For the best experience, open
https://m.punjabitribuneonline.com
on your mobile browser.
Advertisement

ਜੁਗਾੜ

07:15 AM Nov 22, 2024 IST
ਜੁਗਾੜ
Advertisement

ਪ੍ਰੋ. ਕੇ ਸੀ ਸ਼ਰਮਾ

ਬਠਿੰਡੇ ਤੋਂ ਇਕ ਦਫਤਰੋਂ ਦੇਰ ਨਾਲ ਫਾਰਗ ਹੋਇਆ। ਚੱਲਣ ਲੱਗੇ ਕੁਝ ਦੁਚਿੱਤੀ ਹੋ ਗਈ ਕਿ ਆਪਣੇ ਘਰ ਪਹੁੰਚਾਂ ਜਾਂ ਰਾਹ ਵਿਚ ਬੇਬੇ ਕੋਲ ਰਾਤ ਬਿਤਾਵਾਂ। ਬਾਜਾਖਾਨਾ ਤੱਕ ਪਹੁੰਚਦੇ ਬੇਬੇ ਕੋਲ ਰੁਕਣ ਦਾ ਫੈਸਲਾ ਕਰ ਲਿਆ ਅਤੇ ਬਰਗਾੜੀ ਅੰਦਰ ਵੜਨ ਤੋਂ ਪਹਿਲਾਂ ਹੀ ਮੋਟਰਸਾਈਕਲ ਖੱਬੇ ਹੱਥ ਫਿਰਨੀ ’ਤੇ ਉਤਾਰ ਲਿਆ।
ਮੇਰੇ ਪਿੰਡ ਦੀ ਸੜਕ ਸਾਹੋਕੇ ਵਿਚੋਂ ਲੰਘਦੀ ਸੀ। ਖੱਬੇ ਹੱਥ ਫਿਰਨੀ ਚੜ੍ਹਨ ਤੋਂ ਬਾਅਦ ਜਿਉਂ ਹੀ ਮੋੜ ਆਇਆ, ਅੱਗੇ ਗਾਈਆਂ ਦਾ ਵੱਗ ਘਰਾਂ ਵੱਲ ਪਰਤਦਾ ਦਿਸਿਆ। ਹਲਕੀ-ਹਲਕੀ ਉੱਡਦੀ ਧੂੜ ਵਿਚ ‘ਮਾਂ ਬਾਂਅ...’ ਰੰਭਦੇ ਵੱਛੇ, ਢੁੱਡੋ-ਢੁੱਡੀ ਹੁੰਦੀਆਂ ਵਹਿੜਾਂ, ਬੜ੍ਹਕਾਂ ਮਾਰਦੇ ਢੱਠਿਆਂ ਦੀ ਸਫੇਦ ਧਾਰਾ ਵਹਿ ਰਹੀ ਸੀ। ਉਂਝ ਵੀ ਛੋਟੀ ਜਿਹੀ ਦੁਰਘਟਨਾ ਤੋਂ ਬਾਅਦ ਪਿੰਡਾਂ ਵਿਚ ਮੈਂ ਮੋਟਰਸਾਈਕਲ ਹੌਲੀ ਤੇ ਧਿਆਨ ਨਾਲ ਚਲਾਉਂਦਾ ਸੀ; ਮੈਨੂੰ ਸਮਝ ਸੀ ਕਿ ਭੂਸਰਿਆ ਗੋਕਾ ਬਹੁਤ ਖ਼ਤਰਨਾਕ ਹੁੰਦਾ ਹੈ। ਇਸ ਲਈ ਮੈਂ ਮੋਟਰਸਾਈਕਲ ਤੋਂ ਉੱਤਰ ਕੇ ਖੱਬੇ ਹੱਥ ਬਣੀਆਂ ਦੁਕਾਨਾਂ ਦੇ ਨਾਲ-ਨਾਲ ਮੋਟਰਸਾਈਕਲ ਘੜੀਸ ਕੇ ਚੱਲਣਾ ਸ਼ੁਰੂ ਕਰ ਦਿੱਤਾ।
ਮੁਸ਼ਕਿਲ ਨਾਲ ਦਸ ਪੰਦਰਾਂ ਗਜ਼ ਹੀ ਗਿਆ ਸੀ ਕਿ ਪਿੱਛੋਂ “ਪੰਡਤਾ! ਪੰਡਤਾ!!....।” ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਪਿੱਛੇ ਮੁੜ ਕੇ ਦੇਖਿਆ; ਉੱਚਾ ਲੰਮਾ, ਚਿੱਟੇ ਕੱਪੜੇ, ਤੰਬੇ ਵਾਲਾ ਆਦਮੀ ਹੱਥ ਦੇ ਇਸ਼ਾਰੇ ਨਾਲ ਰੁਕਣ ਲਈ ਕਹਿ ਰਿਹਾ ਸੀ। ਮੇਰੇ ਸੋਚਦੇ ਕਰਦੇ ਉਹ ਮੇਰੇ ਕੋਲ ਪਹੁੰਚ ਗਿਆ। ਬਿਨਾਂ ਕਿਸੇ ਤਕੱਲਫ਼ ਤੋਂ ਮੋਟਰਸਾਈਕਲ ਮੇਰੇ ਹੱਥੋਂ ਫੜ ਕੇ ਇਕ ਪਾਸੇ ਖੜ੍ਹਾ ਕਰ ਕੇ ਜਿੰਦਾ ਲਾ ਦਿੱਤਾ ਤੇ ਕਹਿਣ ਲੱਗਾ, “ਸ਼ਰਮਾ, ਤੂੰ ਮੈਨੂੰ ਪਛਾਣਿਆ ਨੀ।” ਮੇਰੀ ਉਲਝਣ ਨੂੰ ਤੱਕਦੇ ਹੋਏ ਕਹਿਣਾ ਲੱਗਾ, “ਮੈਂ ਛੇਵੀਂ ਦਾ ਤੇਰਾ ਜਮਾਤੀ ਹਰਦੇਵ। ਮਾਸਟਰ ਕਿਹਰ ਸਿੰਘ ਨੇ ਮੇਰੀ ਮੌਲਵੀ ਕਹਿ ਕੇ ਛੇੜ ਪਾਈ ਹੋਈ ਸੀ।” ਮੈਨੂੰ ਇਕਦਮ ਉਸ ਵਿਚੋਂ ਛੇਵੀਂ ਵਾਲਾ ਦੇਬੂ ਨਜ਼ਰ ਆ ਗਿਆ ਅਤੇ ਕਿਹਾ, “ਉਏ ਮੌਲਵੀ ਤੂੰ!” ਨਿੱਘੀ ਜਿਹੀ ਗਲਵੱਕੜੀ ਰਾਹੀਂ ਖੁਸ਼ੀ ਅਤੇ ਹੈਰਾਨੀ ਦੇ ਭਾਵ ਪ੍ਰਗਟ ਹੋ ਗਏ। ਗੱਲਾਂ ਕਰਦੇ-ਕਰਦੇ ਵਾਪਸ ਉਸ ਦੀ ਦੁਕਾਨ (ਹਸਪਤਾਲ) ਪਹੁੰਚ ਗਏ।
ਉਹਨੇ ਦੱਸਿਆ ਕਿ ਉਹਨੂੰ ਬਚਪਨ ਤੋਂ ਹੀ ਡਾਕਟਰ ਬਣਨ ਦਾ ਸ਼ੌਕ ਸੀ। ਮਾਸਟਰ ਜੀ ਦੀ ਕੁੱਟ ਤੋਂ ਡਰਦੇ ਮਾਰੇ ਪੜ੍ਹਾਈ ਸੱਤਵੀਂ ਵਿਚ ਹੀ ਛੱਡ ਦਿੱਤੀ ਸੀ। ਕੋਟਕਪੂਰੇ ਤੋਂ ਕਿਸੇ ਡਾਕਟਰ ਨਾਲ ਕੰਮ ਕਰ ਕੇ ਡਾਕਟਰੀ ਸਿੱਖੀ ਅਤੇ ਹਸਪਤਾਲ ਖੋਲ੍ਹ ਲਿਆ। ਮੈਂ ਪੁੱਛਿਆ, “ਡਾਕਟਰੀ ਪੇਸ਼ੇ ਦੀ ਯੋਗਤਾ ਦਾ ਸਰਟੀਫਿਕੇਟ ਅਤੇ ਪ੍ਰੈਕਟਿਸ ਕਰਨ ਦਾ ਲਸੰਸ?” ਪੜ੍ਹੇ-ਲਿਖੇ ਆਦਮੀ ਨੂੰ ਜਵਾਬ ਦੇਣ ਦੀ ਚੇਤਨਤਾ ਅੰਦਰ ਖਿਸਿਆਨੀ ਜਿਹਾ ਹਾਸਾ ਹੱਸਦੇ ਬੋਲਿਆ, “ਪਿੰਡਾਂ ਵਿਚ ਇਨ੍ਹਾਂ ਦੀ ਲੋੜ ਨਹੀਂ। ਮੋਏ ਪੁੱਛਦੇ ਆ?” ਕੰਮਕਾਜ ਬਾਰੇ ਪੁੱਛਣ ’ਤੇ ਬੋਲਿਆ, “ਰੱਤਾ ਗਾਉਂਦੇ ਹਾਂ।”
ਕੁਰਸੀ ’ਤੇ ਬੈਠਣ ਤੋਂ ਬਾਅਦ ਮੈਂ ਉਸ ਦੇ ਹਸਪਤਾਲ/ਵੱਡੀ ਦੁਕਾਨ ’ਤੇ ਝਾਤ ਮਾਰੀ। ਸਾਹਮਣੇ ਵਾਲੇ ਮੇਜ਼ ਉੱਤੇ ਗੁਰਮੁਖੀ ਵਿਚ ਲਿਖਿਆ ਮਾਟੋ ਦਿਸਿਆ: “ਮੈਂ ਤਾਂ ਦਵਾ ਦਾਰੂ ਕਰਦਾ ਹਾਂ: ਬਿਮਾਰੀ ਸਤਿਗੁਰ ਦੂਰ ਕਰਦੇ ਹਨ।” ਉਹ ਇਕ ਮਿੰਟ ਲਈ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਗਿਆ ਤੇ ਵਾਪਸ ਆ ਗਿਆ। ਮੈਂ ਨੋਟ ਕੀਤਾ ਕਿ ਲੱਕੜ ਦੀਆਂ ਅਲਮਾਰੀਆਂ ਵਿਚ ਪਏ ਡੱਬਿਆਂ, ਦਵਾਈਆਂ ਅਤੇ ਸੂਇਆਂ (ਟੀਕਿਆਂ) ਦੇ ਲੇਬਲ ਲੱਗੇ ਹੋਏ ਸਨ। ਇਕ ਨੱੁਕਰ ਵਿਚ ਸਟੂਲ ’ਤੇ ਸਰਿੰਜ ਉਬਾਲਣ ਲਈ ਸਟੋਵ ਅਤੇ ਪਤੀਲਾ ਪਏ ਸਨ। ਆਮ ਮਿਲਣ ਵਾਲੀ ਸਪਿਰਟ ਦੀ ਬੂਅ ਵੀ ਆ ਰਹੀ ਸੀ।
ਅੱਗੇ ਚੱਲ ਕੇ ਉਸ ਨੇ ਕਿਹਾ, “ਹਾਂ, ਸ਼ਰਮਾ ਹੁਣ ਤੂੰ ਦੱਸ। ਸੁਣਿਐ... ਕਾਫੀ ਪੜ੍ਹ ਕੇ ਕਿਤੇ ਉੱਚੇ ਕੰਮ ’ਤੇ ਲੱਗਿਆ ਏਂ।” ਜਵਾਬ ਸਮੇਂ ਮੇਰੇ ਮਨ ਵਿਚ ਸੱਚੀ ਘਟਨਾ ਘੁੰਮ ਗਈ। ਇਕ ਵਾਰ ਮੇਰੇ ਪਿੰਡ ਦੇ ਇਕ ਸੱਜਣ ਨੇ ਪੁੱਛਿਆ ਕਿ ਮੈਂ ਸੋਲਾਂ ਜਮਾਤਾਂ ਪੜ੍ਹ ਕੇ ਕਿੱਥੇ ਅਫਸਰ ਲੱਗਾ ਹਾਂ? ਮੈਂ ਚੌੜਾ ਹੋ ਕੇ ਕਿਹਾ ਕਿ ਵੱਡੇ ਕਾਲਜ ਵਿਚ ਪ੍ਰੋਫੈਸਰ ਹਾਂ। ਉਸ ਨੇ ਪੁੱਛਿਆ, “ਪੰਡਿਤ ਜੀ, ਉਹ ਕੀ ਹੁੰਦਾ ਹੈ ਅਤੇ ਕੰਮ ਕੀ ਕਰਦੇ ਹੋ?” ਮੈਂ ਦੱਸਿਆ ਕਿ ਵੱਡੀਆਂ ਜਮਾਤਾਂ ਤੇਰ੍ਹਵੀਂ-ਚੌਧਵੀਂ ਨੂੰ ਪੜ੍ਹਾਉਂਦਾ ਹਾਂ।
“ਅੱਛਾ ਅੱਛਾ! (ਤੁਰੰਤ ‘ਤੁਸੀਂ’ ਤੋਂ ‘ਤੂੰ’ ’ਤੇ ਆਉਂਦੇ ਹੋਏ)... ਤਾਂ ਤੂੰ ਵੱਡਾ ਮਾਸਟਰ ਹੈਂ ਫਿਰ। ਤੈਨੂੰ ਮੋਹਤਮ (ਐਕਸਈਐੱਨ ਸਿੰਜਾਈ) ਲੱਗਣਾ ਚਾਹੀਦਾ ਸੀ। ਪਿੰਡ ਦੇ ਮੋਘੇ ਵੱਡੇ ਕਰਵਾ ਲੈਂਦੇ।”... ਹਰਦੇਵ ਨੂੰ ਮੈਂ ਹੱਸਦੇ ਹੋਏ ਕਿਹਾ, “ਦੇਬੂ, ਮੈਂ ਵੱਡਾ ਮਾਸਟਰ ਲੱਗਿਆ ਹਾਂ।”
ਇੰਨੇ ਨੂੰ ਸੁੰਦਰ, ਲੰਮੀ, ਸਿਰ ਢਕੀ ਔਰਤ ਟਰੇਅ ਵਿਚ ਦੁੱਧ ਦੇ ਦੋ ਗਲਾਸ ਲੈ ਕੇ ਆ ਗਈ। ਦੇਬੂ ਨੇ ਮੇਰੇ ਬਾਰੇ ਆਪਣੀ ਪਤਨੀ ਨੂੰ ਦੱਸਿਆ। ਭਰਜਾਈ ਬਾਰੇ ਦੱਸਿਆ ਕਿ ਉਹ ਨਾਲ ਦੇ ਪਿੰਡ ਸਰਕਾਰੀ ਸਕੂਲ ਵਿਚ ਜੇਬੀਟੀ ਅਧਿਆਪਕ ਹੈ। ਇਕ ਲੜਕਾ ਹੈ। ਤੋਕੜ ਮਹਿੰ ਦਾ ਗਾੜ੍ਹਾ-ਗਾੜ੍ਹਾ ਦੁੱਧ ਪੀਂਦਿਆਂ ਮੇਰੀ ਨਜ਼ਰ ਇਕ ਵਾਰ ਫਿਰ ਦਵਾਈਆਂ ਦੇ ਡੱਬਿਆਂ ’ਤੇ ਦੌੜਨ ਲੱਗ ਪਈ। ਇਕ ਲੇਬਲ ’ਤੇ ਲਿਖਿਆ ਸੀ: ‘ਸੱਪ ਲੜੇ ਤੋਂ, ਨਾੜ ਵਿਚ’। ਇਹ ਟੀਕਾ ਸੀ। ਮੇਰੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਮੋਗੇ ਦੇ ਕਿਸੇ ਮੈਡੀਕਲ ਸਟੋਰ ਤੋਂ ਕੋਈ ਡਾਕਟਰ ਇਹ ਟੀਕੇ ਖਰੀਦ ਰਿਹਾ ਸੀ, ਬਾਅਦ ਵਿਚ ਦੁਕਾਨਦਾਰ ਤੋਂ ਪੁੱਛ ਕੇ ਉਸ ਨੇ ਵੀ ਇਕ ਡੱਬਾ ਖਰੀਦ ਲਿਆ।
ਦੁੱਧ ਖ਼ਤਮ ਹੋਣ ਤੋਂ ਬਾਅਦ ਮੈਂ ਸ਼ੁਕਰੀਆ ਕਹਿ ਕੇ ਇਜਾਜ਼ਤ ਲਈ। ਵੱਗ ਜਾ ਚੁੱਕਾ ਸੀ। ਸੜਕ ਸਾਫ਼ ਸੀ ਪਰ ਉਸ ਦੇ ਸ਼ਬਦ “ਪਿੰਡਾਂ ਵਿਚ ਇਨ੍ਹਾਂ ਦੀ ਲੋੜ ਨਹੀਂ” ਅਤੇ ਲੇਬਲ ‘ਸੱਪ ਲੜੇ ਤੋਂ, ਨਾੜ ਵਿਚ’ ਸੋਚ ਕੇ ਐਸੇ ਜੁਗਾੜੂ ਡਾਕਟਰਾਂ ਦੀ ਭਰਮਾਰ ਚੀਸ ਪੈਦਾ ਕਰ ਗਈ।

Advertisement

ਸੰਪਰਕ: 95824-28184

Advertisement

Advertisement
Author Image

sukhwinder singh

View all posts

Advertisement