ਵੇਰਕਾ ਮਿਲਕ ਪਲਾਂਟ ’ਚ ਲੱਗੇਗਾ ਦਹੀਂ ਤੇ ਲੱਸੀ ਬਣਾਉਣ ਦਾ ਯੂਨਿਟ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 25 ਅਗਸਤ
ਵੇਰਕਾ ਮਿਲਕ ਪਲਾਂਟ ਅੰਮ੍ਰਿਤਸਰ ਡੇਅਰੀ ਅੰਦਰ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਵੱਲੋ ਨਵਾਂ ਸਵੈਚਾਲਿਤ ਦਹੀਂ ਅਤੇ ਲੱਸੀ ਦਾ ਯੂਨਿਟ ਲਗਾਇਆ ਜਾਵੇਗਾ, ਜਿਸ ਉੱਤੇ ਲਗਭਗ 123 ਕਰੋੜ ਰੁਪਏ ਦਾ ਖਰਚਾ ਆਵੇਗਾ। ਪ੍ਰਾਜੈਕਟ ਸਬੰਧੀ ਨਿਰੀਖਣ ਕਰਨ ਲਈ ਪੁੱਜੇ ਮਿਲਕਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਲਗਭਗ 2 ਸਾਲ ਵਿੱਚ ਪੂਰਾ ਹੋਵੇਗਾ ਅਤੇ ਇਸ ਨਾਲ ਪਲਾਂਟ ਦੀ ਆਮਦਨ ਵਧੇਗੀ ਅਤੇ ਵੇਰਕਾ ਨਾਲ ਜੁੜੇ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ।
ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੇ ਚੱਲਣ ਨਾਲ ਅੰਮ੍ਰਿਤਸਰ ਅਤੇ ਤਰਨ ਤਾਰਨ ਸ਼ਹਿਰ ਦੇ ਵਸਨੀਕਾਂ ਨੂੰ ਵਧੀਆ ਕੁਆਲਿਟੀ ਦੀ ਲੱਸੀ ਅਤੇ ਦਹੀਂ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਜਿੱਥੇ ਵੇਰਕਾ ਦੇ ਉਤਪਾਦਾਂ ਦੀ ਵਿਕਰੀ ਵਿੱਚ ਵਾਧਾ ਹੋਵੇਗਾ, ਉੱਥੇ ਵੇਰਕਾ ਬ੍ਰਾਂਡ ਪ੍ਰਤੀ ਖਪਤਕਾਰਾਂ ਦਾ ਵਿਸ਼ਵਾਸ ਵੀ ਵਧੇਗਾ। ਇਸ ਮੌਕੇ ਮਿਲਕਫੈੱਡ ਦੇ ਸਮੂਹ ਬੋਰਡ ਆਫ ਡਾਇਰੈਕਟਰ ਵੀ ਹਾਜ਼ਰ ਸਨ, ਜਿਨ੍ਹਾਂ ਪ੍ਰਾਜੈਕਟ ਲਈ ਵੇਰਕਾ ਅੰਮ੍ਰਿਤਸਰ ਡੇਅਰੀ ਦਾ ਦੌਰਾ ਕੀਤਾ। ਜਨਰਲ ਮੈਨੇਜਰ ਬਿਕਰਮਜੀਤ ਸਿੰਘ ਮਾਹਲ ਨੇ ਦੱਸਿਆ ਕਿ ਦੁੱਧ ਉਤਪਾਦਨ ਵਿੱਚ ਭਾਰਤ ਨੂੰ ਸਵੈ-ਨਿਰਭਰ ਬਣਾਉਣ ਦੇ ਕੌਮੀ ਉਦੇਸ਼ ਦੀ ਪੂਰਤੀ ਲਈ ਵੇਰਕਾ ਮਿਲਕ ਪਲਾਂਟ ਦੀ ਸਥਾਪਨਾ 1963 ਵਿੱਚ ਕੀਤੀ ਗਈ। ਇਸ ਦੇ ਸਾਰੇ ਉਤਪਾਦਾਂ ਦਾ ਬ੍ਰਾਂਡ ਨਾਂ ‘ਵੇਰਕਾ’ ਰੱਖਿਆ ਗਿਆ ਸੀ ਜੋ ਦੁੱਧ ਉਤਪਾਦਾਂ ਲਈ ਅੰਤਰ ਰਾਸ਼ਟਰੀ ਪੱਧਰ ’ਤੇ ਮਸ਼ਹੂਰ ਬ੍ਰਾਂਡ ਹੈ। ਮਿਲਕ ਪਲਾਂਟ ਵੇਰਕਾ ਇੱਕ ਸਹਿਕਾਰੀ ਅਦਾਰਾ ਹੈ, ਜੋ ਮੁੱਢ ਤੋਂ ਹੀ ਇਸ ਖਿੱਤੇ ਦੇ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਆ ਰਿਹਾ ਹੈ।