Punjab News: Fire: ਕੌਮੀ ਮਾਰਗ ’ਤੇ ਰੈਸਟੋਰੈਂਟ ’ਚ ਅੱਗ; ਸਾਮਾਨ ਸੜ ਕੇ ਸੁਆਹ
ਪਵਨ ਗੋਇਲ
ਭੁੱਚੋ ਮੰਡੀ, 24 ਨਵੰਬਰ
ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਆਦੇਸ਼ ਹਸਪਤਾਲ ਭੁੱਚੋ ਕਲਾਂ ਸਾਹਮਣੇ ਨਵੇਂ ਬਣੇ ਮਹਿਫੀਲੀਓ ਰੈਸਟੋਰੈਂਟ ਵਿੱਚ ਅੱਜ ਸਵੇਰੇ ਅੱਗ ਲੱਗ ਗਈ ਜਿਸ ਕਾਰਨ ਵੱਡਾ ਨੁਕਸਾਨ ਹੋ ਗਿਆ। ਇਸ ਮੌਕੇ ਸੌਂ ਰਹੇ ਰੈਸਟੋਰੈਂਟ ਦੇ ਛੇ ਕਰਮਚਾਰੀਆਂ ਨੇ ਗੁਆਂਢੀਆਂ ਦੇ ਸਹਿਯੋਗ ਨਾਲ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਭੁੱਚੋ ਮੰਡੀ ਅਤੇ ਬਠਿੰਡਾ ਤੋਂ ਪਹੁੰਚੀਆਂ ਅੱਗ ਬੁਝਾਊ ਗੱਡੀਆਂ ਦੇ ਅਮਲੇ ਨੇ ਭਾਰੀ ਮੁਸ਼ੱਕਤ ਦੇ ਬਾਅਦ ਅੱਗ ’ਤੇ ਕਾਬੂ ਪਾਇਆ। ਉਸ ਸਮੇਂ ਤੱਕ ਸਭ ਕੁੱਝ ਸੜ ਕੇ ਸੁਆਹ ਹੋ ਚੁੱਕਾ ਸੀ। ਨਵੇਂ ਬਣੇ ਇਸ ਰੈਸਟੋਰੈਂਟ ਦਾ ਮਹੂਰਤ ਛੇ ਦਸੰਬਰ ਨੂੰ ਹੋਣਾ ਸੀ ਅਤੇ ਬੀਤੀ ਰਾਤ ਇਸ ਰੇਸਤਰਾਂ ਵਿੱਚ ਪਾਰਟੀ ਰੱਖੀ ਸੀ ਤੇ ਸਵੇਰੇ ਸਭ ਕੁਝ ਖ਼ਤਮ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਸਹੀ ਪਤਾ ਨਹੀਂ ਲੱਗ ਸਕਿਆ ਪਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ।
ਘਟਨਾ ਸਥਾਨ ’ਤੇ ਮੌਜੂਦ ਰੈਸਟੋਰੈਂਟ ਦੇ ਮਾਲਕ ਵਿਪਨ ਬਾਂਸਲ ਅਤੇ ਉਸ ਦੇ ਪੁੱਤਰ ਵਰੁਣ ਬਾਂਸਲ ਵਾਸੀ ਭੁੱਚੋ ਮੰਡੀ ਨੇ ਦੱਸਿਆ ਕਿ ਉਹ ਅੱਗ ਲੱਗਣ ਤੋਂ ਦੋ ਘੰਟੇ ਪਹਿਲਾਂ ਹੀ ਰੈਸਟੋਰੈਂਟ ਬੰਦ ਕਰਵਾ ਕੇ ਘਰ ਆਏ ਸਨ। ਇਸ ਰੈਸਟੋਰੈਂਟ ਨੂੰ ਸ਼ਾਨਦਾਰ ਬਣਾਉਣ ਲਈ ਉਨ੍ਹਾਂ ਨੇ ਭਾਰੀ ਰਕਮ ਖਰਚ ਕੀਤੀ ਸੀ, ਜੋ ਮਿੱਟੀ ਵਿੱਚ ਮਿਲ ਗਈ। ਇਸ ਅੱਗ ਦੀ ਘਟਨਾ ਵਿੱਚ ਮਹਿੰਗੇ ਸੋਫ਼ੇ ਅਤੇ ਫਰਨੀਚਰ ਸਮੇਤ ਲਗਪਗ ਇੱਕ ਕਰੋੜ ਰੁਪਏ ਦਾ ਸਾਮਾਨ ਸੜ ਗਿਆ ਹੈ। ਰੈਸਟੋਰੈਂਟ ਦੇ ਮੁਲਾਜ਼ਮ ਅਮਿਤ ਕੁਮਾਰ ਨੇ ਦੱਸਿਆ ਕਿ ਪਾਰਟੀ ਖ਼ਤਮ ਹੋਣ ਤੋਂ ਬਾਅਦ ਉਹ ਅਤੇ ਉਸ ਦੇ ਸਾਥੀ ਉਪਰਲੀ ਮੰਜ਼ਿਲ ’ਤੇ ਬਣੇ ਕਮਰਿਆਂ ਵਿੱਚ ਸੌਂ ਗਏ ਸਨ। ਕੁਝ ਦੇਰ ਬਾਅਦ ਗੁਆਂਢੀ ਨੇ ਫੋਨ ਕਰਕੇ ਉਸ ਨੂੰ ਦੱਸਿਆ ਕਿ ਰੈਸਟੋਰੈਂਟ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਨ੍ਹਾਂ ਨੇ ਦੇਖਿਆ ਤਾਂ ਪੂਰੀ ਇਮਾਰਤ ਵਿੱਚ ਧੂੰਆਂ ਫੈਲਿਆ ਹੋਇਆ ਸੀ। ਇਹ ਸਭ ਕੁਝ ਦੇਖ ਕੇ ਉਹ ਘਬਰਾ ਗਏ ਅਤੇ ਆਪਣੀ ਆਪਣੀ ਜਾਨ ਬਚਾਉਣ ਲਈ ਭੱਜ ਗਏ। ਇਸ ਦੌਰਾਨ ਗੁਆਂਢੀਆਂ ਦੇ ਸਹਿਯੋਗ ਸਦਕਾ ਉਹ ਬਾਲਕੋਨੀ ਜ਼ਰੀਏ ਬਾਹਰ ਨਿਕਲੇ ਅਤੇ ਸੁੱਖ ਦਾ ਸਾਹ ਲਿਆ। ਬਠਿੰਡਾ ਛਾਉਣੀ ਦੀ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।