ਤਾਮਿਲਨਾਡੂ ਜਾ ਰਹੇ ਪੰਜਾਬ ਦੇ ਕਿਸਾਨ ਆਗੂਆਂ ਨੂੰ ਜਹਾਜ਼ ਚੜ੍ਹਨ ਤੋਂ ਰੋਕਿਆ
* ਸ੍ਰੀ ਸਾਹਿਬ ਪਹਿਨੀ ਹੋਣ ਕਰ ਕੇ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਤੇ ਸੁਖਦੇਵ ਸਿੰਘ ਭੋਜਪੁਰ ਨੂੰ ਸੁਰੱਖਿਆ ਅਮਲੇ ਨੇ ਰੋਕਿਆ
* ਹਵਾਈ ਅੱਡਾ ਪ੍ਰਬੰਧਕਾਂ ਨੇ ਟਿਕਟਾਂ ਰੱਦ ਕੀਤੀਆਂ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਅਗਸਤ
ਸੰਯੁਕਤ ਕਿਸਾਨ ਮੋਰਚੇ (ਗੈਰ ਸਿਆਸੀ) ਦੇ ਆਗੂਆਂ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਤਾਮਿਲਨਾਡੂ ਜਾਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਤੇ ਉਨ੍ਹਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ। ਉਨ੍ਹਾਂ ਨੂੰ ਸੁਰੱਖਿਆ ਅਮਲੇ ਨੇ ਸ੍ਰੀ ਸਾਹਿਬ ਪਾਈਆਂ ਹੋਣ ਕਰਕੇ ਹਵਾਈ ਜਹਾਜ਼ ਨਹੀਂ ਚੜ੍ਹਨ ਦਿੱਤਾ ਗਿਆ। ਮੋਰਚੇ ਦੇ ਤਿੰਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਤੇ ਸੁਖਦੇਵ ਸਿੰਘ ਭੋਜਪੁਰ ਅੱਜ ਪੰਜਾਬ ਤੋਂ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਤੇ ਪੁਡੂਚਿਰੀ ਜਾਣ ਦੀ ਆਪਣੀ ਯੋਜਨਾ ਤਹਿਤ ਹਵਾਈ ਅੱਡੇ ’ਤੇ ਪੁੱਜੇ। ਇਨ੍ਹਾਂ ਕਿਸਾਨ ਆਗੂਆਂ ਨੇ ਦੋਵਾਂ ਦੱਖਣੀ ਥਾਵਾਂ ’ਤੇ ਮੋਰਚੇ ਦੀਆਂ ਘੱਟੋ-ਘੱਟ ਸਮਰਥਨ ਮੁੱਲ ਸਣੇ ਹੋਰ ਮੰਗਾਂ ਬਾਰੇ ਮੀਟਿੰਗਾਂ ਤੇ ਪ੍ਰੈੱਸ ਕਾਨਫਰੰਸਾਂ ਕਰਨੀਆਂ ਸਨ। ਸ੍ਰੀ ਡੱਲੇਵਾਲ ਨੇ ਦੱਸਿਆ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਦੇ ਵਿਸਥਾਰ ਤੋਂ ਘਬਰਾ ਗਈ ਹੈ। ਸਰਕਾਰ ਸੋਚ ਰਹੀ ਹੈ ਕਿ ਕਿਤੇ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਵਿੱਚ ਅੰਦੋਲਨ ਅਸਰਦਾਰ ਨਾ ਹੋ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦਸ ਵਾਰੀ ਉਹ ਸ੍ਰੀ ਸਾਹਿਬ ਧਾਰਨ ਕਰ ਕੇ ਹਵਾਈ ਸਫ਼ਰ ਕਰ ਚੁੱਕੇ ਹਨ ਪਰ ਕਦੇ ਵੀ ਕਿਸੇ ਨੇ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਭੋਜਪੁਰ ਨੇ ਤਾਂ ਸ੍ਰੀ ਸਾਹਿਬ ਵੀ ਨਹੀਂ ਪਾਈ ਹੋਈ ਸੀ ਪਰ ਫਿਰ ਵੀ ਉਨ੍ਹਾਂ ਨੂੰ ਹਵਾਈ ਸਫ਼ਰ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਗਜੀਤ ਸਿੰਘ ਡੱਲੇਵਾਲ ਤੇ ਸਾਥੀਆਂ ਨੇ ਹਵਾਈ ਅੱਡਾ ਅਥਾਰਿਟੀ ਵੱਲੋਂ ਰੱਦ ਕੀਤੀਆਂ ਗਈਆਂ ਟਿਕਟਾਂ ਵੀ ਦਿਖਾਈਆਂ। ਉਨ੍ਹਾਂ ਸਿੱਖ ਕੌਮ ਦੇ ਆਗੂਆਂ ਨੂੰ ਵੀ ਨਿਹੋਰਾ ਮਾਰਿਆ ਕਿ ਸਿੱਖਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਤੇ ਉਹ ਇਹ ਮਾਮਲਾ ਅੱਗੇ ਕਿਉਂ ਨਹੀਂ ਚੁੱਕਦੇ ਹਨ।
ਅੰਮ੍ਰਿਤਧਾਰੀਆਂ ਨੂੰ ਹਵਾਈ ਸਫਰ ਤੋਂ ਰੋਕਣਾ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ: ਜਥੇਦਾਰ
ਅੰਮ੍ਰਿਤਸਰ (ਟਨਸ):
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਦਿੱਲੀ ਦੇ ਹਵਾਈ ਅੱਡੇ ’ਤੇ ਤਿੰਨ ਅੰਮ੍ਰਿਤਧਾਰੀ ਕਿਸਾਨ ਆਗੂਆਂ ਨੂੰ ਕ੍ਰਿਪਾਨ ਪਹਿਨ ਕੇ ਘਰੇਲੂ ਉਡਾਣ ਵਿਚ ਹਵਾਈ ਸਫਰ ਕਰਨ ਤੋਂ ਰੋਕਣ ਨੂੰ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਸੰਵਿਧਾਨਕ ਅਧਿਕਾਰਾਂ ਦਾ ਉਲੰਘਣਾ ਕਰਾਰ ਦਿੱਤਾ ਹੈ। ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਕ੍ਰਿਪਾਨ ਪੰਜ ਕਕਾਰਾਂ ਵਿੱਚੋਂ ਇਕ ਹੈ ਅਤੇ ਭਾਰਤੀ ਸੰਵਿਧਾਨ ਵਿਚ ਮੌਲਿਕ ਰੂਪ ਵਿਚ ਸਿੱਖਾਂ ਨੂੰ ਕ੍ਰਿਪਾਨ ਪਹਿਨਣ ਦਾ ਹੱਕ ਦਿੱਤਾ ਗਿਆ ਹੈ। ਅੰਮ੍ਰਿਤਧਾਰੀ ਸਿੱਖਾਂ ਨੂੰ ਭਾਰਤ ਦੀਆਂ ਘਰੇਲੂ ਉਡਾਣਾਂ ਵਿਚ ਵੀ ਨਿਰਧਾਰਿਤ ਆਕਾਰ ਦੀ ਕ੍ਰਿਪਾਨ ਪਹਿਨ ਕੇ ਹਵਾਈ ਸਫਰ ਕਰਨ ਦਾ ਕਾਨੂੰਨੀ ਅਧਿਕਾਰ ਦਿੱਤਾ ਗਿਆ ਹੈ ਪਰ ਅੱਜ ਦਿੱਲੀ ਦੇ ਹਵਾਈ ਅੱਡੇ ’ਤੇ ਤਿੰਨ ਅੰਮ੍ਰਿਤਧਾਰੀ ਕਿਸਾਨ ਆਗੂਆਂ ਨੂੰ ਰੋਕਣਾ ਬੇਹੱਦ ਨਿੰਦਣਯੋਗ ਅਤੇ ਸਿੱਖਾਂ ਦੇ ਮੌਲਿਕ ਤੇ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਹੈ। ਕੇਂਦਰ ਸਰਕਾਰ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਦਿੱਲੀ ਹਵਾਈ ਅੱਡੇ ’ਤੇ ਤਿੰਨ ਅੰਮ੍ਰਿਤਧਾਰੀ ਸਿੱਖਾਂ ਨੂੰ ਰੋਕਣ ਵਾਲੇ ਸੁਰੱਖਿਆ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਅਧਿਕਾਰੀਆਂ ਨੂੰ ਕਿਸਾਨ ਆਗੂਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।