ਬਿਜਲੀ ਨਾ ਆਉਣ ਤੋਂ ਭੜਕੇ ਨੌਜਵਾਨ
ਗਗਨਦੀਪ ਅਰੋੜਾ
ਲੁਧਿਆਣਾ, 18 ਜੁਲਾਈ
ਇਲਾਕੇ ’ਚ ਕਾਫ਼ੀ ਸਮੇਂ ਸਮੇਂ ਤੱਕ ਬਿਜਲੀ ਨਾ ਆਉਣ ਤੋਂ ਪ੍ਰੇਸ਼ਾਨ ਨੌਜਵਾਨਾਂ ਨੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਦੇ ਬਾਹਰ ਰਾਤ ਕਰੀਬ ਤਿੰਨ ਵਜੇ ਹੰਗਾਮਾ ਕੀਤਾ। ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਵਿਧਾਇਕ ਖ਼ੁਦ ਏਸੀ ਵਿੱਚ ਸੌਂ ਰਹੇ ਹਨ ਜਦੋਂਕਿ ਗ਼ਰੀਬ ਲੋਕ ਸੜਕਾਂ ’ਤੇ ਹਨ। ਵਿਧਾਇਕ ਦੇ ਘਰ ਬਾਹਰ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਨੌਜਵਾਨ ਕੁਝ ਸੁਣਨ ਨੂੰ ਤਿਆਰ ਨਹੀਂ ਸਨ। ਇਸ ਤੋਂ ਬਾਅਦ ਉਨ੍ਹਾਂ ਸਮੱਸਿਆ ਹੱਲ ਕਰਨਾ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਸਵੇਰੇ ਆ ਕੇ ਵਿਧਾਇਕ ਨਾਲ ਗੱਲ ਕਰ ਲੈਣ, ਜਿਸ ਤੋਂ ਬਾਅਦ ਨੌਜਵਾਨ ਉੱਥੋਂ ਗਏ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ’ਚ ਸਨ।
ਵਿਧਾਇਕ ਗੁਰਪ੍ਰੀਤ ਗੋਗੀ ਨੇ ਦੱਸਿਆ ਕਿ ਜੋ ਨੌਜਵਾਨ ਪ੍ਰਦਰਸ਼ਨ ਕਰਨ ਲਈ ਆਏ ਸਨ, ਉਹ ਆਮ ਲੋਕ ਨਹੀਂ ਬਲਕਿ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਭੇਜੇ ਗਏ ਸਨ। ਵਿਧਾਇਕ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਨੇ ਸਵੇਰੇ ਪ੍ਰਦਰਸ਼ਨਕਾਰੀ ਨੌਜਵਾਨਾਂ ਬਾਰੇ ਪਤਾ ਕਰਵਾਇਆ ਤਾਂ ਪਤਾ ਲੱਗਿਆ ਕਿ ਉਹ ਕਾਂਗਰਸੀ ਵਰਕਰ ਸਨ, ਜੋ ਰਵਨੀਤ ਬਿੱਟੂ ਦੇ ਕਹਿਣ ’ਤੇ ਆਏ ਸਨ। ਸ੍ਰੀ ਗੋਗੀ ਨੇ ਕਿਹਾ ਕਿ ਚੋਣਾਂ ਨੇੜੇ ਆਉਣ ’ਤੇ ਲੋਕ ਸਭਾ ਮੈਂਬਰ ਹੁਣ ਪ੍ਰੇਸ਼ਾਨ ਹੋ ਰਹੇ ਹਨ।
ਨੌਜਵਾਨਾਂ ਨਾਲ ਮੇਰਾ ਕੋਈ ਸਬੰਧ ਨਹੀਂ: ਬਿੱਟੂ
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ’ਚ ‘ਆਪ’ ਖ਼ਿਲਾਫ਼ ਰੋਹ ਹੈ। ਵਿਧਾਇਕਾਂ ਕਾਰਨ, ਲੁਧਿਆਣਾ ਦਾ 55 ਕਰੋੜ ਦਾ ਫੰਡ ਜਲੰਧਰ ਨੂੰ ਮਿਲ ਗਿਆ। ਸ੍ਰੀ ਬਿੱਟੂ ਨੇ ਦੋਸ਼ ਲਾਇਆ ਕਿ ਸ਼ਹਿਰ ’ਚ ਮੀਂਹ ਪਿਆ ਨਹੀਂ, ਪਰ ਪਾਣੀ ਹੜ੍ਹ ਵਾਂਗ ਇਲਾਕਿਆਂ ’ਚ ਦਾਖ਼ਲ ਹੋ ਗਿਆ। ਸ਼ਹਿਰ ਦੇ ਵਿਧਾਇਕਾਂ ਨੇ ਮੀਂਹ ਤੋਂ ਪਹਿਲਾਂ ਕੋਈ ਯੋਜਨਾ ਨਹੀਂ ਬਣਾਈ ਕਿ ਕਿਸ ਤਰ੍ਹਾਂ ਮੌਨਸੂਨ ਨਾਲ ਨਜਿੱਠਣਾ ਹੈ। ਬਿੱਟੂ ਨੇ ਦੋਸ਼ ਲਾਇਆ ਕਿ ਸ਼ਹਿਰ ’ਚ ‘ਆਪ’ ਨਿਗਮ ਚੋਣਾਂ ਕਰਵਾਉਣ ਤੋਂ ਡਰਦੀ ਹੈ। ਮਹਾਨਗਰ ਵਿੱਚ ਮੇਅਰ ਜਾਂ ਕੌਂਸਲਰ ਨਾ ਹੋਣ ਕਾਰਨ ਨਿਗਮ ਦੀ ਕਾਰਜ ਪ੍ਰਣਾਲੀ ਸਹੀ ਨਾਲ ਚੱਲ ਨਹੀਂ ਪਾ ਰਹੀ ਹੈ।