ਮੁਲਾਜ਼ਮ ਤੇ ਪੈਨਸ਼ਨਰ ਸਰਕਾਰਾਂ ਖ਼ਿਲਾਫ਼ ਵਰ੍ਹੇ
ਪਰਮੋਦ ਸਿੰਗਲਾ
ਸ਼ਹਿਣਾ, 27 ਜੁਲਾਈ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਕਾਈ ਸ਼ਹਿਣਾ ਦੀ ਪ੍ਰਧਾਨਗੀ ਹੇਠ ਮਨਰੇਗਾ ਮਜ਼ਦੂਰਾਂ ਨੇ ਬਲਾਕ ਸ਼ਹਿਣਾ ਵਿੱਚ ਕੀਤੇ ਹੋਏ ਕੰਮਾਂ ਦੇ ਪੈਸੇ ਨਾ ਮਿਲਣ ਅਤੇ ਪੈਸੇ ਹੋਰ ਖਾਤਿਆਂ ਵਿੱਚ ਜਾਣ ਦੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਗੁਰਵਿੰਦਰ ਸਿੰਘ ਨਾਮਧਾਰੀ ਸਾਬਕਾ ਪੰਚ ਅਤੇ ਭਾਕਿਯੂ ਲੱਖੋਵਾਲ ਦੇ ਇਕਾਈ ਪ੍ਰਧਾਨ ਸਤਨਿਾਮ ਸਿੰਘ ਸੱਤੀ, ਸਲਾਹਕਾਰ ਜਗਤਾਰ ਸਿੰਘ ਝੱਜ, ਸਕੱਤਰ ਬੂਟਾ ਸਿੰਘ ਨਾਈਵਾਲਾ ਅਤੇ ਗੁਲਜ਼ਾਰ ਕੌਰ ਸ਼ਹਿਣਾ ਨੇ ਦੱਸਿਆ ਕਿ ਮਨਰੇਗਾ ਮਜ਼ਦੂਰਾਂ ਦੀ ਪਿਛਲੇ ਲੰਮੇ ਸਮੇਂ ਤੋਂ ਕੀਤੇ ਕੰਮਾਂ ਦੀ ਪੇਮੈਂਟ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਕੋਈ ਕੰਮ ਦਿੱਤਾ ਜਾ ਰਿਹਾ ਹੈ। ਸ਼ਹਿਣਾ ਵਿੱਚ ਬਾਹਰਲੇ ਮਜ਼ਦੂਰਾਂ ਤੋਂ ਕੰਮ ਕਰਵਾਇਆ ਜਾ ਰਿਹਾ ਅਤੇ ਉਹ ਦਫਤਰ ਦੇ ਗੇੜੇ ਮਾਰ ਮਾਰ ਥੱਕ ਚੁੱਕੇ ਹਨ, ਫਿਰ ਵੀ ਉਨ੍ਹਾਂ ਦੇ ਹੱਥ ਖਾਲੀ ਹਨ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਸੰਘਰਸ਼ ਵਿੱਢਣਗੇ।
ਮਾਨਸਾ (ਪੱਤਰ ਪ੍ਰੇਰਕ): ਨੰਬਰਦਾਰ ਯੂਨੀਅਨ ਮਾਨਸਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਦੇ ਮਾਣਭੱਤੇ ਵਿੱਚ ਵਾਧੇ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ। ਜਥੇਬੰਦੀ ਦਾ ਕਹਿਣਾ ਨੇ ਪੰਜਾਬ ਦੇ ਮਾਲ ਮੰਤਰੀ ਨੂੰ ਮਾਣਭੱਤੇ ਦਾ ਵਾਧਾ ਕਰਵਾਉਣ ਸਬੰਧੀ ਦਿੱਤੇ ਭਰੋਸੇ ਨੂੰ ਬਹੁਤ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਗੁਰਪ੍ਰੀਤ ਸਿੰਘ ਕਾਂਗੜ ਦੇ ਵਾਅਦਿਆਂ ਨੂੰ ਬੂਰ ਨਹੀਂ ਪਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਗੁਰਨੇ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਨੰਬਰਦਾਰਾਂ ਦੀਆਂ ਹਰਿਆਣਾ ਪੈਟਰਨ ਅਨੁਸਾਰ ਮੰਗਾਂ ਸਵੀਕਾਰ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਹਰਬੰਸ ਸਿੰਘ, ਬਲਦੇਵ ਸਿੰਘ, ਗੁਰਜੀਵਨ ਸਿੰਘ ਮਾਖਾ, ਬਲਵਿੰਦਰ ਸਿੰਘ ਖਿਆਲਾ, ਬਿੱਕਰ ਸਿੰਘ ਖਿਆਲਾ ਵੀ ਹਾਜ਼ਰ ਸਨ।
ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ
ਏਲਨਾਬਾਦ (ਪੱਤਰ ਪ੍ਰੇਰਕ): ਹਰਿਆਣਾ ਰਾਜ ਕਰਮਚਾਰੀ ਸੰਘ ਸਬੰਧਿਤ ਭਾਰਤੀ ਮਜਦੂਰ ਸੰਘ ਨੇ ਅੱਜ ਆਪਣੀਆਂ ਮੰਗਾਂ ਅਤੇ ਕਰਮਚਾਰੀ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਐੱਸਡੀਐੱਮ ਨੂੰ ਮੰਗ ਪੱਤਰ ਦਿੱਤਾ। ਸੰਬੋਧਨ ਕਰਦੇ ਹੋਏ ਹਰਿਆਣਾ ਰਾਜ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਤੇਲੂ ਰਾਮ ਲੁਗਰੀਆ ਤੇ ਹਰਿਆਣਾ ਪੀਡਬਲਿਊਡੀ ਕਰਮਚਾਰੀ ਸੰਘ ਦੇ ਸੂਬਾਈ ਉਪ-ਪ੍ਰਧਾਨ ਹਰੀ ਰਾਮ ਜਾਜੜਾ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਚਿਰਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਸੂਬਾਈ ਉਪ-ਪ੍ਰਧਾਨ ਗੁਰਪ੍ਰੀਤ ਬਰਾੜ, ਹਰੀਕਿਸ਼ਨ ਕੁਤਨੀਆ, ਬ੍ਰਿਜ ਲਾਲ ਵਰਮਾ, ਦੌਲਤ ਰਾਮ, ਧਰਮਪਾਲ ਵਰਮਾ, ਪ੍ਰਤਾਪ ਸਿੰਘ ਨੇ ਵੀ ਸੰਬੋਧਨ ਕੀਤਾ।