ਕਾਵਿ ਕਿਆਰੀ
ਗ਼ਜ਼ਲ
ਜਗਤਾਰ ਪੱਖੋ
ਪਾਣੀ ਉੱਤੇ ਮਨ ਦਾ ਨਕਸ਼ਾ ਵਾਹੁੰਦੀ ਹੋਈ।
ਡੁੱਬੀ ਹਾਂ ਮੈਂ ਮੋਹ ਦਾ ਗੀਤ ਬਣਾਉਂਦੀ ਹੋਈ।
ਨੋਚ ਰਿਹਾ ਹੈ ਗ਼ਮ ਦਾ ਸ਼ਿਕਰਾ ਸਹਿਜੇ ਸਹਿਜੇ,
ਬੇਦਿਲ ਹੋ ਗਈ ਰੂਹ ਦਾ ਮਾਸ ਖਵਾਉਂਦੀ ਹੋਈ।
ਲਾ ਕੇ ਤਾੜੀ ਦਿਲ ਨੇ ਢੇਰ ਸਵਾਗਤ ਕੀਤਾ,
ਯਾਦ ਕਿਸੇ ਦੀ ਆਈ ਸੀ, ਜਦ ਗਾਉਂਦੀ ਹੋਈ।
ਰੰਗ ਸਮੇਂ ਦੇ ਚੜ੍ਹਨੇ ਤੋਂ ਹੀ ਮੁਨਕਰ ਹੋ ਗਏ,
ਵਿੱਚ ਖ਼ਿਆਲਾਂ ਜਦ ਤਸਵੀਰ ਜਿਉਂਦੀ ਹੋਈ।
ਮੇਰੀ ਧੜਕਣ ਉੱਤੇ ਉਸਦਾ ਸ਼ੱਕ ਬੜਾ ਹੈ,
ਉਮਰਾ ਗੁਜ਼ਰੀ ਜਿਸ ਦਾ ਸਾਥ ਨਿਭਾਉਂਦੀ ਹੋਈ।
ਜਿਨ੍ਹਾਂ ਦੀ ਹੁਣ ਅਸਲ ਸ਼ਨਾਖ਼ਤ ਹੋਈ ਪੱਖੋ,
ਉਹ ਸਿਰਨਾਵੇਂ ਹੱਥਾਂ ਨਾਲ ਮਿਟਾਉਂਦੀ ਹੋਈ।
ਸੰਪਰਕ: 94651-96946
ਕਮਲਿਆ!
ਰੰਜੀਵਨ ਸਿੰਘ
ਵੱਡਾ ਹੋ
ਆਖੇਂ ਤੂੰ
ਕਰਜ਼/ ਮਮਤਾ ਦਾ
ਤੂੰ ਲਾਹੇਂਗਾ
ਕਮਲਿਆ!
ਮਾਂ
ਕਰਜ਼ ਨ੍ਹੀਂ ਚੜ੍ਹਾਉਂਦੀ
ਅਸੀਸਾਂ/ ਅਹਿਸਾਸਾਂ
ਲੋਰੀਆਂ ਤੇ ਦੁਲਾਰ ਨਾਲ
ਲਬਰੇਜ਼ ਕਰਦੀ ਐ
ਔਲਾਦ ਆਪਣੀ ਨੂੰ
ਬਸ
ਉਸੇ ਅਹਿਸਾਸ ਨਾਲ
ਪਿਆਰ ਕਰ/ ਸਤਿਕਾਰ ਕਰ
ਮਾਂ ਆਪਣੀ ਦਾ
ਕਮਲਿਆ!
ਕਿਉਂਕਿ ਮਾਂ
ਕਰਜ਼ ਨ੍ਹੀਂ ਚੜ੍ਹਾਉਂਦੀ।
ਸੰਪਰਕ: 98150-68816
* * *
ਗਜ਼ਲ
ਡਾ. ਹਰਨੇਕ ਸਿੰਘ ਕਲੇਰ
ਬਾਤ ਕਰਦਾ ਸੀ, ਸਦਾ ਜੋ ਪਿਆਰ ਦੀ।
ਪੀੜ ਬਣ ਕੇ, ਰਹਿ ਗਿਆ ਹੈ ਖਾਰ ਦੀ।
ਗ਼ਮ ਨਹੀਂ ਹੁਣ, ਮਾਣਦੇ ਹਾਂ ਜ਼ਿੰਦਗੀ,
ਨਾ ਖ਼ੁਸ਼ੀ ਹੈ ਜਿੱਤ ਦੀ, ਨਾ ਹਾਰ ਦੀ।
ਨਾ ਸਦਾ ਪਤਝੜ ਰਹੇ, ਸਭ ਜਾਣਦੇ,
ਰੁੱਤ ਮੁੜ ਕੇ ਮਾਣ ਲੈ ਬਹਾਰ ਦੀ।
ਜ਼ਿੰਦਗੀ ਦਾ ਸੱਚ, ਸੁਣ ਮਨ ਡੋਲਿਆ,
ਨਾ ਕਦੇ ਲੰਘੀ ਮੁੜੇ, ਰੁੱਤ ਪਿਆਰ ਦੀ।
ਨਾ ਕਰੀਂ ਸ਼ਿਕਵਾ, ਕਦੇ ਵੀ ਯਾਰ ’ਤੇ,
ਸਾਂਭ ਰੱਖੀਂ, ਤੂੰ ਨਿਸ਼ਾਨੀ ਯਾਰ ਦੀ।
ਸੱਚ ਰੱਖੀਂ ਕੋਲ, ਜੋ ਨਾ ਹਾਰਦਾ,
ਜਿੱਤ ਹੁੰਦੀ ਹੈ, ਸਦਾ ਹੀ ਪਿਆਰ ਦੀ।
ਮਨ ’ਚ ਨਾ ਤੂੰ, ਖੋਟ ਰੱਖੀਂ ਆਪਣੇ,
ਰੱਬ ਨਾਲੋਂ ਵੱਧ, ਸ਼ਕਤੀ ਨਾਰ ਦੀ।
ਚੱਲਦੀ ਕਾਨੀ ਰਹੇ, ਜੇ ਮਿੱਤਰਾ,
ਫੇਰ ਸਾਨੂੰ, ਲੋੜ ਕੀ ਤਲਵਾਰ ਦੀ।