ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਸਵੇਰੇ ਜਦੋਂ ਸ਼ਬਦਾਂ ਦੇ ਵਣਜਾਰੇ ਦੇ ਹਮੇਸ਼ਾਂ ਲਈ ਜੁਦਾ ਹੋਣ ਦੀ ਖ਼ਬਰ ਪੜ੍ਹੀ ਤਾਂ ਮਨ ਗ਼ਮਗੀਨ ਹੋ ਗਿਆ। ਸਰੀਰਕ ਤੌਰ ’ਤੇ ਭਾਵੇਂ ਉਹ ਸਾਡੇ ਤੋਂ ਦੂਰ ਹੋ ਗਿਆ ਹੈ ਪਰ ਉਸਦੇ ਬੋਲ ਹਮੇਸ਼ਾਂ ਸਾਡੇ ਦਿਲਾਂ ਵਿੱਚ ਧੜਕਦੇ ਰਹਿਣਗੇ। ਉਸਦੀਆਂ ਪਾਈਆਂ ਪੈੜਾਂ ਅਤੇ ਉਸਦੇ ਦਿਖਾਏ ਰਾਹਾਂ ’ਤੇ ਚੱਲਣ ਵਿੱਚ ਅਸੀਂ ਫ਼ਖ਼ਰ ਕਰਦੇ ਰਹਾਂਗੇ। ਪੰਜਾਬੀ ਮਾਂ ਦਾ ਸੱਚਾ ਸਪੂਤ, ਪੰਜਾਬ ਅਤੇ ਪੰਜਾਬੀਅਤ ਦਾ ਸ਼ੈਦਾਈ, ਮਾਂ-ਬੋਲੀ ਲਈ ਜਜ਼ਬੇ, ਜੋਸ਼ ਅਤੇ ਜਨੂੰਨ ਨਾਲ ਭਰਪੂਰ ਸੁਰਜੀਤ ਕਿਤੇ ਨਹੀਂ ਗਿਆ ਹਮੇਸ਼ਾ ਲਈ ਆਪਣੇ ਸ਼ਬਦਾਂ ਵਿੱਚ ਹੀ ਸੁਰਜੀਤ ਹੋ ਗਿਆ ਹੈ। ਸਹੀ ਹੀ ਤਾਂ ਹੈ:-
ਅੰਬਰੋਂ ਟੁੱਟਿਆ ਤਾਰਾ ਅੱਖੋਂ ਓਹਲੇ ਹੋ ਗਿਆ।
ਸ਼ਬਦਾਂ ਦਾ ਵਣਜਾਰਾ ਸ਼ਬਦਾਂ ਵਿੱਚ ਸਮੋ ਗਿਆ।
ਡਾ. ਤਰਲੋਚਨ ਕੌਰ, ਪਟਿਆਲਾ

ਅਲਵਿਦਾ ਪਾਤਰ !

ਐਤਵਾਰ 19 ਮਈ ਦੇ ਅੰਕ ਵਿੱਚ ਛਪੇ ‘ਪਾਤਰ ਨੂੰ ਸੁਰਜੀਤ ਕਰਦੇ ਹਰਫ਼’ ਪੜ੍ਹ ਕੇ ਪਾਤਰ ਸਾਹਬ ਦੀ ਜ਼ਿੰਦਗੀ ਬਾਰੇ ਜਾਣਕਾਰੀ ਪ੍ਰਾਪਤ ਹੋਈ। ਪੜ੍ਹਦੇ ਸਮੇਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਖ਼ਤਮ ਹੀ ਨਾ ਹੋਵੇ। ‘ਸੂਰਜ ਮੰਦਰ ਦੀਆਂ ਪੌੜੀਆਂ’ ਵਿੱਚੋਂ ਲਏ ਗਏ ਵਾਰਤਕ ਦੇ ਅੰਸ਼ ਪਾਤਰ ਸਾਹਬ ਦੀ ਜ਼ਿੰਦਗੀ ਨਾਲ ਪਾਠਕਾਂ ਨੂੰ ਰੂ-ਬ-ਰੂ ਕਰਵਾ ਕੇ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ। ਰਚਨਾਵਾਂ ਪੜ੍ਹਦੇ ਹੋਏ ਪਤਾ ਲੱਗਦਾ ਹੈ ਕਿ ਪਾਤਰ ਸਾਹਬ ਦੀਆਂ ਰਚਨਾਵਾਂ ਪਿੱਛੇ ਕੋਈ ਨਾ ਕੋਈ ਘਟਨਾ ਜ਼ਰੂਰ ਛੁਪੀ ਹੁੰਦੀ ਸੀ ਜਿਸ ਨੂੰ ਉਹ ਸ਼ਬਦਾਂ ਦੀ ਲੜੀ ਵਿੱਚ ਪਰੋ ਕੇ ਕਵਿਤਾ ਅਤੇ ਗ਼ਜ਼ਲ ਦਾ ਰੂਪ ਦੇ ਦਿੰਦੇ ਸਨ। ‘ਕਪੂਰਥਲੇ ਦੇ ਦਿਨ’ ’ਚ ਇੱਕ ਜਗ੍ਹਾ ਸੇਠੀ ਸਾਹਬ (ਸੁਰਜੀਤ ਸਿੰਘ) ਲਿਖਿਆ ਜਾਣਾ ਸੀ, ਇਹ ਸ਼ਬਦ ਜੋੜ ਗ਼ਲਤ ਛਪ ਗਿਆ। ਪੂਰਾ ਅੰਕ ਪਾਤਰ ਸਾਹਬ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਆਪਣੇ ਮਹਿਬੂਬ ਸ਼ਾਇਰ ਦੇ ਸੋਗ ਵਿੱਚ ਡੁੱਬਿਆ ਹੋਇਆ ਸੀ। ਪਾਤਰ ਸਾਹਬ ਪੰਜਾਬੀ ਮਾਂ ਬੋਲੀ ਦੇ ਅਜਿਹੇ ਸਪੂਤ ਸਨ ਜੋ ਸਰੀਰਕ ਰੂਪ ਵਿੱਚ ਤਾਂ ਸਾਡੇ ਕੋਲੋਂ ਰੁਖ਼ਸਤ ਹੋ ਚੁੱਕੇ ਹਨ ਪਰ ਆਪਣੀਆਂ ਰਚਨਾਵਾਂ ਸਦਕਾ ਹਮੇਸ਼ਾ ਸਾਡੇ ਦਿਲਾਂ ’ਚ ਜਿਊਂਦੇ ਰਹਿਣਗੇ। ਅਲਵਿਦਾ !
ਰਜਵਿੰਦਰਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

ਪਾਤਰ ਨੂੰ ਸਿਜਦਾ

ਪੰਜਾਬੀ ਟ੍ਰਿਬਿਊਨ ਨੇ 12 ਮਈ ਅਤੇ 19 ਮਈ ਨੂੰ ਕੌਮਾਂਤਰੀ ਪ੍ਰਸਿੱਧ ਲੋਕ-ਪੱਖੀ ਸਾਹਿਤਕਾਰ ਸੁਰਜੀਤ ਪਾਤਰ ਨੂੰ ਵਿਸ਼ੇਸ਼ ਅੰਕ ਸਮਰਪਿਤ ਕਰਕੇ ਉਨ੍ਹਾਂ ਵੱਲੋਂ ਜ਼ਿੰਦਗੀ ਭਰ ਸਾਹਿਤਕ ਜਗਤ ਅਤੇ ਲੋਕ-ਪੱਖੀ ਸਮਾਜਿਕ ਤਬਦੀਲੀ ਲਈ ਕੀਤੀ ਘਾਲਣਾ ਨੂੰ ਸਿਜਦਾ ਕੀਤਾ ਹੈ। ਸੁਰਜੀਤ ਪਾਤਰ ਦੀ ਮੌਤ ਨਾਲ ਸਮੁੱਚੇ ਸਾਹਿਤਕ ਜਗਤ, ਪੰਜਾਬੀ ਭਾਸ਼ਾ ਅਤੇ ਇਨਕਲਾਬੀ ਜਮਹੂਰੀ ਲਹਿਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ। ਸੁਰਜੀਤ ਪਾਤਰ ਜੀ ਨੇ ਇਸ ਸਾਲ ਫਰਵਰੀ ਮਹੀਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਲੱਗੇ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੌਰਾਨ ਮੇਰੀ ਇੱਕ ਵਾਰ ਦੀ ਬੇਨਤੀ ਉੱਤੇ ਹੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬੁੱਕ ਸਟਾਲ ਵਿਖੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਤਰਕਸ਼ੀਲ ਸੁਸਾਇਟੀ ਵੱਲੋਂ ਇੱਕ ਦਹਾਕਾ ਪਹਿਲਾਂ ਅੰਧ-ਵਿਸ਼ਵਾਸਾਂ ਅਤੇ ਪਾਖੰਡੀ ਬਾਬਿਆਂ ਦੇ ਖ਼ਿਲਾਫ਼ 13 ਕਿਸ਼ਤਾਂ ਵਿੱਚ ਬਣਾਏ ਟੀਵੀ ਲੜੀਵਾਰ ‘‘ਤਰਕ ਦੀ ਸਾਣ ’ਤੇ’’ ਵਿੱਚ ਉਨ੍ਹਾਂ ਵੱਲੋਂ ਲਿਖੇ ਟਾਈਟਲ ਗੀਤ “ਕੁੱਝ ਨਹੀਂ ਬਸ ਭਰਮਾਂ ਦਾ ਅੰਧਕਾਰ ਹੈ, ਸੋਚ ਸਾਡੀ ਹੀ ਸਦੀਆਂ ਤੋਂ ਬਿਮਾਰ ਹੈ” ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਲੰਮਾ ਸਮਾਂ ਗੱਲਬਾਤ ਕਰਦੇ ਰਹੇ। ਉਨ੍ਹਾਂ ਦੀ ਗੱਲਬਾਤ ਵਿੱਚ ਸਾਦਗੀ, ਮਿਲਾਪੜਾਪਣ ਅਤੇ ਸਹਿਜਤਾ ਉਨ੍ਹਾਂ ਦੀ ਸ਼ਖ਼ਸੀਅਤ ਦੇ ਕੁਦਰਤੀ ਗੁਣ ਸਨ। ਉਨ੍ਹਾਂ ਨੇ ਸਥਾਪਤੀ ਵਿਰੋਧੀ ਇਨਕਲਾਬੀ ਕਵਿਤਾ ਰਾਹੀਂ ਜਿੱਥੇ ਰਾਜ ਪ੍ਰਬੰਧ ਅਤੇ ਸਮਾਜ ਵਿਚਲੀਆਂ ਬੇਇਨਸਾਫੀਆਂ ਅਤੇ ਊਣਤਾਈਆਂ ਉੱਤੇ ਪੂਰੀ ਬੇਬਾਕੀ ਨਾਲ ਉਂਗਲ ਰੱਖੀ ਉੱਥੇ ਹੀ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਅਮੁੱਲਾ ਯੋਗਦਾਨ ਵੀ ਪਾਇਆ। ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੇ ਕਈ ਨਾਟਕਾਂ ਵਿੱਚ ਸੁਰਜੀਤ ਪਾਤਰ ਦੀ ਸ਼ਾਇਰੀ ਨੇ ਉਨ੍ਹਾਂ ਨਾਟਕਾਂ ਨੂੰ ਇਨਕਲਾਬੀ ਦਿੱਖ ਅਤੇ ਮਕਬੂਲੀਅਤ ਦਿੱਤੀ। ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਐਲਾਨਿਆ ਸਾਲਾਨਾ ਸੁਰਜੀਤ ਪਾਤਰ ਯਾਦਗਾਰੀ ਐਵਾਰਡ ਉਨ੍ਹਾਂ ਦੇ ਜਿਊਂਦੇ ਜੀਅ ਸ਼ੁਰੂ ਕੀਤਾ ਜਾਂਦਾ ਤਾਂ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋਣੀ ਸੀ ਪਰ ਅਫ਼ਸੋਸ ਸਾਡੀਆਂ ਸਰਕਾਰਾਂ ਅਤੇ ਸਮਾਜ ਕਿਸੇ ਨਾਮਵਰ ਲੋਕ ਪੱਖੀ ਸ਼ਖ਼ਸੀਅਤ ਦੀ ਕਦਰ ਉਸਦੇ ਸਦੀਵੀਂ ਵਿਛੋੜੇ ਤੋਂ ਬਾਅਦ ਹੀ ਪਾਉਂਦੇ ਹਨ।
ਸੁਮੀਤ ਸਿੰਘ. ਅੰਮ੍ਰਿਤਸਰ

Advertisement
Author Image

sukhwinder singh

View all posts

Advertisement
Advertisement
×