ਤੀਆਂ ਕੈਨੇਡਾ ਦੀਆਂ
ਗੁਰਨਾਮ ਕੌਰ
ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਪ੍ਰੇਰੀਵਿੰਡ ਪਾਰਕ ਵਿਖੇ ਉਤਸ਼ਾਹ ਭਰਪੂਰ ਮਾਹੌਲ ਵਿੱਚ ਹੋਈ। ਇਹ ਮੀਟਿੰਗ ਸਾਉਣ ਮਹੀਨੇ ਆਉਣ ਵਾਲੀਆਂ ਤੀਆਂ ਦੇ ਤਿਓਹਾਰ ਨੂੰ ਸਮਰਪਿਤ ਸੀ।
ਮੀਟਿੰਗ ਦਾ ਆਗਾਜ਼ ਕਰਦਿਆਂ ਸਭਾ ਦੀ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਨੇ ਤੀਆਂ ਦੀ ਮਹੱਤਤਾ, ਪੰਜਾਬੀ ਸੱਭਿਆਚਾਰ ਵਿੱਚ ਇਸ ਤਿਓਹਾਰ ਦੀ ਵਿਸ਼ੇਸ਼ਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਭਾ ਦੀ ਪ੍ਰਧਾਨ ਬਲਵਿੰਦਰ ਕੌਰ ਬਰਾੜ ਨੇ ਆਪ ਬੋਲੀ ਪਾ ਕੇ ਗਿੱਧੇ ਲਈ ਪਿੜ ਬੰਨ੍ਹ ਦਿੱਤਾ। ਫਿਰ ਤਾਂ ਬੱਲੇ ਬੱਲੇ ਹੋ ਗਈ। ਸਾਰੀਆਂ ਭੈਣਾਂ ਨੇ ਗਿੱਧੇ ਵਿੱਚ ਧਮਾਲਾਂ ਪਾ ਕੇ ਪ੍ਰੇਰੀਵਿਡ ਪਾਰਕ ਦੀਆਂ ਫਿਜ਼ਾਵਾਂ ਵਿੱਚ ਪੰਜਾਬੀ ਬੋਲੀਆਂ ਦੀ ਗੂੰਜ ਪਾ ਦਿੱਤੀ।
ਫਿਰ ਇਨ੍ਹਾਂ ਬੀਬੀਆਂ ਨੇ ਬੋਲੀਆਂ, ਸਿੱਠਣੀਆਂ, ਘੋੜੀਆਂ, ਲੰਮੀ ਹੇਕ ਦੇ ਗੀਤ ਗਾ ਕੇ ਪਾਰਕ ਵਿੱਚ ਹਾਜ਼ਰ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਉਂ ਜਾਪਦਾ ਸੀ ਜਿਵੇਂ ਪੰਜਾਬ ਦੇ ਹੀ ਕਿਸੇ ਪਿੰਡ ਵਿੱਚ ਹੋਈਏ। ਵੰਨ ਸੁਵੰਨੇ ਪਕਵਾਨਾਂ ਜਿਨ੍ਹਾਂ ਵਿੱਚ ਖੀਰ, ਕੜਾਹ, ਗੋਲਗੱਪੇ, ਦਹੀਂ-ਭੱਲੇ, ਕੜੀ-ਚੌਲ ਅਤੇ ਹੋਰ ਬਹੁਤ ਕੁਝ ਸ਼ਾਮਲ ਸੀ, ਦੀ ਮਹਿਕ ਹਰ ਪਾਸੇ ਖਿਲਰੀ ਹੋਈ ਸੀ। ਗਰਮੀ ਤੋਂ ਰਾਹਤ ਲਈ ਛਬੀਲ ਵੀ ਲਾਈ ਗਈ। ਕਈ ਘੰਟੇ ਨੱਚਣ ਅਤੇ ਗਾਉਣ ਤੋਂ ਬਾਅਦ ਭੈਣਾਂ ਨਵੇਂ ਮਹੀਨੇ ਦੀ ਮੀਟਿੰਗ ਵਿੱਚ ਮਿਲਣ ਦੀ ਤਾਂਘ ਲੈ ਕੇ ਵਿਦਾ ਹੋਈਆਂ।