ਕੋਲਕਾਤਾ ਦੁਖਾਂਤ ਖਿਲਾਫ਼ ਨੌਜਵਾਨਾਂ ਨੇ ਕਾਫ਼ਲਾ ਬੰਨ੍ਹਿਆ
ਸੁਰਜੀਤ ਮਜਾਰੀ
ਬੰਗਾ, 26 ਅਗਸਤ
ਇੱਥੇ ਅੱਜ ਨੌਜਵਾਨਾਂ ਨੇ ‘ਕਾਫ਼ਲਾ ਇਨਸਾਫ਼ ਦਾ’ ਬੈਨਰ ਹੇਠ ਇਕੱਠੇ ਹੋ ਕੇ ਕੋਲਕਾਤਾ ਦੁਖਾਂਤ ਖਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ। ਇਲਾਕੇ ਭਰ ਤੋਂ ਇਕੱਠੇ ਹੋਏ ਨੌਜਵਾਨਾਂ ਨੇ ਕੋਲਕਾਤਾ ਵਿੱਚ ਜਬਰ-ਜਨਾਹ ਅਤੇ ਕਤਲ ਦੀ ਵਾਪਰੀ ਘਟਨਾ ਪ੍ਰਤੀ ਭਾਰੀ ਰੋਸ ਦਾ ਇਜ਼ਹਾਰ ਕੀਤਾ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਰੱਖੀ। ਉਪਰੰਤ ਸ਼ਹਿਰ ’ਚੋਂ ਲੰਘਦੇ ਚੰਡੀਗੜ੍ਹ-ਜਲੰਧਰ ਮੁੱਖ ਮਾਰਗ ’ਤੇ ਰੋਸ ਮਾਰਚ ਕੀਤਾ ਗਿਆ।
ਕਾਫ਼ਲੇ ਦੇ ਯੋਜਨਾਕਾਰ ਕੰਵਲਦੀਪ ਸਿੰਘ ਭੁੱਲਰ ਨੇ ਮਾਰਚ ਦੀ ਸ਼ੁਰੂਆਤ ਮੌਕੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਮੰਗ ਕੀਤੀ। ਇਵੇਂ ਨੌਜਵਾਨ ਆਗੂ ਜੁਗਰਾਜ ਅਤੇ ਇੰਦਰਪਾਲ ਸਿੰਘ ਨੇ ਵੀ ਕੋਲਕਾਤਾ ਕਾਂਡ ਨੂੰ ਮੰਦਭਾਗਾ ਦੱਸਿਆ ਅਤੇ ਮਹਿਲਾ ਵਰਗ ਨੂੰ ਆਪਣੀ ਸੁਰੱਖਿਆ ਲਈ ਖੁਦਮੁਖਤਿਆਰ ਹੋਣ ਦੀ ਲਾਮਬੰਦੀ ਕੀਤੀ। ਕਾਫ਼ਲੇ ’ਚ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਨੌਜਵਾਨ ਵਹੀਰਾ ਘੱਤ ਕੇ ਸ਼ਾਮਲ ਹੋਏ ਅਤੇ ਉਹਨਾਂ ਨੇ ‘ਸਾਡੀ ਸਭ ਦੀ ਇੱਕੋ ਮੰਗ, ਕਾਤਲ ਦੇਵੋ ਫਾਂਸੀ ਟੰਗ’, ‘ਹਾਕਮ ਜਾਗਣ ਜਾਗੋ ਕਾਨੂੰਨ, ਖੂਨ ਦਾ ਬਦਲਾ ਹੋਵੇ ਖੂਨ’ ਅਤੇ ‘ਨਾਰੀ ਦੇ ਸਨਮਾਨ ਵਿੱਚ, ਅਸੀਂ ਹਾਂ ਮੈਦਾਨ ਵਿੱਚ’ ਆਦਿ ਨਾਅਰੇ ਬੁਲੰਦ ਕੀਤੇ ਅਤੇ ਲੋਕਾਂ ਨੂੰ ਉਕਤ ਮੁੱਦੇ ’ਤੇ ਲਾਮਬੰਦੀ ਦਾ ਹੋਕਾ ਦਿੱਤਾ।
ਡਾਕਟਰ ਨਾਲ ਵਾਪਰੇ ਵਰਤਾਰੇ ਦੀ ਨਿੰਦਾ
ਅੰਮ੍ਰਿਤਸਰ (ਪੱਤਰ ਪ੍ਰੇਰਕ): ਨਾਰੀ ਮੰਚ ਵੱਲੋਂ ਵਿਰਸਾ ਵਿਹਾਰ ਵਿੱਚ ਕਰਵਾਈ ਗਈ ਸਾਹਿਤਕ ਮਿਲਣੀ ਪ੍ਰੋਗਰਾਮ ਵਿੱਚ ਪੰਜਾਬ ਭਰ ਤੋਂ ਨਾਰੀ ਕਲਮਾਂ ਨੇ ਭਾਗ ਲਿਆ। ਕੋਲਕੱਤਾ ਵਿੱਚ ਟਰੇਨੀ ਡਾਕਟਰ ਨਾਲ ਵਾਪਰੇ ਘਿਨਾਉਣੇ ਵਰਤਾਰੇ ਦੀ ਨਿੰਦਾ ਕੀਤੀ ਅਤੇ ਸੋਗ ਵਜੋਂ ਦੋ ਮਿੰਟ ਦਾ ਮੌਨ ਰੱਖਿਆ ਗਿਆ। ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੀ ਪ੍ਰਧਾਨ ਨਿਰਮਲ ਕੌਰ ਕੋਟਲਾ ਨੇ ਪੰਜਾਬ ਭਰ ਤੋਂ ਆਈਆਂ ਕਵਿਤਰੀਆਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਮਾਜ ਵਿੱਚ ਵਧ ਰਹੇ ਨਸ਼ਿਆਂ, ਬਲਾਤਕਾਰ, ਸ਼ੋਸ਼ਣ ਦੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰਾਂ ਨੂੰ ਠੋਸ ਕਦਮ ਚੁੱਕਣ ’ਤੇ ਜ਼ੋਰ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਪੁੱਜੇ ਅੰਦਲੀਬ ਕੌਰ ਔਜਲਾ ਵੀ ਪਹੁੰਚੇ ਅਤੇ ਵਿਚਾਰ ਪੇਸ਼ ਕੀਤੇ।