For the best experience, open
https://m.punjabitribuneonline.com
on your mobile browser.
Advertisement

ਜਵਾਨ ਬਾਪੂ

06:18 AM Nov 07, 2024 IST
ਜਵਾਨ ਬਾਪੂ
Advertisement

ਬੂਟਾ ਸਿੰਘ ਵਾਕਫ਼

Advertisement

ਬੱਸ ’ਤੇ ਨਿੱਤ ਦਾ ਸਫ਼ਰ। ਸਵੇਰ ਵੇਲੇ ਆਪਣੀ ਕਰਮ ਭੂਮੀ ਵੱਲ ਰਵਾਨਗੀ ਤੇ ਆਥਣ ਵੇਲੇ ਘਰ ਪਰਤਣਾ। ਇੱਕ ਪਾਸੇ ਦਾ ਤਕਰੀਬਨ ਦੋ ਸਵਾ ਦੋ ਘੰਟੇ ਦਾ ਸਫਰ। ਨਿਬੜਦਿਆਂ ਹੀ ਨਿਬੜਦਾ। ਸਫ਼ਰ ਕਰਦਿਆਂ ਅਨੇਕ ਲੋਕਾਂ ਨਾਲ ਵਾਹ ਪੈਂਦਾ। ਲੋਕਾਂ ਨੂੰ ਨਿੱਤ ਦਿਨ ਨੇੜਿਓਂ ਹੋ ਕੇ ਤੱਕਣ ਤੇ ਸਮਝਣ ਦਾ ਮੌਕਾ ਮਿਲਦਾ। ਸਫ਼ਰ ਦੌਰਾਨ ਲੋਕਾਂ ਦੀ ਨਿੱਕੀ-ਨਿੱਕੀ ਨੋਕ-ਝੋਕ, ਗਿਲੇ-ਸ਼ਿਕਵੇ, ਹਾਸੇ-ਠੱਠੇ, ਚਿੰਤਾਵਾਂ, ਘਰ ਪਰਿਵਾਰ ਦੀਆਂ ਗੱਲਾਂ, ਦੇਸ਼ ਦੀ ਸਿਆਸਤ ਤੋਂ ਲੈ ਕੇ ਕਦੇ ਕਦਾਈਂ ਕੌਮਾਂਤਰੀ ਮੁੱਦਿਆਂ ਉੱਪਰ ਚਲਦੀ ਗੱਲਬਾਤ ਨੀਝ ਨਾਲ ਸੁਣਨਾ ਮੇਰੇ ਲਈ ਵੱਖਰਾ ਅਨੁਭਵ ਹੋ ਨਿਬੜਿਆ। ਔਰਤਾਂ ਲਈ ਮੁਫ਼ਤ ਬੱਸ ਸਫ਼ਰ ਸਰਕਾਰੀ ਬੱਸਾਂ ਵਿਚ ਭੀੜ ’ਚ ਵਾਧਾ ਕਰਦਾ। ਇਨਸਾਨੀਅਤ ਦੇ ਨਾਤੇ ਕਿਸੇ ਲੋੜਵੰਦ ਲਈ ਸੀਟ ਵੀ ਛੱਡਣੀ ਪੈਂਦੀ। ਕਿਸੇ-ਕਿਸੇ ਦਿਨ ਤਾਂ ਬੱਸ ਸਵਾਰੀਆਂ ਨਾਲ ਇੰਨੀ ਤੂੜ ਲਈ ਜਾਂਦੀ ਕਿ ਬੱਸ ਚੋਂ ਉੱਤਰਨਾ ਵੀ ਮੁਸ਼ਕਿਲ ਹੋ ਜਾਂਦਾ। ਹੁਣ ਇਹ ਸਭ ਮੇਰੇ ਸਫ਼ਰ ਦਾ ਹਿੱਸਾ ਸੀ।
ਇੱਕ ਸਵੇਰ ਕੋਈ ਬਜ਼ੁਰਗ ਮੇਰੇ ਨਾਲ ਸੀਟ ’ਤੇ ਆ ਬੈਠਾ। ਬੈਠਦਿਆਂ ਸਾਰ ਉਹ ਮੇਰੇ ਵੱਲ ਇਸ਼ਾਰਾ ਕਰ ਕੇ ਬੋਲਿਆ, “ਕਾਕਾ, ਬੱਸ ਸਲਾਬਤਪੁਰੇ ਅੱਡੇ ’ਤੇ ਪਹੁੰਚੇ ਤਾਂ ਮੈਨੂੰ ਦੱਸ ਦੇਣਾ।” ਮੈਂ ‘ਹਾਂ’ ਵਿਚ ਸਿਰ ਹਿਲਾ ਦਿੱਤਾ। ਗੱਲ ਜਾਰੀ ਰੱਖਦਿਆਂ ਬਜ਼ੁਰਗ ਫਿਰ ਬੋਲਿਆ, “ਹੁਣ ਨਿਗ੍ਹਾ ਘਟ ਗਈ ਆ... ਘੱਟ ਪਤਾ ਲਗਦੈ ਰਾਹ ਖਹਿੜੇ ਦਾ...।” ਫਿਰ ਠਰੰਮੇ ਅਤੇ ਉਮੀਦ ਨਾਲ ਮੇਰੇ ਵੱਲ ਤੱਕਿਆ।
“ਕੋਈ ਗੱਲ ਨਈਂ ਬਾਪੂ ਜੀ, ਮੈਂ ਦੱਸ ਦੇਵਾਂਗਾ। ਤੁਸੀਂ ਆਰਾਮ ਨਾਲ ਬੈਠੋ।”
“ਦੇਖ ਲਾ ਸਭ ਟੈਮ-ਟੈਮ ਦੀਆਂ ਗੱਲਾਂ ਆਂ... ਹੁਣ ਤਾਂ ਸਲਾਬਤਪੁਰੇ ਤੋਂ ਰਾਮਪੁਰੇ ਨੂੰ ਕੇਡੀ ਚੌੜੀ ਸੜਕ ਜਾਂਦੀ ਐ...।” ਉਸ ਨੇ ਦੁਬਾਰਾ ਗੱਲ ਸ਼ੁਰੂ ਕੀਤੀ- “ਕਿਸੇ ਸਮੇਂ ਏਥੇ ਉਜਾੜ ਬੀਆਬਾਨ ਹੁੰਦਾ ਸੀ... ਬੱਸ ਇਹ ਕੱਚਾ ਜਿਹਾ ਰਾਹ ਸੀ ਰਾਮਪੁਰੇ ਨੂੰ... ਨਿਰਾ ਮਿੱਟ ਉੱਡਦਾ ਹੁੰਦਾ ਸੀ... ਅਸੀਂ ਤੁਰ ਕੇ ਪੈਂਡਾ ਨਬੇੜ ਲੈਣਾ... ਵਾਟ ਪੈਰੀਂ ਲੱਗੀ ਸੀ ਸਾਡੇ... ਫੇਰ ਸ਼ੈਂਕਲ ਲੈ ਲਿਆ... ਜਿਮੇ ਵਾਟ ਈ ਮੁੱਕ’ਗੀ...।”
ਮੈਨੂੰ ਬਾਬੇ ਦੀਆਂ ਗੱਲਾਂ ਦਿਲਚਸਪ ਲੱਗੀਆਂ। ਮਨ ਅੰਦਰ ਹੋਰ ਜਾਨਣ ਦੀ ਉਤਸੁਕਤਾ ਜਾਗ ਪਈ। “ਬਾਬਾ ਜੀ, ਕਿਹੜੇ ਪਿੰਡ ਤੋਂ ਓ ਤੁਸੀਂ?”
“ਭਾਈ ਰੂਪੇ ਦੀਆਂ ਢਾਣੀਆਂ ’ਚ ਰਹਿਨਾ ਮੈਂ... ਪਹਿਲਾਂ ਪਿੰਡ ’ਚ ਈ ਰਹਿੰਦੇ ਸੀ ਅਸੀਂ... ਤਿੰਨ ਜਵਾਕਾਂ ਲਈ ਘਰ ਭੀੜਾ ਸੀ... ਫੇਰ ਅਸੀਂ ਏਥੇ ਨਿਆਈਆਂ ’ਚ ਆ ਬੈਠੇ... ਤਿੰਨਾਂ ਮੁੰਡਿਆਂ ਦੇ ਖੁੱਲ੍ਹੇ ਡੁੱਲ੍ਹੇ ਘਰ ਆ ਹੁਣ ਏਥੇ...।” ਤੁਸੀਂ ਕੀ ਕੰਮ ਕਰਦੇ ਸੀ?” ਮੈਥੋਂ ਪੁੱਛੇ ਬਿਨਾਂ ਰਿਹਾ ਨਾ ਗਿਆ।
“ਮੈਂ ਸਾਰੀ ਉਮਰ ਇੱਟਾਂ (ਮਕਾਨ ਉਸਾਰੀ) ਦਾ ਕੰਮ ਕੀਤੈ।” ਬਾਬੇ ਨੇ ਬੱਸ ਦੀ ਖਿੜਕੀ ’ਚੋਂ ਬਾਹਰ ਝਾਕਦਿਆਂ ਬੋਲਣਾ ਸ਼ੁਰੂ ਕੀਤਾ, “ਏਨ੍ਹਾਂ ਸਾਰੇ ਪਿੰਡਾਂ ’ਚ ਕੰਮ ਕੀਤੈ... ਰਾਮਪੁਰੇ ਤੋਂ ਲੈ ਕੇ ਭਗਤੇ, ਸਲਾਬਤਪੁਰੇ, ਬਰਨਾਲੇ ਤਾਈਂ... ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ ਲਵੇਰੀਆਂ ਵਾਸਤੇ ਨਿਆਈਆਂ ’ਚੋਂ ਚਰ੍ਹੀ ਦੀ ਤਕੜੀ ਪੰਡ ਵੱਢ ਲਿਆਉਣੀ... ਉਹ ਵੀ ਸ਼ੈਂਕਲ ਤੇ... ਫੇਰ ਟੋਕੇ ’ਤੇ ਕੁਤਰਾ ਕਰਨਾ... ਫੇਰ ਕੰਮ ’ਤੇ ਜਾਣਾ... ਸਾਰਾ ਦਿਨ ਜੀਅ-ਜਾਨ ਨਾਲ ਕੰਮ ਕਰਨਾ... ਮਤੇ ਕਿਸੇ ਤੋਂ ਇਹ ਨਾ ਸੁਣਨ ਨੂੰ ਮਿਲਜੇ ਕਿ ਮਿਸਤਰੀਆ, ਅੱਜ ਤਾਂ ਕੰਮ ਘੱਟ ਈ ਨਬੇੜਿਆ... ਟਿੱਕੀ ਛੁਪਦਿਆਂ ਸਾਰ ਪਿੰਡ ਵੱਲ ਚਾਲੇ ਪਾ ਦੇਣੇ... ਇਹ ਨਿੱਤ ਦਾ ਕਸਬ ਸੀ ਮੇਰਾ...।”
ਮੈਂ ਹੁੰਗਾਰਾ ਭਰਦਿਆਂ ਬਾਬੇ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸਾਂ; ਉਹ ਫਿਰ ਬੋਲਿਆ, “ਦੇਖ ਲੈ, ਆਥਣੇ ਘਰੇ ਪਹੁੰਚ ਕੇ ਨਹਾਉਣਾ ਧੋਣਾ... ਰਾਤ ਦੇ ਰੋਟੀ-ਟੁੱਕਰ ਨਾਲ ਅੱਧ-ਪਾ ਦੇਸੀ ਘਿਓ ਨਿੱਤ ਡਕਾਰ ਲੈਂਦਾ ਸਾਂ... ਕਦੇ ਕਦਾਈਂ ਪਾਈਆ ਵੀ... ਜੇ ਕੰਮ ਕਿਸੇ ਜ਼ਿਮੀਂਦਾਰ ਦੇ ਘਰ ਚਲਦਾ ਹੁੰਦਾ ਤਾਂ ਉਹ ਆਥਣ ਦੀ ਰੋਟੀ ਜ਼ਰੂਰ ਖਵਾਉਂਦੇ... ਏਨਾ ਈ ਦੇਸੀ ਘਿਓ ਦਿੰਦੇ ਰੋਟੀ ਨਾਲ... ਹਮਾਤੜ ਵੀ ਕਦੇ ਭੁੱਖਾ ਨਹੀਂ ਮੋੜਦੇ ਸੀ... ਜਿੰਨਾ ਕੁ ਸਰਦਾ, ਕਰਦੇ... ਰੱਜਵੀਂ ਖੁਰਾਕ ਖਾਂਦੇ ਸਾਂ... ਫੇਰ ਈ ਕੰਮ ਨਿੱਬੜਦੇ ਸੀ... ਹੁਣ ਤਾਂ ਖੁਰਾਕਾਂ ਵਿਚ ਦਮ ਹੀ ਨੀ ਰਿਆ।” ਬਾਬੇ ਨੇ ਲੰਮਾ ਹਾਉਕਾ ਲੈ ਚੁੱਪ ਧਾਰ ਲਈ।
ਬਾਬੇ ਦੇ ਜੀਵਨ ਬਾਰੇ ਜਾਨਣ ਦੀ ਉਤਸੁਕਤਾ ਹੋਰ ਵਧ ਗਈ। “ਕਿੰਨੀ ਉਮਰ ਹੋਊ ਬਾਪੂ ਜੀ ਤੁਹਾਡੀ?”
“ਰੌਲਿ਼ਆਂ ਵੇਲੇ ਦੀ ਮਾੜੀ ਮੋਟੀ ਸੁਰਤ ਆ ਮੈਨੂੰ... ਹੁਣ ਤੂੰ ਆਪੇ ਦੇਖ ਲੈ ਪੁੱਤਰਾ... ਪੰਜ-ਸੱਤ ਸਾਲ ਪਹਿਲਾਂ ਈ ਕੰਮ ਛੱਡਿਆ ਮੈਂ... ਉਹ ਵੀ ਮੁੰਡੇ ਕਹਿੰਦੇ- ਹੁਣ ਛੱਡ ਦੇ ਕੰਮ, ਸਾਰੀ ਉਮਰ ਬਹੁਤ ਕੰਮ ਕੀਤੈ... ਬੰਦੇ ਦਾ ਲਾਲਚ ਤਾਂ ਕਦੇ ਨਾ ਮੁੱਕਣ ਵਾਲੀ ਸ਼ੈਅ ਆ... ਨਾਲ ਦੇ ਬਹੁਤੇ ਹਾਣੀ ਵੀ ਤੁਰ ਗਏ... ਇੱਕ ਜੱਗੂ ਰਹਿ ਗਿਆ... ਉਹ ਵੀ ਤੁਰਨ ਤੋਂ ਆਹਰੀ... ਬੱਸ ਹੁਣ ਤਾਂ...।” ਬੋਲਦਾ-ਬੋਲਦਾ ਬਾਬਾ ਚੁੱਪ ਕਰ ਗਿਆ। ਕੁਝ ਸ਼ਬਦ ਉਹਦੇ ਗਲੇ ਵਿਚ ਹੀ ਅਟਕ ਗਏ।
ਬੱਸ ਸਲਾਬਤਪੁਰੇ ਦੇ ਚੌਕ ਵਿਚ ਰੁਕੀ। ਇਸ ਤੋਂ ਪਹਿਲਾਂ ਕਿ ਮੈਂ ਬਾਬੇ ਨੂੰ ਦੱਸਦਾ, ਕੰਡਕਟਰ ਨੇ ਹੋਕਰਾ ਦਿੱਤਾ, “ਚਲੋ ਬਈ ਸਲਾਬਤਪੁਰੇ ਵਾਲੇ...।” ਬਾਬਾ ਮੇਰੇ ਮੋਢੇ ’ਤੇ ਹੱਥ ਰੱਖ ਸਹਾਰੇ ਨਾਲ ਉਠਦਿਆਂ ਬੱਸ ’ਚੋਂ ਹੇਠਾਂ ਉੱਤਰ ਗਿਆ। ਉਸ ਦੀਆਂ ਅੱਖਾਂ ਵਿਚ ਰੱਜ ਕੇ ਜ਼ਿੰਦਗੀ ਜਿਊਣ ਦੀ ਚਮਕ ਦਿਖਾਈ ਦਿੱਤੀ। ਦੇਖਦਿਆਂ-ਦੇਖਦਿਆਂ ਬਾਬਾ ਫੁਰਤੀ ਨਾਲ ਸੜਕ ਪਾਰ ਕਰ ਉਸ ਮੋੜ ’ਤੇ ਅੱਪੜ ਗਿਆ ਜਿੱਥੋਂ ਬੱਸ ਉਸ ਦੇ ਪਿੰਡ ਹੁੰਦੀ ਹੋਈ ਰਾਮਪੁਰੇ ਨੂੰ ਜਾਣੀ ਸੀ। ਉਹਦੀ ਪਿੱਠ ’ਚ ਮਾਮੂਲੀ ਕੁੱਬ ਸੀ ਪਰ ਜਿਸ ਫੁਰਤੀ ਨਾਲ ਉਹ ਮੋੜ ਤੱਕ ਤੁਰਿਆ, ਮੈਨੂੰ ਅਹਿਸਾਸ ਹੋਇਆ- ਬਾਪੂ ਅਜੇ ਵੀ ਜਵਾਨ ਹੈ।
ਸੰਪਰਕ: 98762-24461

Advertisement

Advertisement
Author Image

joginder kumar

View all posts

Advertisement