ਸ੍ਰੀਨਗਰ/ਇਸਲਾਮਾਬਾਦ, 28 ਨਵੰਬਰਭਾਰਤ ਦੇ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ ਵਿੱਚ ਭੂਚਾਲ ਦੇ ਝਟਕੇ ਮਹਿਸੂੁਸ ਕੀਤੇ ਗਏ। ਹਾਲਾਂਕਿ ਦੋਵੇਂ ਥਾਈਂ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜੰਮੂ ਕਸ਼ਮੀਰ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨ ’ਤੇ 5.8 ਮਾਪੀ ਗਈ, ਜਦਕਿ ਪਾਕਿਸਤਾਨ ਵਿੱਚ 5.2 ਤੀਬਰਤਾ ਦਾ ਭੂਚਾਲ ਆਇਆ।ਜੰਮੂੁ ਕਸ਼ਮੀਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ ਕਰੀਬ 4:19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਵਿੱਚ 36.49 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 71.27 ਡਿਗਰੀ ਪੂਰਬੀ ਦੇਸ਼ਾਂਤਰ ’ਤੇ 165 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਉਨ੍ਹਾਂ ਦੱਸਿਆ ਕਿ ਅਜੇ ਤੱਕ ਕਸ਼ਮੀਰ ਘਾਟੀ ਵਿੱਚ ਕਿਤੇ ਵੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਦੂਜੇ ਪਾਸੇ ਪਾਕਿਸਤਾਨ ਦੇ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਅਤੇ ਤਾਜ਼ਿਕਸਤਾਨ ਦਰਮਿਆਨ ਸਰਹੱਦੀ ਖੇਤਰ ਦੇ ਨੇੜੇ ਸੀ ਅਤੇ ਇਸ ਦੀ ਡੂੰਘਾਈ 212 ਕਿਲੋਮੀਟਰ ਸੀ। ਸਥਾਨਕ ਅਧਿਕਾਰੀਆਂ ਅਨੁਸਾਰ ਪਿਸ਼ਾਵਰ ਅਤੇ ਖੈਬਰ ਪਖਤੂਨਖਵਾ ਸੂਬੇ ਦੇ ਕਈ ਖੇਤਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਪਾਕਿਸਤਾਨ ਭੂਚਾਲ ਸੰਭਾਵੀ ਖੇਤਰ ’ਤੇ ਸਥਿਤ ਅਤੇ ਇੱਥੇ ਅਕਸਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਦੋ ਹਫ਼ਤੇ ਪਹਿਲਾਂ ਖੈਬਰ ਪਖਤੂਨਖਵਾ ਦੇ ਮਿੰਗੋਰਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 4.1 ਤੀਬਰਤਾ ਦਾ ਭੂਚਾਲ ਆਇਆ ਸੀ ਅਤੇ ਇਸ ਦੀ ਡੂੰਘਾਈ 213 ਕਿਲੋਮੀਟਰ ਸੀ। -ਪੀਟੀਆਈ