For the best experience, open
https://m.punjabitribuneonline.com
on your mobile browser.
Advertisement

ਯਰਾਨੇ

10:50 AM Jun 05, 2024 IST
ਯਰਾਨੇ
Advertisement

ਗੁਰਮਲਕੀਅਤ ਸਿੰਘ ਕਾਹਲੋਂ

Advertisement

ਹਰਪਾਲ ਤੇ ਮਨਜੀਤ ਦੇ ਪਿੰਡ ਬੇਸ਼ੱਕ ਦੂਰ ਦੂਰ ਸਨ, ਪਰ ਹਾਈ ਸਕੂਲ ਵਿੱਚ ਇੱਕੋ ਡੈਸਕ ’ਤੇ ਬੈਠਦਿਆਂ ਉਨ੍ਹਾਂ ਦੀ ਆੜੀ ਪੈ ਗਈ ਸੀ। ਹਰਪਾਲ ਅੰਗਰੇਜ਼ੀ ਤੇ ਹਿਸਾਬ ਵਿੱਚ ਮੋਹਰੀਆਂ ’ਚੋਂ ਸੀ ਤੇ ਮਨਜੀਤ ਦੋਹਾਂ ਵਿਸ਼ਿਆਂ ’ਚ ਮਸੀਂ ਪਾਸ ਹੁੰਦਾ। ਦੋਹਾਂ ਦੇ ਸੁਭਾਅ ਪਹਿਲਾਂ ਤੋਂ ਥੋੜ੍ਹਾ ਮੇਲ ਖਾਂਦੇ ਹੋਣ ਕਰਕੇ ਉਨ੍ਹਾਂ ਦਾ ਯਰਾਨਾ ਪੱਕਾ ਹੁੰਦਾ ਗਿਆ ਤੇ ਦਸਵੀਂ ਕਰਨ ਤੱਕ ਉਹ ਇੱਕ ਦੂਜੇ ਦੇ ਘਰ ਰਾਤ ਰਹਿਣ ਲੱਗ ਪਏ। ਪਲੱਸ ਟੂ ’ਚ ਦੋਵੇਂ ਇੱਕੋ ਕਾਲਜ ਦਾਖਲ ਹੋਏ। ਮਨਜੀਤ ਤਾਂ ਉੱਥੋਂ ਮਸੀਂ ਪਾਸ ਹੋਇਆ ਪਰ ਹਰਪਾਲ ਦਾ ਨਾਂ ਮੈਰਿਟ ਵਿੱਚ ਆ ਗਿਆ। ਚੰਗੇ ਨੰਬਰ ਆਉਣ ਕਰਕੇ ਹਰਪਾਲ ਨੂੰ ਅਗਲੇਰੀ ਪੜ੍ਹਾਈ ਲਈ ਮਾਪਿਆਂ ਨੂੰ ਬਹੁਤਾ ਨਹੀਂ ਸੀ ਕਹਿਣਾ ਪਿਆ ਪਰ ਮਨਜੀਤ ਦੇ ਮਾਪੇ ਅੜ ਗਏ ਕਿ ਉਸ ਤੋਂ ਨਿੱਕੇ ਚਾਰ ਭੈਣ-ਭਰਾਵਾਂ ਦੇ ਖ਼ਰਚੇ ਵੀ ਕਰਨੇ ਨੇ। ਤਕੜੇ ਜੁੱਸੇ ਕਰਕੇ ਮਨਜੀਤ ਕਬੱਡੀ ਚੰਗੀ ਖੇਡ ਲੈਂਦਾ ਸੀ। ਉਸ ਦੇ ਬਾਪ ਨੇ ਕੋਈ ਜੁਗਾੜ ਕਰਕੇ ਪੁੱਤ ਦਾ ਨਾਂ ਯੂਕੇ ਮੈਚ ਖੇਡਣ ਵਾਲੀ ਟੀਮ ਵਿੱਚ ਪਵਾ ਲਿਆ। ਪੈਸੇ ਤਾਂ ਲੱਗੇ ਪਰ ਮੁੰਡੇ ਦਾ ਵੀਜ਼ਾ ਲੱਗ ਗਿਆ। ਉਦੋਂ ਆਮ ਗੱਲ ਸੀ ਕਿ ਵਾਪਸੀ ਮੌਕੇ ਪ੍ਰੋਮੋਟਰ ਨਾਲ ਇੱਕ ਦੋ ਖਿਡਾਰੀ ਮੁੜਦੇ ਸੀ। ਮਨਜੀਤ ਨੂੰ ਤਾਂ ਭੇਜਿਆ ਹੀ ਰਹਿਣ ਲਈ ਗਿਆ ਸੀ।
ਯੂਕੇ ’ਚ ਬੜੀਆਂ ਤੰਗੀਆਂ ਤੁਰਸ਼ੀਆਂ ਝਾਕ ਕੇ ਮਨਜੀਤ ਦੇ ਪੈਰ ਲੱਗੇ ਤਾਂ ਉਸ ਨੂੰ ਯਾਰ ਬੇਲੀ ਯਾਦ ਆਉਣ ਲੱਗੇ। ਪਹਿਲਾ ਫੋਨ ਉਸ ਨੇ ਹਰਪਾਲ ਨੂੰ ਕੀਤਾ। ਤਦ ਤੱਕ ਹਰਪਾਲ ਨੇ ਡਿਗਰੀ ਕਰ ਲਈ ਸੀ ਤੇ ਨੌਕਰੀ ਲਈ ਹੱਥ ਪੈਰ ਮਾਰ ਰਿਹਾ ਸੀ। ਹਰ ਤੀਜੇ-ਚੌਥੇ ਦਿਨ ਦੋਵੇਂ ਕਿੰਨੀ ਦੇਰ ਗੱਲਾਂ ਕਰਕੇ ਮਨ ਹੌਲੇ ਕਰ ਲੈਂਦੇ। ਹਰਪਾਲ ਨੇ ਸਰਕਾਰੀ ਨੌਕਰੀ ਦੀ ਭਾਲ ਕਰਦਿਆਂ ਤਿੰਨ ਸਾਲ ਖ਼ਰਾਬ ਕਰ ਲਏ ਸੀ ਤੇ ਦਿਨ ਬਦਿਨ ਜ਼ਿੰਦਗੀ ਤੋਂ ਨਿਰਾਸ਼ ਹੋਈ ਜਾ ਰਿਹਾ ਸੀ। ਉਹ ਕਈ ਵਾਰ ਮਨਜੀਤ ਨਾਲ ਯੂਕੇ ਜਾਣ ਦੀ ਸਲਾਹ ਕਰਦਾ ਪਰ ਤੰਗੀ ਤੁਰਸ਼ੀ ਨਾਲ ਘਰ ਦੇ ਖ਼ਰਚ ਕਰਦੇ ਬਾਪ ਵੱਲ ਵੇਖ ਕੇ ਉਹ ਵਿਦੇਸ਼ ਦਾ ਖ਼ਿਆਲ ਮਨ ਵਿੱਚ ਆਉਣ ਤੋਂ ਪਹਿਲਾਂ ਹੀ ਵਾਪਸ ਮੋੜਨ ਲੱਗ ਪਿਆ। ਦਰਜਨਾਂ ਥਾਵਾਂ ’ਤੇ ਇੰਟਰਵਿਊ ਦੇ ਕੇ ਉਸ ਨੂੰ ਸਮਝ ਆ ਚੁੱਕੀ ਸੀ ਕਿ ਡਿਗਰੀਆਂ ਦੇ ਨਾਲ ਨਾਲ ਵੱਡੇ ਅਫ਼ਸਰ ਦੀ ਸਵੱਲੀ ਨਜ਼ਰ ਲਈ ਉਸ ਦਾ ਰਿਸ਼ਤੇਦਾਰ ਹੋਣਾ ਜਾਂ ਨੋਟਾਂ ਦੇ ਬੰਡਲ ਜ਼ਰੂਰੀ ਨੇ। ਵਕਤ ਟਪਾਈ ਲਈ ਉਹ ਪ੍ਰਾਈਵੇਟ ਫੈਕਟਰੀ ਵਿੱਚ ਲੱਗ ਗਿਆ, ਜਿੱਥੇ ਉਸ ਨੂੰ ਮਜ਼ਦੂਰ ਦੀ ਦਿਹਾੜੀ ਤੋਂ ਘੱਟ ਤਨਖਾਹ ਮਿਲਦੀ ਸੀ।
ਮਨਜੀਤ ਨੂੰ ਯੂਕੇ ’ਚ ਪੱਕੇ ਹੋਣ ’ਚ ਅੱਠ ਸਾਲ ਲੱਗ ਗਏ। ਇਸ ਦੌਰਾਨ ਉਸ ਨੇ ਸਖ਼ਤ ਮਿਹਨਤ ਕੀਤੀ। ਉਸ ਦੇ ਭੇਜੇ ਪੈਸਿਆਂ ਕਾਰਨ ਉਸ ਦਾ ਡੈਡੀ ਪਿੰਡ ਦੇ ਕਹਿੰਦੇ ਕਹਾਉਂਦੇ ਲੋਕਾਂ ਵਿੱਚ ਗਿਣਿਆ ਜਾਣ ਲੱਗਾ। ਗਰੀਨ ਕਾਰਡ ਮਿਲਦੇ ਹੀ ਉਸ ਨੇ ਟਿਕਟ ਕਟਾਈ ਤੇ ਪਿੰਡ ਪਹੁੰਚ ਗਿਆ। ਹਰਪਾਲ ਨੂੰ ਯਾਰ ਮਿਲਣ ਦੀ ਬੜੀ ਖ਼ੁਸ਼ੀ ਹੋਈ। ਮਨਜੀਤ ਦੇ ਮਾਪਿਆਂ ਨੇ ਪੁੱਤ ਦੀ ਉਮਰ ਦਾ ਖ਼ਿਆਲ ਕਰਦਿਆਂ ਉਸ ਦੇ ਵਿਆਹ ਬਾਰੇ ਸੋਚਿਆ ਹੋਇਆ ਸੀ ਤੇ ਕਈ ਰਿਸ਼ਤੇ ਨਜ਼ਰ ਹੇਠ ਕੀਤੇ ਹੋਏ ਸਨ। ਕਿਸੇ ਨੂੰ ਪੱਕ ਠੱਕ ਦੀ ਥਾਂ ਗੱਲ ਮਨਜੀਤ ਦੀ ਪਸੰਦ ’ਤੇ ਛੱਡੀ ਹੋਈ ਸੀ।
ਉਸ ਦਿਨ ਮਨਜੀਤ ਹੋਰਾਂ ਰਿਸ਼ਤੇ ਲਈ ਜਿਸ ਪਿੰਡ ਜਾਣਾ ਸੀ, ਹਰਪਾਲ ਦਾ ਪਿੰਡ ਉੱਧਰ ਜਾਂਦਿਆਂ ਰਸਤੇ ’ਚ ਪੈਂਦਾ ਸੀ। ਮਨਜੀਤ ਨੇ ਹਰਪਾਲ ਨੂੰ ਤਿਆਰ ਰਹਿਣ ਲਈ ਕਿਹਾ ਹੋਇਆ ਸੀ ਤੇ ਉਸ ਦੇ ਪਿੰਡੋਂ ਨਾਲ ਬਹਾ ਲਿਆ। ਲੜਕੀ ਦੇ ਮਾਪਿਆਂ ਨਾਲ ਜਾਣ ਪਹਿਚਾਣ ਕਰਾਉਂਦਿਆਂ ਮਨਜੀਤ ਦੇ ਡੈਡੀ ਨੇ ਹਰਪਾਲ ਵੱਲ ਉਂਗਲ ਕਰਦਿਆਂ ਦੱਸਿਆ ਕਿ ਮਨਜੀਤ ਦਾ ਭਰਾ ਈ ਸਮਝੋ। ਇਹ ਸੁਣ ਕੇ ਹਰਪਾਲ ਦਾ ਸਿਰ ਫਖ਼ਰ ਨਾਲ ਗਿੱਠ ਉੱਚਾ ਹੋ ਗਿਆ। ਆਹਮੋ ਸਾਹਮਣੇ ਬੈਠੇ ਦੋਹੇਂ ਪਰਿਵਾਰ ਇੱਕ ਦੂਜੇ ਨੂੰ ਪੁੱਛਦੇ ਦੱਸਦੇ ਤੇ ਹੋਰ ਗੱਲਾਂ ਕਰਦੇ ਰਹੇ ਪਰ ਮਨਜੀਤ ਦੀ ਤੱਕਣੀ ਵਾਰ ਵਾਰ ਦਰਵਾਜ਼ੇ ਵੱਲ ਟੇਢੀ ਹੋ ਰਹੀ ਸੀ। ਲੜਕੀ ’ਤੇ ਪਹਿਲੀ ਝਾਤ ਦੀ ਉਤਸੁਕਤਾ ਕੁਦਰਤੀ ਸੀ। ਹਰਪਾਲ ਦੇ ਮਨ ’ਚ “ਕਿਤੇ ਉਹ ਹੀ ਨਾ ਹੇਵੇ ?’’ ਵਾਲਾ ਸਵਾਲ ਨਾਲੋ ਨਾਲ ਉਬਾਲੇ ਮਾਰ ਰਿਹਾ ਸੀ। ਉਸ ਨੂੰ ਯਾਦ ਸੀ ਕਿ ਇਸੇ ਪਿੰਡ ਦੀ ਨਾਨਕੇ ਰਹਿ ਕੇ ਪੜ੍ਹਦੀ ਸਰਬੀ ਦਸਵੀ ’ਚ ਉਨ੍ਹਾਂ ਦੀ ਜਮਾਤਣ ਸੀ, ਜਿਸ ’ਤੇ ਕਈ ਮੁੰਡੇ ਮਰਦੇ ਹੁੰਦੇ ਸੀ ਪਰ ਉਸ ਦੀ ਤੱਕਣੀ ਮੂਹਰੇ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਅੱਖ ਚੁੱਕ ਕੇ ਵੇਖ ਜਾਏ। ਹਰਪਾਲ ਦੇ ਮਨ ਵਿੱਚ ਉਦੋਂ ਸਰਬੀ ਦੀ ਸੁੰਦਰਤਾ ਬਾਰੇ ਕਿੰਨੇ ਸਵਾਲ ਉੱਠਿਆ ਕਰਦੇ ਸੀ। ਉਹ ਸੋਚਦਾ ਉਹ ਕਿੰਨਾ ਭਾਗਾਂ ਵਾਲਾ ਹੋਊ, ਜਿਸ ਦੇ ਹੱਥ ਵਿੱਚ ਇਸ ਦੇ ਨਾਲ ਜੀਵਨ ਦੇ ਅੱਧ ਵਾਲੀ ਸਾਂਝ ਵਾਲੀਆਂ ਲਕੀਰਾਂ ਹੋਣਗੀਆਂ।
ਥੇੜ੍ਹੇ ਮਿੰਟ ਹੋਰ ਲੰਘੇ ਤਾਂ ਸਾਦੇ ਪਰ ਫੱਬਵੇਂ ਪੰਜਾਬੀ ਲਿਬਾਸ ਵਿੱਚ ਸੰਵਰੀ ਕੁੜੀ ਹੱਥਾਂ ’ਚ ਟਰੇਅ ਫੜੀ ਅੰਦਰ ਆਈ। ਟਰੇਅ ਨੂੰ ਮੇਜ਼ ’ਤੇ ਟਿਕਾ ਕੇ ਉਸ ਨੇ ਹੱਥ ਜੋੜੇ ਤੇ ਮੁਸਕਰਾ ਕੇ ਪ੍ਰਾਹੁਣਿਆਂ ਵੱਲ ਵੇਖਦਿਆਂ ਸਤਿਕਾਰ ਪ੍ਰਗਟਾਇਆ। ਮਨਜੀਤ ਦੀ ਭੈਣ ਤਾਨੀਆ ਨੇ ਉਸ ਨੂੰ ਜੱਫੀ ’ਚ ਲੈ ਕੇ ਆਪਣੇ ਤੇ ਮੰਮੀ ਦੇ ਵਿਚਾਲੇ ਬੈਠਾ ਲਿਆ। ਚਾਹ ਦੀਆਂ ਚੁਸਕੀਆਂ ਦੇ ਨਾਲ ਗੱਲਾਂ ਚੱਲਦੀਆਂ ਰਹੀਆਂ। ਕਦੇ ਮਨਜੀਤ ਦੀ ਟੇਢੀ ਅੱਖ ਸਰਬੀ ਦੇ ਚਿਹਰੇ ’ਤੇ ਟਿਕੀ ਹੁੰਦੀ ਤੇ ਕਦੇ ਮਨਜੀਤ ਦੀ ਮਾਂ ਪੁੱਤ ਦੀਆਂ ਅੱਖਾਂ ’ਚੋਂ ਹਾਂ-ਨਾਂਹ ਲੱਭ ਰਹੀ ਹੁੰਦੀ। ਮਨਜੀਤ ਦੀ ਮੰਮੀ ਤੇ ਭੈਣ ਨੇ ਜੋ ਵੀ ਸਰਬੀ ਤੋਂ ਪੁੱਛਿਆ, ਉਸ ਨੇ ਬੇਝਿਜਕ ਦੱਸ ਦਿਤਾ ਪਰ ਮਨਜੀਤ ਬਾਰੇ ਉਸ ਦੀ ਮਰਜ਼ੀ ਪੁੱਛੇ ਜਾਣ ’ਤੇ ਉਸ ਨੇ ਤਾਨੀਆ ਦੀਆਂ ਬਾਹਾਂ ਵਿੱਚ ਆਪਣੇ ਆਪ ਨੂੰ ਸੁੰਗੇੜ ਕੇ ਭਾਬੀ ਬਣਨ ਦਾ ਸੰਕੇਤ ਦੇ ਦਿੱਤਾ। ਪਤੀ ਦਾ ਚਿਹਰਾ ਪੜ੍ਹ ਕੇ ਤਾਨੀਆ ਦੀ ਮੰਮੀ ਨੇ ਮੌਕਾ ਸੰਭਾਲਿਆ ਤੇ ਖੜ੍ਹੇ ਹੋ ਕੇ ਹੱਥ ਜੋੜੇ ਤੇ ਆਪਣੇ ਪਰਿਵਾਰ ਵੱਲੋਂ ਸਹਿਮਤੀ ਪ੍ਰਗਟਾ ਦਿੱਤੀ। ਹੱਥ ਜੋੜ ਕੇ ਸਾਰਿਆਂ ਨੇ ਸਹਿਮਤੀ ਦੀ ਮੋਹਰ ਲਾ ਦਿੱਤੀ। ਕਮਰੇ ਦੀ ਫਿਜ਼ਾ ’ਚੋਂ ਵਧਾਈਆਂ ਸੁਣਨ ਲੱਗੀਆਂ। ਸ਼ਾਂਤੀ ਹੋਈ ਤਾਂ ਮਨਜੀਤ ਤੋਂ ਰਿਹਾ ਨਾ ਗਿਆ,
‘‘ਬਈ ਵਧਾਈਆਂ ਤੋਂ ਪਹਿਲਾਂ ਉਨ੍ਹਾਂ ਦੋਹਾਂ ਨੂੰ ਤਾਂ ਪੁੱਛ ਲੈਂਦੇ, ਜਿਨ੍ਹਾਂ ਦੀ ਜ਼ਿੰਦਗੀ ਦੇ ਸਾਥ ਦਾ ਸਵਾਲ ਹੈ। ਉਨ੍ਹਾਂ ਦੀ ਵੀ ਕੋਈ ਮਰਜ਼ੀ ਹੋਊ ਕਿ ਨਹੀਂ?’’ ਗੱਲ ਸੁਣ ਕੇ ਸਭ ਦੇ ਚਿਹਰਿਆਂ ਤੋਂ ਕਾਹਲ ਦੀ ਗ਼ਲਤੀ ਵਾਲਾ ਅਹਿਸਾਸ ਪੜ੍ਹਿਆ ਜਾਣ ਲੱਗਾ। ਸਰਬੀ ਦੀ ਮੰਮੀ ਉੱਠੀ ਤੇ ਮੌਕਾ ਸੰਭਾਲਦੇ ਹੋਏ ਭਤੀਜੇ ਨੂੰ ਉਠਾ ਕੇ ਨਾਲ ਦੇ ਕਮਰੇ ’ਚ ਕੁਰਸੀਆਂ ਲੁਆ ਕੇ ਮਨਜੀਤ ਤੇ ਸਰਬੀ ਨੂੰ ਸੱਦ ਲਿਆ। ਅਸਲ ਵਿੱਚ ਸਰਬੀ ਨੂੰ ਵੇਖ ਕੇ ਮਨਜੀਤ ਹੱਕਾ-ਬੱਕਾ ਹੋ ਗਿਆ ਸੀ।
“ਇਹ ਤਾਂ ਉਹੀ ਆ ਸਰਬੀ, ਜਿਸ ਦੇ ਸੁਪਨੇ ਕਦੇ ਕਦੇ ਮੈਨੂੰ ਵਲੈਤ ਬੈਠਿਆਂ ਵੀ ਆਉਂਦੇ ਹੁੰਦੇ ਸੀ।’’ ਇੱਕ ਦੋ ਪਲ ਤਾਂ ਉਸ ਨੂੰ ਆਪਣੀਆਂ ਅੱਖਾਂ ’ਤੇ ਵਿਸ਼ਵਾਸ ਨਹੀਂ ਸੀ ਹੋਇਆ। ਕਿਸਮਤ ’ਤੇ ਫਖ਼ਰ ਕਰਦਿਆਂ ਉਸ ਨੂੰ ਰੱਬ ਵੱਲੋਂ ਛੱਪੜ ਪਾੜ ਕੇ ਦੇਣ ਵਾਲੀ ਗੱਲ ਯਾਦ ਆਈ। ਗੱਲਬਾਤ ਕਰਕੇ ਦੋਹੇਂ ਵਾਪਸ ਆਏ ਤਾਂ ਖਾਣੇ ਦੀ ਮੇਜ਼ ’ਤੇ ਉਨ੍ਹਾਂ ਦੀ ਉਡੀਕ ਹੋ ਰਹੀ ਸੀ। ਦੋਹਾਂ ਦੇ ਨਾਲ ਨਾਲ ਬੈਠਣ ਤੋਂ ਸਭ ਨੂੰ ਭਰੋਸਾ ਹੋ ਗਿਆ ਕਿ ਦੋ ਘੰਟੇ ਪਹਿਲਾਂ ਸਾਂਝੀਆਂ ਹੋਈਆਂ ਵਧਾਈਆਂ ਵੇਲ ਵਾਧੇ ਦਾ ਹੀ ਸਬੱਬ ਸਨ। ਸਭ ਨੂੰ ਖ਼ੁਸ਼ਖ਼ਬਰੀ ਦੀ ਤਲਬ ਖਾਣੇ ਤੋਂ ਵੱਧ ਸੀ। ਸਰਬੀ ਦੀ ਮੰਮੀ ਤੋਂ ਕਾਹਲ ’ਤੇ ਕਾਬੂ ਨਹੀਂ ਸੀ ਪੈ ਰਿਹਾ। ਖਾਣੇ ਵਾਲਾ ਸਾਮਾਨ ਪ੍ਰਾਹੁਣਿਆਂ ਮੂਹਰੇ ਕਰਦਿਆਂ ਵੀ ਉਸ ਦੀ ਨਜ਼ਰ ਕੁੜੀ ਮੁੰਡੇ ਦੇ ਚਿਹਰੇ ਤਾੜ ਰਹੀ ਸੀ। ਆਖਰ ਉਸ ਨੇ ਪੁੱਛ ਹੀ ਲਿਆ,
‘‘ਕਿਉਂ ਬੱਚਿਓ, ਐਹ ਮਿੱਠਾ ਪਹਿਲਾਂ ਵਰਤਾ ਦਿਆਂ ਜਾਂ ਪਾਸੇ ਕਰਕੇ ਰੱਖ ਦੇਵਾਂ?”
ਮਾਂ ਦੀ ਰਮਜ਼ ਸਮਝ ਕੇ ਸਰਬੀ ਤੇ ਮਨਜੀਤ ਖੜ੍ਹੇ ਹੋਏ ਤੇ ਲੱਡੂਆਂ ਨਾਲ ਸਾਰਿਆਂ ਦਾ ਮੂੰਹ ਮਿੱਠਾ ਕਰਾਉਣ ਲੱਗੇ। ਸਰਬੀ ਪ੍ਰਾਹੁਣਿਆਂ ਵਾਲੇ ਪਾਸੇ ਹੋ ਤੁਰੀ ਤੇ ਮਨਜੀਤ ਉਸ ਦੇ ਮਾਪਿਆਂ ਵੱਲ। ਦੋ ਘੰਟਿਆਂ ਤੋਂ ਸੋਚਾਂ ’ਚ ਘਿਰਿਆ ਮਾਹੌਲ ਤਾੜੀਆਂ ਵਿੱਚ ਬਦਲ ਗਿਆ। ਹਾਸਾ ਠੱਠਾ ਹੋਣ ਲੱਗਾ ਤੇ ਮੇਜ਼ ’ਤੇ ਪਿਆ ਖਾਣਾ ਖੁਸ਼ਬੋਆਂ ਛੱਡਣ ਲੱਗ ਪਿਆ। ਖਾਣੇ ਤੋਂ ਬਾਅਦ ਕੁੜਮਾਂ ਨੇ ਇੱਕ ਦੂਜੇ ਨੂੰ ਜੱਫੀ ’ਚ ਘੁੱਟ ਲਿਆ। ਕੁੜਮਣੀਆਂ ਕਿਹੜਾ ਘੱਟ ਸੀ, ਉਨ੍ਹਾਂ ਇੱਕ ਦੂਜੀ ਦੇ ਗਲ ਲੱਗ ਪਹਿਲੀ ਮਿਲਣੀ ਕਰ ਲਈ। ਤਾਨੀਆ ਬਾਹਰ ਗਈ ਤੇ ਕਾਰ ’ਚੋਂ ਬੈਗ ਕੱਢ ਲਿਆਈ। ਮਾਂ-ਧੀ ਸਰਬੀ ਦੇ ਚੁੰਨੀ ਚੜ੍ਹਾਵੇ ’ਚ ਰੁੱਝ ਗਈਆਂ। ਹਫੜਾ ਦਫੜੀ ’ਚ ਸਰਬੀ ਦੇ ਮਾਪੇ ਜੋ ਕਰ ਸਕਦੇ ਸੀ, ਉਨ੍ਹਾਂ ਕਰ ਲਿਆ ਤੇ ਸਭ ਦੀ ਰਜ਼ਾਮੰਦੀ ਨਾਲ ਦੋ ਹਫ਼ਤੇ ਬਾਅਦ ਵਿਆਹ ਦਾ ਦਿਨ ਮਿੱਥ ਲਿਆ। ਸਰਬੀ ਤੇ ਮਨਜੀਤ ਦੇ ਫੋਨਾਂ ਵਿੱਚ ਇੱਕ ਦੂਜੇ ਦੇ ਨੰਬਰ ਸੇਵ ਹੋ ਗਏ।
ਸੰਗਤਪੁਰੇ ਤੋਂ ਵਾਪਸ ਮੁੜਦਿਆਂ ਮਨਜੀਤ ਨੇ ਹਰਪਾਲ ਨੂੰ ਸਕੂਲ ਵਾਲੀ ਉਸ ਦੀ ਗੱਲ ਯਾਦ ਕਰਾਈ, ‘‘ਇੱਕ ਦਿਨ ਸਕੂਲ ਕੋਲੋਂ ਲੰਘ ਕੇ ਏ ਸੈਕਸ਼ਨ ਦਾ 6ਵਾਂ ਪੀਰੀਅਡ ਲਾਉਣ ਕੋਨੇ ਵਾਲੇ ਕਮਰੇ ਵੱਲ ਜਾਂਦੀ ਸਰਬੀ ਵੱਲ ਵੇਖ ਕੇ ਤੂੰ ਕਿਹਾ ਸੀ ਨਾ ਕਿ ਉਹ ਕਿਸਮਤ ਦਾ ਕਿੰਨਾ ਧਨੀ ਹੋਊ, ਜਿਸ ਦੀ ਝੋਲੀ ਐਹ ਟੀਸੀ ਵਾਲਾ ਬੇਰ ਡਿੱਗੇਗਾ, ਉਸ ਦਿਨ ਤੇਰੇ ਕਹਿਣ ਤੋਂ ਮਿੰਟ ਬਾਅਦ ਮੈਂ ਚੁੱਪ ਚਪੀਤੇ ਝੋਲੀ ਅੱਡ ਲਈ ਸੀ। ਵੇਖ ਲੈ ਰੱਬ ਦੇ ਰੰਗ, ਅੱਜ ਉਹ ਬੇਰ ਪੱਕ ਕੇ ਆਪੇ ਈ ਮੇਰੀ ਝੋਲੀ ਆਣ ਡਿੱਗਾ।’’ ਭਾਵੁਕ ਹੋਏ ਮਨਜੀਤ ਤੋਂ ਅੱਗੇ ਕੁਝ ਨਾ ਕਹਿ ਹੋਇਆ। ਹਰਪਾਲ ਨੇ ਯਾਰ ਦੁਆਲਿਓਂ ਕਿੰਨੀ ਦੇਰ ਬਾਹਵਾਂ ਦੀ ਪਕੜ ਢਿੱਲੀ ਨਹੀਂ ਸੀ ਹੋਣ ਦਿੱਤੀ। ਯਾਰ ਦੀ ਕਿਸਮਤ ’ਤੇ ਉਸ ਨੂੰ ਫਖ਼ਰ ਹੋ ਰਿਹਾ ਸੀ।
ਚਾਵਾਂ ਨਾਲ ਹੋਏ ਵਿਆਹ ਤੋਂ ਬਾਅਦ ਥੋੜ੍ਹੇ ਦਿਨ ਘੁੰਮ ਫਿਰ ਕੇ ਮਨਜੀਤ ਵਾਪਸ ਯੂਕੇ ਚਲਾ ਗਿਆ ਤੇ ਸਰਬੀ ਨੂੰ ਉੱਥੇ ਸੱਦਣ ਦੇ ਕਾਗਜ਼ ਭਰ ਦਿੱਤੇ। ਹਰਪਾਲ ਨੂੰ ਉੱਥੇ ਸੱਦਣ ਦੇ ਆਪਣੇ ਵਾਅਦੇ ’ਤੇ ਕਾਇਮ ਰਹਿ ਕੇ ਉਸ ਨੇ ਇਹ ਕੰਮ ਚੋਟੀ ਦੇ ਮਾਹਰ ਏਜੰਟ ਦੇ ਜ਼ਿੰਮੇ ਲਾ ਕੇ ਉਸ ਦੀ ਫੀਸ ਭਰ ਦਿੱਤੀ। ਇਤਫਾਕਨ ਥੋੜ੍ਹੇ ਦਿਨਾਂ ਦੇ ਫ਼ਰਕ ਨਾਲ ਸਰਬੀ ਤੇ ਮਨਜੀਤ ਦੇ ਵੀਜ਼ੇ ਆ ਗਏ। ਫ਼ਰਕ ਏਨਾ ਸੀ ਕਿ ਸਰਬੀ ਦਾ ਵੀਜ਼ਾ ਉੱਥੇ ਪਹੁੰਚਦੇ ਹੀ ਗਰੀਨ ਕਾਰਡ ’ਚ ਬਦਲ ਜਾਣਾ ਸੀ, ਪਰ ਹਰਪਾਲ ਨੂੰ ਇੱਕ ਸਾਲ ਕੰਮ ਕਰਨ ਲਈ ਸੱਦਿਆ ਗਿਆ ਸੀ। ਉਹ ਅੰਮ੍ਰਿਤਸਰੋਂ ਇੱਕੋ ਜਹਾਜ਼ ਚੜ੍ਹ ਕੇ ਬਰਮਿੰਘਮ ਪਹੁੰਚ ਗਏ।
ਬਰਮਿੰਘਮ ’ਚ ਹੋਰ ਮੁੰਡਿਆਂ ਨਾਲ ਰਹਿੰਦੇ ਮਨਜੀਤ ਨੇ ਸਰਬੀ ਦੇ ਆਉਣ ਤੋਂ ਪਹਿਲਾਂ ਵੱਖਰਾ ਘਰ ਲੈ ਲਿਆ। ਹਰਪਾਲ ਥੋੜ੍ਹੇ ਦਿਨ ਤਾਂ ਉਸ ਦੇ ਨਾਲ ਰਿਹਾ ਪਰ ਦੋ ਕੁ ਹਫ਼ਤੇ ਬਾਅਦ ਠਿਕਾਣਾ ਬਦਲ ਲਿਆ। ਮਨਜੀਤ ਨੇ ਆਉਂਦੇ ਸਾਰ ਹੀ ਯਾਰ ਨੂੰ ਕੰਮ ’ਤੇ ਲਵਾ ਦਿੱਤਾ ਸੀ। ਮਨਜੀਤ ਨੇ ਸੋਚਿਆ ਹੋਇਆ ਸੀ ਕਿ ਯੂਕੇ ਪੁੱਜਣ ’ਤੇ ਸਰਬੀ ਨੂੰ ਦੋ-ਚਾਰ ਹਫ਼ਤੇ ਘੁੰਮਾ ਫਿਰਾ ਕੇ ਹੀ ਜੌਬ ’ਤੇ ਲਵਾਉਣ ਬਾਰੇ ਸੋਚੇਗਾ। ਮਨਜੀਤ ਦੇ ਕੰਮ ’ਤੇ ਜਾਣ ਤੋਂ ਬਾਅਦ ਉਹ ਘਰ ’ਚ ਇਕੱਲਤਾ ਮਹਿਸੂਸ ਕਰਦੀ। ਇੱਕ ਦਿਨ ਮਨਜੀਤ ਨੇ ਲਾਇਬ੍ਰੇਰੀ ਤੋਂ ਉਸ ਨੂੰ ਕੁਝ ਕਿਤਾਬਾਂ ਲਿਆ ਦਿੱਤੀਆਂ। ਉਸ ਦਿਨ ਉਹ ਖਿੜਕੀ ਕੋਲ ਬੈਠੀ ਬਾਹਰ ਹੋ ਰਹੀ ਹਲਕੀ ਬਾਰਸ਼ ਦਾ ਨਜ਼ਾਰਾ ਮਾਣਦੇ ਹੋਏ ਮਨਜੀਤ ਦੀ ਉਡੀਕ ਕਰਦੀ ਸੀ। ਘੜੀ ਵੇਖੀ, ਮਨਜੀਤ ਦੀ ਵਾਪਸੀ ਸਮੇਂ ਵਿੱਚ ਤਾਂ ਤਿੰਨ ਘੰਟੇ ਸੀ। ਵਕਤ ਲੰਘਾਉਣ ਲਈ ਉਹ ਕੱਲ੍ਹ ਸ਼ੁਰੂ ਕੀਤਾ ਨਾਵਲ ਅੱਗੇ ਪੜ੍ਹਨ ਲੱਗੀ। ਨਾਵਲ ਕਾਫ਼ੀ ਰੁਮਾਂਟਿਕ ਸੀ। ਅਗਲਾ ਵਰਕਾ ਪਰਤਿਆ, ਨਾਵਲ ਦੀ ਨਾਇਕਾ ਦੇ ਮਨ ਦੀ ਹਾਲਤ ਦਾ ਜ਼ਿਕਰ ਸੀ। ਪਹਿਲੀ ਲਾਈਨ ਪੜ੍ਹਦੇ ਹੀ ਉਸ ਦੇ ਮਨ ਦੀ ਘੰਟੀ ਖੜਕੀ, ਲਿਖਿਆ ਸੀ,
“ਕਰਮਾਂ ਨਾਲ ਬਣਦਾ ਏ ਕਿਸੇ ਦੇ ਮਨ ਵਿੱਚ ਘਰ, ਨਹੀਂ ਤਾਂ ਆਲ੍ਹਣੇ ਤਾਂ ਪੰਛੀ ਵੀ ਹਰ ਸਾਲ ਵੱਖ ਵੱਖ ਟਾਹਣੀਆਂ ’ਤੇ ਪਾ ਲੈਂਦੇ ਨੇ।’’
“ਇਸ ਲੇਖਕ ਨੇ ਮੇਰੇ ਮਨ ਨੂੰ ਐਨੇ ਸਾਲ ਪਹਿਲਾਂ ਕਿਵੇਂ ਬੁੱਝ ਲਿਆ ਹੋਊ, ਉਦੋਂ ਤਾਂ ਮੈਂ ਮਨਜੀਤ ਦੇ ਸੰਪਰਕ ਵਿੱਚ ਵੀ ਨਹੀਂ ਸੀ?’’ ਜਿਲਦ ’ਤੇ ਲਿਖੇ ਕਿਤਾਬ ਛਪਾਈ ਦੇ ਸਾਲ ਉੱਤੇ ਨਜ਼ਰ ਮਾਰ ਕੇ ਸਰਬੀ ਨੇ ਆਪਣੇ ਆਪ ਨੂੰ ਸਵਾਲ ਕੀਤਾ। ਕਿੰਨੀ ਦੇਰ ਉਹ ਉਸੇ ਸੋਚ ਵਿੱਚ ਉਲਝੀ ਰਹੀ। ਉਸ ਨੂੰ ਆਪਣੇ ਸਾਹਾਂ ’ਚੋਂ ਮਨਜੀਤ ਦੀ ਨੇੜਤਾ ਦਾ ਨਿੱਘ ਮਹਿਸੂਸ ਹੋਣ ਲੱਗਾ। ਉਸ ਦਾ ਹੱਥ ਕਿਤਾਬ ਦਾ ਅਗਲਾ ਵਰਕਾ ਪਲਟਣ ਤੋਂ ਇਨਕਾਰੀ ਸੀ। ਅਸਲ ਵਿੱਚ ਉਹ ਖ਼ੁਦ ਸਫਾ ਪਲਟਣਾ ਨਹੀਂ ਸੀ ਚਾਹ ਰਹੀ, ਉਸ ਦੀ ਨਜ਼ਰ ਤਾਂ ਪਹਿਲਾਂ ਤੋਂ ਕਿਸੇ ਪਾਠਕ ਵੱਲੋਂ ਅੰਡਰ ਲਾਈਨ ਕੀਤੀ ਹੋਈ ਉਸੇ ਸਤਰ ਤੋਂ ਅੱਗੇ ਤੁਰ ਨਹੀਂ ਸੀ ਰਹੀ। ਉਸ ਨੇ ਘੜੀ ਵੇਖੀ, ਮਨਜੀਤ ਦੇ ਆਉਣ ਵਿੱਚ 10-15 ਮਿੰਟ ਰਹਿ ਗਏ ਸਨ।
ਥੱਕੇ ਹੋਏ ਮਨਜੀਤ ਨੂੰ ਦੁੱਧ ’ਚ ਪੱਤੀ ਵਾਲੀ ਚਾਹ ਜ਼ਿਆਦਾ ਸਵਾਦ ਲੱਗੂ, ਉਸ ਨੇ ਕਾਫ਼ੀ ਸਾਰਾ ਦੁੱਧ ਪਤੀਲੇ ’ਚ ਉਲੱਦਿਆ ਤੇ ਗੈਸ ਬਾਲਣ ਵਾਲੀ ਨਾਭ ਘੁਮਾ ਦਿੱਤੀ। ਅੱਜ ਦੀ ਚਾਹ ਤਾਂ ਖ਼ਾਸ ਈ ਹੋਣੀ ਚਾਹੀਦੀ ਆ, ਮਨਜੀਤ ਨੂੰ ਕੌਫ਼ੀ ਹਾਊਸਾਂ ਦੇ ਸੁਆਦ ਭੁਲਾ ਦੇਣਾ। ਉਸ ਦਾ ਮਨ ਆਪਣੇ ਆਪ ਨਾਲ ਗੱਲਾਂ ਕਰੀ ਜਾ ਰਿਹਾ ਸੀ। ਬੇਸ਼ੱਕ ਉਸ ਦਾ ਧਿਆਨ ਬਾਹਰ ਵੱਲ ਸੀ ਪਰ ਖ਼ਿਆਲਾਂ ’ਚ ਗਵਾਚੀ ਨੂੰ ਪਤਾ ਈ ਨਾ ਲੱਗਾ ਕਦ ਮਨਜੀਤ ਨੇ ਅੰਦਰ ਆ ਕੇ ਉਸ ਨੂੰ ਕਲਾਵੇ ’ਚ ਭਰ ਲਿਆ। “ਮੈਨੂੰ ਛੱਡੋ ਵੀ, ਵੇਖਦੇ ਨਹੀਂ, ਮੈਂ ਚਾਹ ਬਣਾ ਰਹੀ ਆਂ।’’ ਉਸ ਨੇ ਕਹਿ ਤਾਂ ਦਿੱਤਾ ਪਰ ਮਨ ਵਿੱਚ ਉਬਾਲੇ ਖਾਂਦੀ ਚਾਹ ਕਹਿ ਰਹੀ ਸੀ ਕਿ ਇਨ੍ਹਾਂ ਬਾਹਵਾਂ ਦੀ ਪਕੜ ਕਦੇ ਢਿੱਲੀ ਨਾ ਹੋਵੇ। ਚਾਹ ਪੀਂਦਿਆਂ ਉਹ ਇੱਕ ਦੂਜੇ ਨਾਲ ਮਜ਼ਾਕ ਕਰਦੇ ਰਹੇ।
ਹਰਪਾਲ ਨੂੰ ਆਇਆਂ 4-5 ਮਹੀਨੇ ਹੋ ਗਏ ਸੀ। ਉਸ ਦੀਆਂ ਅੱਖਾਂ ’ਚ ਅਜੇ ਭਵਿੱਖ ਦੇ ਸੁਪਨੇ ਨਹੀਂ ਸੀ ਉੱਘੜਨ ਲੱਗੇ। ਉਸ ਦੀ ਸੋਚ ਅਕਸਰ ਪੱਕੇ ਹੋਣ ’ਤੇ ਜਾ ਕੇ ਖੜ੍ਹ ਜਾਂਦੀ। ਉਹ ਜਾਣਦਾ ਸੀ ਕਿ ਸਟੇਜੀ ਕਲਾਕਾਰਾਂ ਵਾਂਗ ਹਾਲਾਤ ਮਨੁੱਖ ਨੂੰ ਕਈ ਵਾਰ ਅਜਿਹੇ ਮੰਚ ’ਤੇ ਲਿਜਾ ਕੇ ਖੜ੍ਹਾ ਦਿੰਦੇ ਨੇ, ਜਿੱਥੇ ਉਸ ਨੂੰ ਖ਼ੁਦ ਪਤਾ ਨਹੀਂ ਹੁੰਦਾ ਕਿ ਅਗਲਾ ਦ੍ਰਿਸ਼ ਕਿਹੋ ਜਿਹਾ ਹੋਵੇਗਾ। ਉਂਜ ਦੇ ਕਲਾਕਾਰ ਦੀ ਝਲਕ ਉਸ ਨੂੰ ਆਪਣੇ ਆਪ ’ਚੋਂ ਪੈਣ ਲੱਗਦੀ। ਉਸ ਨੂੰ ਯਾਰ ਦੇ ਯਰਾਨੇ ’ਤੇ ਫਖ਼ਰ ਹੋਣ ਲੱਗਦਾ। ਉਸ ਨੇ ਮਨ ’ਚ ਬੈਠਾ ਲਿਆ ਸੀ ਕਿ ਮਨਜੀਤ ਨੇ ਉਸ ਨੂੰ ਉੱਥੇ ਲਿਆ ਖੜ੍ਹਾਇਆ ਜਿੱਥੇ ਉਸ ਦੇ ਮੂਹਰੇ ਚੰਗੇਰੇ ਭਵਿੱਖ ਅਤੇ ਜ਼ਿੰਦਗੀ ਨੂੰ ਜਿਊਣ ਦੇ ਮੌਕਿਆਂ ਦੀ ਲੰਮੀ ਸੂਚੀ ਹੈ। ਜਿਨ੍ਹਾਂ ’ਚੋਂ ਕਿਸੇ ਇੱਕ ਦੀ ਚੋਣ ਉਸ ਦੀ ਆਪਣੀ ਮਰਜ਼ੀ ਉੱਤੇ ਨਿਰਭਰ ਹੈ।
ਹਰਪਾਲ ਜਿਸ ਪੀਟਰ ਨਾਂ ਦੇ ਗੋਰੇ ਦੇ ਖੇਤੀ ਫਾਰਮ ਵਿੱਚ ਕੰਮ ਕਰਦਾ ਸੀ, ਉਹ ਉਸ ਦੇ ਕੰਮ ਦੇ ਢੰਗਾਂ ਤੋਂ ਬੜਾ ਪ੍ਰਭਾਵਤ ਸੀ। ਦਿਨ ਬਦਿਨ ਪੀਟਰ ਦਾ ਭਰੋਸਾ ਹਰਪਾਲ ’ਤੇ ਪੱਕਾ ਹੁੰਦਾ ਗਿਆ। ਡੇਢ ਕੁ ਸਾਲ ਬਾਅਦ ਪੀਟਰ ਨੂੰ ਫਾਰਮ ਦੇ ਵਧੇ ਕੰਮਾਂ ਕਰਕੇ ਦੂਜਾ ਮੈਨੇਜਰ ਰੱਖਣ ਦੀ ਜ਼ਰੂਰਤ ਲੱਗੀ। ਸੀਨੀਅਰ ਕਾਮਿਆਂ ਨੂੰ ਨਜ਼ਰਾਂ ’ਚੋਂ ਕੱਢਦਿਆਂ ਉਸ ਦੀ ਅੱਖ ਹਰਪਾਲ ’ਤੇ ਅਟਕ ਗਈ ਪਰ ਉਸ ਦੇ ਕੱਚੇ ਹੋਣ ਦੀ ਗੱਲ ਰੁਕਾਵਟ ਸੀ। ਪੀਟਰ ਨੇ ਆਪਣੇ ਵਕੀਲ ਨਾਲ ਗੱਲ ਕੀਤੀ। ਵਕੀਲ ਨੇ ਕਾਨੂੰਨੀ ਰਸਤਾ ਕੱਢ ਲਿਆ ਤੇ ਫਾਈਲ ’ਤੇ ਗੋਰੇ ਤੋਂ ਦਸਤਖ਼ਤ ਕਰਵਾ ਕੇ ਇਮੀਗ੍ਰੇਸ਼ਨ ਦਫ਼ਤਰ ਭੇਜਦਿਆਂ, ਥੋੜ੍ਹੀ ਵੱਧ ਫੀਸ ਤਾਰ ਕੇ ਮਾਮਲਾ “ਪਹਿਲ” ਖਾਤੇ ’ਚ ਪਵਾ ਲਿਆ। ਮਾਲਕ ਦੇ ਵਿਸ਼ਵਾਸ ਪ੍ਰਗਟਾਵੇ ਤੋਂ ਬਾਅਦ ਹਰਪਾਲ ਸਮੇਂ ਦੀ ਪਰਵਾਹ ਕੀਤੇ ਬਗੈਰ ਕੰਮ ਕਰਨ ਲੱਗ ਪਿਆ।
ਮਹੀਨਾ ਕੁ ਹੋਇਆ ਕਿ ਇਮੀਗ੍ਰੇਸ਼ਨ ਨੇ ਹਰਪਾਲ ਨੂੰ ਮੈਡੀਕਲ ਲਈ ਸੱਦ ਲਿਆ ਤੇ ਦੋ ਮਹੀਨੇ ਬਾਅਦ ਫਾਈਲ ’ਤੇ ਪ੍ਰਵਾਨਗੀ ਦਾ ਠੱਪਾ ਲੱਗ ਗਿਆ। ਪੀਟਰ ਨੇ ਕਾਗਜ਼ਾਂ ਵਿੱਚ ਹਰਪਾਲ ਨੂੰ ਮੈਨੇਜਰ ਲਿਖ ਲਿਆ। ਹਰਪਾਲ ਨੇ ਖ਼ੁਸ਼ੀ ਦੇ ਜਸ਼ਨ ਦਾ ਪ੍ਰੋਗਰਾਮ ਬਣਾ ਕੇ ਸੱਜਣਾ ਮਿੱਤਰਾਂ ਨੂੰ ਸੱਦ ਲਿਆ। ਦੇਰ ਰਾਤ ਤੱਕ ਗਿੱਧਾ ਭੰਗੜਾ ਤੇ ਖਾਣ ਪੀਣ ਚੱਲਦਾ ਰਿਹਾ। ਮਨਜੀਤ ਨੂੰ ਯਾਰ ਦੇ ਐਨੀ ਜਲਦੀ ਪੱਕੇ ਹੋਣ ਦੀ ਖ਼ੁਸ਼ੀ ਹਰਪਾਲ ਤੋਂ ਵੱਧ ਸੀ। ਸਰਬੀ ਨੇ ਨੋਟ ਤਾਂ ਕਰ ਲਿਆ ਕਿ ਮਨਜੀਤ ਦੀ ਗਲਾਸੀ ਦਾ ਖੜਕਾ ਹੋਰਾਂ ਤੋਂ ਉੱਚਾ ਹੋ ਰਿਹੈ ਪਰ ਖ਼ੁਸ਼ੀ ਦੇ ਮੌਕੇ ਰੰਗ ’ਚ ਭੰਗ ਨਾ ਪਾਉਣ ਦੀ ਸਿਆਣਪ ਵਜੋਂ ਉਹ ਚੁੱਪ ਰਹੀ। ਪਾਰਟੀ ਦੇਰ ਰਾਤ ਨੂੰ ਖ਼ਤਮ ਹੋਈ। ਮਨਜੀਤ ਦਾ ਘਰ ਉੱਥੋਂ ਅੱਧੇ ਘੰਟੇ ਦੀ ਡਰਾਈਵ ’ਤੇ ਸੀ। ਡਰਾਵੀਵਿੰਗ ਲਾਇਸੈਂਸ ਤਾਂ ਸਰਬੀ ਕੋਲ ਵੀ ਸੀ ਪਰ ਮਨਜੀਤ ਆਪ ਚਲਾਉਣ ’ਤੇ ਅੜ ਗਿਆ। ਸਰਬੀ ਦਾ ਮੱਥਾ ਤਾਂ ਠਣਕਿਆ ਪਰ ਉਸ ਨੇ ਬਹਿਸ ਕਰਕੇ ਹੋਰਾਂ ਸਾਹਮਣੇ ਪਤੀ ਨੂੰ ਨੀਵਾਂ ਵਿਖਾਉਣ ਦਾ ਖ਼ਿਆਲ ਕਰਕੇ ਚੁੱਪ ਵੱਟ ਲਈ ਤੇ ਚਾਬੀ ਮਨਜੀਤ ਦੇ ਹੱਥ ’ਤੇ ਰੱਖ ਦਿੱਤੀ।
ਉਨ੍ਹਾਂ ਨੂੰ ਚੱਲਿਆਂ ਪੰਜ ਮਿੰਟ ਈ ਹੋਏ ਹੋਣਗੇ, ਪਹਿਲਾਂ ਮਨਜੀਤ ਮੂਹਰੇ ਜਾਂਦੀ ਵੈਨ ਨੂੰ ਬੇਲੋੜੀ ਪਾਂ ਪਾਂ ਕਰੀ ਗਿਆ ਤੇ ਫਿਰ ਉਸ ਦੇ ਅੱਗੇ ਕੱਢ ਕੇ ਬਰੇਕ ਮਾਰ ਦਿੱਤੀ। ਵੈਨ ਵਾਲੇ ਤੋਂ ਐਨੀ ਘੱਟ ਦੂਰੀ ਵਿੱਚ ਵੈਨ ਨੂੰ ਰੋਕਣਾ ਔਖਾ ਸੀ, ਠਾਹ ਕਰਦੀ ਵੈਨ ਕਾਰ ਦੇ ਪਿੱਛੇ ਜਾ ਠੁਕੀ। ਮੂਹਰਲਾ ਸ਼ੀਸ਼ਾ ਅੰਦਰ ਨੂੰ ਧੱਸ ਕੇ ਸਰਬੀ ਦੇ ਮੱਥੇ ’ਚ ਵੱਜਾ। ਕਾਰ ਦੇ ਸਟੇਰਿੰਗ ਨੇ ਮਨਜੀਤ ਨੂੰ ਛਾਤੀ ਤੋਂ ਘੁੱਟ ਦਿੱਤਾ। ਪੰਜ ਕੁ ਮਿੰਟਾਂ ’ਚ ਪਹੁੰਚੇ ਪੁਲੀਸ ਤੇ ਐਂਬੂਲੈਂਸ ਵਾਲਿਆਂ ਨੇ ਦੋਹਾਂ ਨੂੰ ਕਾਰ ’ਚੋਂ ਕੱਢ ਕੇ ਹਸਪਤਾਲ ਪਹੁੰਚਾਇਆ। ਹਰਪਾਲ ਦਿਨੇ ਫਾਰਮ ’ਤੇ ਡਿਊਟੀ ਕਰਦਾ ਤੇ ਰਾਤ ਨੂੰ ਉਨ੍ਹਾਂ ਕੋਲ ਹਸਪਤਾਲ ’ਚ ਕੱਟਦਾ। ਉਹ ਸਾਂਭ ਸੰਭਾਲ ’ਚ ਕੋਈ ਕਸਰ ਨਹੀਂ ਸੀ ਰਹਿਣ ਦੇਣਾ ਚਾਹੁੰਦਾ। ‘ਇਨ੍ਹਾਂ ਕਰਕੇ ਹੀ ਮੈਂ ਇੱਥੇ ਹਾਂ,’ ਇਹ ਖ਼ਿਆਲ ਉਸ ਦੇ ਮੱਥੇ ਹਰ ਵੇਲੇ ਟਿੱਕ ਟਿੱਕ ਕਰਦਾ ਰਹਿੰਦਾ।
ਸਰਬੀ ਦੇ ਟੈਸਟਾਂ ਦੀਆਂ ਰਿਪੋਰਟਾਂ ਆਉਣ ’ਤੇ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਪੇਟ ਵਿੱਚ ਕੁਝ ਹਫ਼ਤਿਆਂ ਦਾ ਬੱਚਾ ਪਲ ਰਿਹਾ। ਬੱਚੇ ਬਾਰੇ ਸੁਣ ਕੇ ਦੋਹਾਂ ਦਾ ਜੀਅ ਕਰੇ ਬੈੱਡ ਤੋਂ ਛਾਲਾਂ ਮਾਰ ਕੇ ਭੱਜ ਜਾਣ। ਸ਼ਾਮ ਨੂੰ ਆਏ ਹਰਪਾਲ ਨੂੰ ਪਤਾ ਲੱਗਾ ਤਾਂ ਉਸ ਦੇ ਪੈਰ ਧਰਤੀ ’ਤੇ ਨਹੀਂ ਸੀ ਲੱਗ ਰਹੇ। ਉਸ ਨੇ ਮਨਜੀਤ ਦੇ ਪਿੰਡ ਫੋਨ ਲਾਇਆ ਤੇ ਖ਼ੁਸ਼ਖਬ਼ਰੀ ਪਹੁੰਚਾ ਦਿੱਤੀ। ਹਾਦਸੇ ਬਾਰੇ ਮਾਪਿਆਂ ਨੂੰ ਠੀਕ ਹੋਣ ਤੋਂ ਬਾਅਦ ਦੱਸਣ ਵਾਲੀ ਗੱਲ ਦੋਹਾਂ ਦੇ ਮਨੋਂ ਵਿਸਰ ਗਈ ਤੇ ਮੰਮੀ ਨਾਲ ਗੱਲ ਕਰਦਿਆਂ ਮਨਜੀਤ ਦੇ ਮੂੰਹੋਂ ਹਸਪਤਾਲ ’ਚ ਆਂ, ਨਿਕਲ ਗਿਆ। ਮਾਂ ਦਾ ਤ੍ਰਾਹ ਨਿਕਲਣਾ ਕੁਦਰਤੀ ਸੀ। ਹਰਪਾਲ ਨੇ ਮੌਕਾ ਸੰਭਾਲਦਿਆਂ ਫੋਨ ਫੜ ਲਿਆ ਤੇ ਘਟਨਾ ਦੀ ਕਹਾਣੀ ਵਿੱਚ ਜੋੜ-ਤੋੜ ਕਰਕੇ ਦੱਸਿਆ ਤਾਂ ਕਿ ਮਾਪਿਆਂ ਦੇ ਮਨ ਦੁਖੀ ਨਾ ਹੋਣ।
ਹਫ਼ਤੇ ਬਾਅਦ ਦੋਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਪਰ ਛਾਤੀ ਦੀ ਸੱਟ ਕਾਰਨ ਡਾਕਟਰਾਂ ਨੇ ਮਨਜੀਤ ਨੂੰ ਦੋ ਹਫ਼ਤੇ ਆਰਾਮ ਕਰਨ ਦੀ ਤਾੜਨਾ ਕਰ ਦਿੱਤੀ। ਪੁਲੀਸ ਨੇ ਕਾਰ ਹਾਦਸੇ ਦੀ ਜਾਂਚ ਕਰਕੇ ਜ਼ਿੰਮੇਵਾਰੀ ਮਨਜੀਤ ਸਿਰ ਪਾ ਦਿੱਤੀ ਤੇ ਸ਼ਰਾਬ ਪੀਕੇ ਚਲਾਉਂਦੇ ਹੋਣ ਕਰਕੇ ਉਸ ਦਾ ਲਾਇਸੈਂਸ ਇੱਕ ਸਾਲ ਲਈ ਮੁਅੱਤਲ ਕਰ ਦਿੱਤਾ। ਕਾਰ ਤੋਂ ਬਿਨਾਂ ਉਸ ਲਈ ਕੰਮ ’ਤੇ ਜਾਣਾ ਔਖਾ ਸੀ। ਘਰ ਬੈਠ ਕੇ ਗੁਜ਼ਾਰਾ ਨਹੀਂ ਸੀ ਹੋਣਾ। ਇਸੇ ਕਸ਼ਮਕਸ਼ ਵਿੱਚ ਉਨ੍ਹਾਂ ਦੋ ਹਫ਼ਤੇ ਲੰਘਾ ਦਿੱਤੇ। ਫਾਰਮ ਦੇ ਕਿਸੇ ਕੰਮ ਕਿੰਗਸਟਨ ਲੇਨ ਵੱਲ ਆਏ ਹਰਪਾਲ ਨੇ ਵੇਖਿਆ ਕਿ ਮਨਜੀਤ ਘਰ ਦੇ ਬਾਹਰ ਬੈਠਾ ਧੁੱਪ ਸੇਕ ਰਿਹਾ ਸੀ। ਉਸ ਨੇ ਉੱਥੇ ਹੀ ਬਰੇਕ ਮਾਰ ਲਈ। ਘਰ ਬੈਠਣ ਦਾ ਕਾਰਨ ਪੁੱਛਣ ’ਤੇ ਝਕਦੇ ਹੋਏ ਮਨਜੀਤ ਤੋਂ ਨੌਕਰੀ ਤੋਂ ਹਟਾਏ ਜਾਣਾ ਦੱਸਿਆ ਨਹੀਂ ਸੀ ਜਾ ਰਿਹਾ।
“ਮਨਜੀਤ ਤੇਰਾ ਮੱਥਾ ਦੱਸ ਰਿਹਾ, ਤੂੰ ਮੇਰੇ ਤੋਂ ਕੁਝ ਲੁਕਾ ਰਿਹਾ ਏਂ? ਯਰਾਨੇ ਆਚਾਰ ਪਾਉਣ ਲਈ ਨਹੀਂ ਇੱਕ ਦੂਜੇ ਦੇ ਕੰਮ ਆਉਣ ਲਈ ਹੁੰਦੇ ਨੇ, ਜਿਸ ਦੀ ਮਿਸਾਲ ਤੂੰ ਮੇਰੇ ਲਈ ਬਣ ਚੁੱਕਿਐਂ, ਜਾਂ ਸੱਚ ਦਸਦੇ ਨਹੀਂ ਤਾਂ ਮੈਂ ਬੈਠਾਂ ਫਿਰ ਇੱਥੇ ਈ, ਫਾਰਮ ਦਾ ਨੁਕਸਾਨ ਹੁੰਦਾ ਤਾਂ ਹੋਜੇ।’’ ਹਰਪਾਲ ਦੀ ਦ੍ਰਿੜਤਾ ਮੂਹਰੇ ਮਨਜੀਤ ਦੀ ਜ਼ਿੱਦ ਟੁੱਟ ਗਈ ਤੇ ਉਸ ਨੇ ਲਾਇਸੈਂਸ ਰੱਦ ਹੋਣ ’ਤੇ ਆਉਣ ਜਾਣ ਦਾ ਪ੍ਰਬੰਧ ਨਾ ਹੋ ਸਕਣ ਕਰਕੇ ਮਾਲਕ ਵੱਲੋਂ ਨੌਕਰੀ ਤੋਂ ਹਟਾਏ ਜਾਣ ਬਾਰੇ ਦੱਸ ਦਿੱਤਾ।
“ਬਸ ਐਨੀ ਨਿੱਕੀ ਜਿਹੀ ਗੱਲ ਸੀ, ਜਿਹੜੀ ਤੂੰ ਮੇਰੇ ਤੋਂ ਛੁਪਾ ਰਿਹਾ ਸੀ।” ਤੇ ਹਰਪਾਲ ਨੇ ਖੜ੍ਹੇ ਹੋ ਕੇ ਉਸ ਦਾ ਹੱਥ ਇਵੇਂ ਘੁੱਟਿਆ ਜਿਵੇਂ ਪਹਾੜੀ ਰਸਤੇ ਦੀਆਂ ਪੌੜੀਆਂ ਚੜ੍ਹਾਉਣ ਲੱਗਾ ਹੋਵੇ।
“ਕੱਲ੍ਹ ਸਵੇਰੇ 8 ਵਜੇ ਤਿਆਰ ਰਹੀਂ, ਗੱਡੀ ਚੱਕਣ ਆਊਗੀ ਤੈਨੂੰ ਕੰਮ ’ਤੇ ਪਹੁੰਚਾਉਣ ਲਈ।’’ ਹਰਪਾਲ ਇੱਕੋ ਸਾਹੇ ਬੋਲ ਗਿਆ।
ਅਗਲੀ ਸਵੇਰ ਅਣਮੰਨੇ ਮਨ ਨਾਲ ਤਿਆਰ ਹੋ ਕੇ ਮਨਜੀਤ ਖਿੜਕੀ ਦੇ ਸ਼ੀਸ਼ੇ ਮੂਹਰੇ ਬੈਠ ਕੇ ਵੈਨ ਦੀ ਉਡੀਕ ਕਰਨ ਲੱਗਾ। 8 ਵੱਜੇ ਤਾਂ ਹਰੇ ਰੰਗ ਦੀ ਵੈਨ ਉਸ ਦੇ ਘਰ ਮੂਹਰੇ ਆਣ ਖੜ੍ਹੀ ਸੀ। ਕਾਹਲੀ ਨਾਲ ਬੂਟ ਪਾ ਕੇ ਉਹ ਬਾਹਰ ਨਿਕਲਿਆ। ਚਾਰ ਕੁ ਗੋਰੇ, ਦੋ ਪੰਜਾਬੀ ਤੇ ਤਿੰਨ ਔਰਤਾਂ ਪਹਿਲਾਂ ਵੈਨ ’ਚ ਬੈਠੇ ਸਨ। ਵੈਨ ਦੀ ਸਾਈਡ ’ਤੇ ਲਿਖੇ ਪੀਟਰਸਨ ਮਲਟੀ ਫਾਰਮਜ਼ ਤੋਂ ਉਹ ਸਮਝ ਗਿਆ ਕਿ ਉਸੇ ਫਾਰਮ ਵਿੱਚ ਜਾਣੈਂ, ਜਿੱਥੋਂ ਦਾ ਮੈਨੇਜਰ ਉਸ ਦਾ ਯਾਰ ਹੈ।
ਵੈਨ ਨੂੰ ਫਾਰਮ ਦੇ ਯਾਰਡ ਵਿੱਚ ਖੜ੍ਹਾ ਕੇ ਡਰਾਈਵਰ ਨੇ ਸਾਰਿਆਂ ਨੂੰ ਉਤਾਰਿਆ। ਕਿਸੇ ਨੇ ਟਰੈਕਟਰ ਸਟਾਰਟ ਕਰ ਲਿਆ ਤੇ ਕਿਸੇ ਨੇ ਕੋਈ ਹੋਰ ਮਸ਼ੀਨ ਕੱਢ ਲਈ। ਕੱਲ੍ਹ ਨੂੰ ਆ ਕੇ ਕਿਸ ਕਿਸ ਨੇ ਕੀ ਕਰਨਾ, ਇਹ ਉਨ੍ਹਾਂ ਨੂੰ ਪਹਿਲੇ ਦਿਨ ਛੁੱਟੀ ਕਰਨ ਲੱਗਿਆਂ ਦੱਸ ਦਿੱਤਾ ਜਾਂਦਾ ਸੀ। ਵੈਨ ’ਚੋਂ ਉਤਰ ਕੇ ਡੌਰ ਭੌਰ ਖੜ੍ਹੇ ਮਨਜੀਤ ਵੱਲ ਤੱਕ ਕੇ ਡਰਾਈਵਰ ਨੇ ਉਸ ਨੂੰ ਮੈਨੇਜਰ ਵਾਲੇ ਕਮਰੇ ’ਚ ਜਾਣ ਦਾ ਇਸ਼ਾਰਾ ਕੀਤਾ। ਮਨਜੀਤ ਦੇ ਮੱਥੇ ਤੋਂ ਹੈਰਾਨੀ ਦੀਆਂ ਲਕੀਰਾਂ ਹਰਪਾਲ ਨੇ ਵੇਖ ਲਈਆਂ ਸਨ। ਉਸ ਨੂੰ ਆਦਰ ਸਤਿਕਾਰ ਨਾਲ ਬੈਠਾ ਕੇ ਉਸ ਨੇ ਇੱਕ ਫਾਈਲ ਉੱਤੇ ਮਨਜੀਤ ਤੋਂ ਦਸਤਖ਼ਤ ਕਰਵਾਏ ਤੇ ਅੰਦਰੋਂ ਅੰਦਰ ਬਣੇ ਰਸਤੇ ਰਾਹੀਂ ਉਸ ਨੂੰ ਮਾਲਕ ਮੂਹਰੇ ਜਾ ਖੜ੍ਹਾਇਆ।
ਪੀਟਰ ਨੇ ਮਨਜੀਤ ਨਾਲ ਹੱਥ ਮਿਲਾਇਆ ਤੇ ਬੈਠਣ ਲਈ ਕਿਹਾ। ਹਰਪਾਲ ਵੱਲੋਂ ਮੇਜ਼ ’ਤੇ ਰੱਖੀ ਫਾਈਲ ਫੜ ਕੇ ਮਾਲਕ ਨੇ ਵਰਕਿਆਂ ’ਤੇ ਸਰਸਰੀ ਨਜ਼ਰ ਮਾਰੀ, ਪੈਨ ਫੜ ਕੇ ਸਾਈਨ ਮਾਰੇ ਤੇ ਕੁਰਸੀ ਤੋਂ ਉੱਠਿਆ। ਮੁਸਕਰਾਉਂਦੇ ਹੋਏ ਸੱਜਾ ਹੱਥ ਮਨਜੀਤ ਵੱਲ ਵਧਾਇਆ ਤੇ ਉਸ ਨੂੰ ਨਵੀਂ ਨੌਕਰੀ ਦੀ ਵਧਾਈ ਦਿੱਤੀ। ਮਨ ਲਾ ਕੇ ਕੰਮ ਕਰਨ ਦੀ ਉਮੀਦ ਕੀਤੀ ਤੇ ਡਿਊਟੀ ਹਰਪਾਲ ਤੋਂ ਸਮਝ ਲੈਣ ਦਾ ਇਸ਼ਾਰਾ ਕਰਕੇ ਫਾਈਲ ਹਰਪਾਲ ਵੱਲ ਖਿਸਕਾ ਦਿੱਤੀ। ਦੋਹਾਂ ਨੂੰ ਸ਼ੁੱਭ ਇਛਾਵਾਂ ਦਿੰਦੇ ਹੋਏ ਗੋਰੇ ਨੇ ਹਰਪਾਲ ਨੂੰ ਕਿਹਾ ਕਿ ਉਹ ਮਨਜੀਤ ਨੂੰ ਕੰਮ ਸੌਂਪਣ ਤੋਂ ਪਹਿਲਾਂ ਵੈਲਕਮ ਟਰੀਟ ਯਾਨੀ ਚਾਹ ਪਾਣੀ ਪਿਆਏ। ਬਾਹਰ ਨਿਕਲੇ ਤਾਂ ਹਰਪਾਲ ਉਸ ਨੂੰ ਹਾਜ਼ਰੀ ਮਸ਼ੀਨ ਵੱਲ ਲੈ ਤੁਰਿਆ। ਹਰੀ ਲਾਈਟ ਵਾਲੇ ਸ਼ੀਸ਼ੇ ’ਤੇ ਉਸ ਦਾ ਅੰਗੂਠਾ ਲਵਾ ਕੇ ਕੰਮ ਸ਼ੁਰੂ ਹੋ ਜਾਣ ਦੀ ਵਧਾਈ ਦਿੰਦੇ ਹੋਏ ਆਪਣੇ ਕਮਰੇ ਵੱਲ ਲੈ ਗਿਆ। ਹਰਪਾਲ ਨੇ ਵਾਇਰਲੈਸ ’ਤੇ ਕਿਸੇ ਕਾਮੇ ਨੂੰ ਬੁਲਾਇਆ। ਓਨੀਂ ਦੇਰ ਹਰਪਾਲ ਉਸ ਨੂੰ ਉੱਥੋਂ ਦੇ ਤੌਰ ਤਰੀਕੇ ਤੇ ਸਲੀਕੇ ਸਮਝਾਉਂਦਾ ਰਿਹਾ। ਪਹਿਲੇ ਦਿਨ ਉਸ ਨੂੰ ਨਾਖਾਂ ਦੇ ਬਾਗ਼ ਦੀ ਛੰਗਾਈ ਵਾਲੀ ਮਸ਼ੀਨ ’ਤੇ ਲਾਇਆ ਜਾਣਾ ਸੀ। ਸੱਦਿਆ ਗਿਆ ਵਰਕਰ ਲਹਿੰਦੇ ਪੰਜਾਬ ਤੋਂ ਸੀ। ਕਾਦਰ ਬੜੀ ਸ਼ੁੱਧ ਤੇ ਮਿੱਠੀ ਪੰਜਾਬੀ ਬੋਲਦਾ ਸੀ। ਹਰਪਾਲ ਤੋਂ ਸਮਝ ਕੇ ਉਹ ਮਨਜੀਤ ਨੂੰ ਬੈਟਰੀ ਵਾਲੇ ਕਾਰਟ ’ਤੇ ਬੈਠਾ ਕੇ ਬਾਗ਼ ’ਚ ਲੈ ਗਿਆ। ਕਾਦਰ ਨੇ ਮਨਜੀਤ ਨੂੰ ਮਸ਼ੀਨ ਦੀ ਸੀਟ ’ਤੇ ਬੈਠਾ ਕੇ ਉਸ ਦੇ ਲੀਵਰ ਤੇ ਬਟਨ ਵਗੈਰਾ ਸਮਝਾ ਦਿੱਤੇ ਤੇ ਕਾਂਟ ਛਾਂਟ ਕਰਨ ਦੇ ਨੁਕਤੇ ਦੱਸ ਦਿੱਤੇ। ਮਨਜੀਤ ਦੇ ਮੋਢੇ ’ਤੇ ਹੱਥ ਮਾਰ ਕੇ, “ਲੈ ਬਈ ਮਿੱਤਰਾ, ਐਹੀ ਕੁਝ ਕਰਨਾ ਸ਼ਾਮ ਤੱਕ। ਇੱਕ ਤੋਂ ਦੋ ਵਜੇ ਤੱਕ ਔਹ ਰੈਸਟ ਪਲੇਸ ’ਤੇ ਆ ਕੇ ਕੁਝ ਖਾ ਪੀ ਲਵੀਂ ਤੇ ਲੱਕ ਵੀ ਸਿੱਧਾ ਕਰ ਲਈਂ। ਇੱਥੇ ਲੰਚ ਮਾਲਕਾਂ ਵੱਲੋਂ ਈ ਆਉਂਦਾ।’’ ਤੇ ਸ਼ੁੱਭ ਇਛਾਵਾਂ ਵਜੋਂ ਹੱਥ ਹਿਲਾ ਕੇ ਕਾਦਰ ਆਪਣੇ ਕੰਮ ਵੱਲ ਤੁਰ ਗਿਆ।
ਮਨਜੀਤ ਨੂੰ ਉੱਥੇ ਕੰਮ ਕਰਦਿਆਂ 6-7 ਮਹੀਨੇ ਲੰਘੇ ਸੀ ਕਿ ਮਾਂ ਦੀ ਬਿਮਾਰੀ ਕਰਕੇ 10 ਦਿਨ ਲਈ ਇੰਡੀਆ ਜਾਣਾ ਪਿਆ। ਉਸ ਦੇ ਵਾਪਸ ਆਉਣ ’ਚ ਦੋ ਦਿਨ ਰਹਿੰਦੇ ਸੀ। ਅੱਧੀ ਕੁ ਰਾਤ ਹਰਪਾਲ ਦੇ ਫੋਨ ਦੀ ਘੰਟੀ ਵੱਜੀ। ਅੱਖਾਂ ਮਲਦੇ ਦੇ ਮੂੰਹੋਂ ਪਹਿਲੀ ਗੱਲ “ਸੁੱਖ ਹੋਵੇ” ਨਿਕਲੀ। ਹੈਲੋ ਕਿਹਾ ਤਾਂ ਬੋਲ ਰਹੀ ਸਰਬੀ ਦੀ ਆਵਾਜ਼ ’ਚ ਸਹਿਮ ਸੀ। ਹਰਪਾਲ ਨੇ ‘ਭੋਰਾ ਵੀ ਫ਼ਿਕਰ ਨਾ ਕਰੀਂ, ਹੁਣੇ ਆ ਗਿਆ’ ਕਹਿ ਕੇ ਫੋਨ ਕੱਟਿਆ ਤੇ ਜੋ ਕੁਝ ਜਲਦੀ ’ਚ ਪਹਿਨ ਹੋਇਆ, ਪਹਿਨ ਕੇ ਕਾਰ ਦੀ ਚਾਬੀ ਫੜ ਬਾਹਰ ਨਿਕਲ ਗਿਆ। ਰਸਤੇ ’ਚੋਂ ਹੀ ਉਸ ਨੇ ਐਂਮਰਜੈਂਸੀ ਕਾਲ ਕਰ ਲਈ। ਘਰ ਪਹੁੰਚਿਆ ਤਾਂ ਸਰਬੀ ਨੂੰ ਐਂਬੂਲੈਂਸ ’ਚ ਲਿਟਾਇਆ ਜਾ ਰਿਹਾ ਸੀ। ਉਸ ਨੇ ਘਰ ਨੂੰ ਤਾਲਾ ਲਾਇਆ ਤੇ ਕਾਰ ਐਂਬੂਲੈਂਸ ਦੇ ਪਿੱਛੇ ਤੋਰ ਲਈ। ਵੇਟਿੰਗ ਹਾਲ ’ਚ ਬੈਠੇ ਨੂੰ ਲੱਗਿਆ ਕਿਸੇ ਨੇ ਮੋਢਾ ਹਿਲਾਇਆ। ਧੌਣ ਘੁੰਮਾਈ ਤਾਂ ਨਰਸ ਸੀ। ਉਸ ਨੇ ਲੜਕਾ ਪੈਦਾ ਹੋਣ ਦੀ ਵਧਾਈ ਦਿੰਦਿਆਂ ਦੱਸਿਆ ਕਿ ਅਪਰੇਸ਼ਨ ਮੌਕੇ ਸਮੱਸਿਆਵਾਂ ਆਈਆਂ, ਜੱਚਾ ਦੀ ਹਾਲਤ ਚੰਗੀ ਨਹੀਂ ਤੇ ਅਗਲੇ ਇਲਾਜ ਦੀ ਇਜਾਜ਼ਤ ਦੇ ਸਹਿਮਤੀ ਪੱਤਰ ’ਤੇ ਹਰਪਾਲ ਦੇ ਸਾਈਨ ਜ਼ਰੂਰੀ ਹਨ। ਨਰਸ ਉਸ ਨੂੰ ਡਾਕਟਰ ਦੇ ਕਮਰੇ ’ਚ ਲੈ ਗਈ। ਮਰੀਜ਼ ਦੀ ਫਾਈਲ ’ਤੇ ਨਜ਼ਰ ਟਿਕਾਈ ਬੈਠੀ ਡਾਕਟਰ ਦੀ ਪੰਜਾਬਣ ਦਿੱਖ ਨੇ ਹਰਪਾਲ ਦੇ ਮਨ ਨੂੰ ਢਾਰਸ ਦਿੱਤੀ। ਥੋੜ੍ਹੀ ਦੇਰ ਬਾਅਦ ਡਾਕਟਰ ਨੇ ਫਾਈਲ ਸਮੇਟੀ। ਇਸ ਤੋਂ ਪਹਿਲਾਂ ਕਿ ਉਹ ਮਰੀਜ਼ ਬਾਰੇ ਸਵਾਲ ਕਰਦਾ, ਡਾਕਟਰ ਆਪ ਹੀ ਬੋਲ ਪਈ।
“ਤੁਹਾਡਾ ਨਾਂ ਤਾਂ ਮੈਂ ਫਾਈਲ ਤੋਂ ਪੜ੍ਹ ਲਿਆ ਪਰ ਮਰੀਜ਼ ਨਾਲ ਬ੍ਰਦਰ ਇਨ ਲਾਅ ਵਾਲੇ ਰਿਸ਼ਤੇ ਤੋਂ ਮੈਂ ਕੀ ਮੰਨਾਂ, ਦਿਓਰ, ਜੇਠ, ਨਣਦੋਈਆਂ ਜਾਂ ... ?’’ ਡਾਕਟਰ ਦੀ ਗੱਲ ਕੱਟ ਦੇ ਹੋਏ ਹਰਪਾਲ ਬੋਲ ਪਿਆ,
“ਮੈਮ ਗੱਲ ਕੱਟਣ ਲਈ ਮੁਆਫ਼ੀ, ਅਸਲ ਵਿੱਚ ਮੇਰੇ ਤੋਂ ਮਰੀਜ਼ ਬਾਰੇ ਜਾਣਨ ਦੀ ਹੋਰ ਉਡੀਕ ਨਹੀਂ ਹੋ ਰਹੀ। ਦੱਸੋ ਕੀ ਹਾਲਤ ਹੈ ਤੇ ਅੱਗੇ ਕੀ ਕਰ ਰਹੇ ਹੋ, ਹਾਂ ਰਿਸ਼ਤੇ ’ਚੋਂ ਹੈ ਤਾਂ ਮੇਰੇ ਦੋਸਤ ਦੀ ਪਤਨੀ, ਪਰ ਇਸ ਵੇਲੇ ‘ਇੱਕੋ ਮਾਂ ਦੇ ਜਾਏ’ ਸਮਝੋ।’’ ਹਰਪਾਲ ਬੋਲ ਰਿਹਾ ਸੀ ਤੇ ਡਾਕਟਰ ਉਸ ਦੇ ਚਿਹਰੇ ’ਤੇ ਡੂੰਘੀਆਂ ਹੋ ਰਹੀਆਂ ਚਿੰਤਾ ਦੀਆਂ ਲਕੀਰਾਂ ਨਾਲੋ ਨਾਲ ਪੜ੍ਹ ਰਹੀ ਸੀ।
“ਦੇਖੋ ਹਰਪਾਲ ਜੀ, ਤੁਹਾਡਾ ਮਨ ਮੈਂ ਚਿਹਰੇ ਤੋਂ ਪੜ੍ਹ ਲਿਆ। ਬਹੁਤ ਥੋੜ੍ਹੇ ਲੋਕ ਹੁੰਦੇ ਨੇ ਤੁਹਾਡੇ ਵਰਗੀ ਸੋਚ ਵਾਲੇ, ਜਿਨ੍ਹਾਂ ਦੀ ਦੋਸਤੀ ’ਚੋਂ ਸਵਾਰਥ ਦਾ ਕਿਣਕਾ ਨਹੀਂ ਲੱਭਦਾ। ਮੈਂ ਤੁਹਾਡੇ ਜਜ਼ਬਾਤ ਸਮਝ ਸਕਦੀ ਹਾਂ। ਗਰਭ ਦੇ ਆਖਰੀ ਦਿਨਾਂ ’ਚ ਬੱਚੇ ਨੂੰ ਸੰਭਾਲ ਦੀ ਜਿੰਨੀ ਲੋੜ ਸੀ, ਜੱਚਾ ਤੋਂ ਹੋ ਨਹੀਂ ਸਕੀ, ਜਿਸ ਕਰਕੇ ਸਮੱਸਿਆ ਪੈਦਾ ਹੋਈ ਹੈ ਪਰ ਫਿਕਰ ਨਾ ਕਰਿਓ, ਅਸੀਂ ਸੰਭਾਲ ਲਵਾਂਗੇ। ਤੁਸੀਂ ਨਿਸ਼ਚਿੰਤ ਹੋ ਕੇ ਫਾਰਮ ਸਾਈਨ ਕਰ ਦੇਣੇ, ਮੈਂ ਖੜ੍ਹੀ ਆਂ ਤੁਹਾਡੇ ਨਾਲ।’’
‘ਮੈਂ ਖੜ੍ਹੀ ਆਂ ਤੁਹਾਡੇ ਨਾਲ’ ਤੋਂ ਹਰਪਾਲ ਨੂੰ ਮਹਿਸੂਸ ਹੋਇਆ ਜਿਵੇਂ ਡਾਕਟਰ ਸੁਮਨ ਨੇ ਉਸ ਨੂੰ ਖ਼ਰੀਦ ਲਿਆ ਹੋਵੇ। ਪਾਰਖੂ ਨਜ਼ਰਾਂ ’ਚੋਂ ਉਸ ਤਾੜ ਗਿਆ ਕਿ ਬੇਸ਼ੱਕ ਕੁੜੀ ਉਮਰ ਦੀ ਵੱਡੀ ਨਹੀਂ, ਪਰ ਡਾਕਟਰੀ ’ਚ ਮਾਹਰ ਹੈ।
ਫਾਈਲ ਸਾਈਨ ਹੁੰਦੇ ਹੀ ਸਰਬੀ ਨੂੰ ਅਪਰੇਸ਼ਨ ਥੀਏਟਰ ਲਿਜਾਇਆ ਗਿਆ। ਡਾ. ਸੁਮਨ ਦਾ ਵਾਹ ਸੈਂਕੜੇ ਮਰੀਜ਼ਾਂ ਨਾਲ ਪੈ ਚੁੱਕਾ ਸੀ ਪਰ ਪਹਿਲੀ ਵਾਰ ਅਹਿਸਾਸ ਹੋ ਰਿਹਾ ਸੀ ਕਿ ਮਰੀਜ਼ ਦੀ ਜਾਨ ਬਚਾਉਣ ਲਈ ਇੰਜ ਦੀ ‘ਆਪਾ ਵਾਰੂ’ ਗੰਭੀਰਤਾ ਬਹੁਤ ਘੱਟ ਕਿਸੇ ’ਚੋਂ ਲੱਭਦੀ ਹੈ। ਕਈ ਘੰਟੇ ਹਰਪਾਲ ਦੀਆਂ ਅੱਖਾਂ ਅਪਰੇਸ਼ਨ ਥੀਏਟਰ ਦੇ ਦਰਵਾਜ਼ੇ ’ਤੇ ਟਿਕੀਆਂ ਰਹੀਆਂ। ਸ਼ਾਮ ਚਾਰ ਵੱਜਣ ਵਾਲੇ ਸੀ, ਡਾ. ਸੁਮਨ ਬਾਹਰ ਆਈ। ਉਸ ਨੇ ਵੇਖਿਆ, ਹਰਪਾਲ ਆਪਣੇ ਇਸ਼ਟ ਨਾਲ ਜੁੜਿਆ ਬੈਠਾ ਸੀ। ਉਸ ਨੇ ਕੋਲ ਜਾ ਕੇ ਦੋ ਵਾਰ ਹਰਪਾਲ ਦਾ ਮੋਢਾ ਹਲੂਣਿਆ। ਹੜਬੜਾਹਟ ਵਿੱਚ ਹਰਪਾਲ ਇੰਜ ਖੜ੍ਹ ਗਿਆ ਜਿਵੇਂ ਨੀਂਦ ’ਚੋਂ ਜਾਗਿਆ ਹੋਏ। ਡਾਕਟਰ ਨੇ ਦੱਸਿਆ ਕਿ ਅਪਰੇਸ਼ਨ ਠੀਕ ਠਾਕ ਹੋ ਗਿਆ ਤੇ ਮਰੀਜ਼ ਖ਼ਤਰੇ ਤੋਂ ਬਾਹਰ ਹੈ। ਸਰਬੀ ਬਾਰੇ ਗੱਲ ਕਰਦੇ ਕਰਦੇ ਡਾ. ਸੁਮਨ ਕੰਟੀਨ ਵੱਲ ਨੂੰ ਹੋ ਤੁਰੀ। ਹਰਪਾਲ ਨਾਲ ਨਾਲ ਚੱਲ ਰਿਹਾ ਸੀ। ਅਸਲ ਵਿੱਚ ਕੰਟੀਨ ਤਾਂ ਡਾ. ਸੁਮਨ ਵੱਲੋਂ ਹਰਪਾਲ ਨੂੰ ਖੁੱਲ੍ਹ ਕੇ ਜਾਣਨ ਦਾ ਬਹਾਨਾ ਸੀ। ਕੌਫ਼ੀ ਦੀਆਂ ਘੁੱਟਾਂ ਦੇ ਨਾਲ ਨਾਲ ਡਾ. ਸੁਮਨ ਨੇ ਹਰਪਾਲ ਤੋਂ ਕਈ ਕੁਝ ਪੁੱਛ ਲਿਆ ਤੇ ਥੋੜ੍ਹਾ ਆਪਣੇ ਬਾਰੇ ਵੀ ਦੱਸਿਆ।
ਅਪਰੇਸ਼ਨ ਦੇ ਅਗਲੇ ਦਿਨ ਮਨਜੀਤ ਇੰਡੀਆ ਤੋਂ ਪਰਤ ਆਇਆ। ਉਸ ਦੇ ਆਉਣ ’ਤੇ ਹਰਪਾਲ ਨੂੰ ਹਸਪਤਾਲ ਬੈਠਣ ਤੋਂ ਛੋਟ ਮਿਲ ਗਈ। ਉਹ ਆਪਣੀ ਜੌਬ ’ਤੇ ਹਾਜ਼ਰ ਹੋ ਗਿਆ। ਘੰਟੇ ਦੋ ਘੰਟੇ ਬਾਅਦ ਉਹ ਮਨਜੀਤ ਨਾਲ ਗੱਲਬਾਤ ਕਰ ਲੈਂਦਾ ਤੇ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ ਹਸਪਤਾਲ ਪਹੁੰਚ ਜਾਂਦਾ। ਪੰਜਵੇਂ ਦਿਨ ਸਰਬੀ ਨੂੰ ਛੁੱਟੀ ਮਿਲ ਗਈ। ਦੋ ਕੁ ਹਫ਼ਤਿਆਂ ’ਚ ਸਾਰਾ ਕੁਝ ਆਮ ਵਾਂਗ ਹੋ ਗਿਆ। ਸਰਬੀ ਸਿਹਤਯਾਬ ਹੋ ਗਈ। ਦਸ ਦਿਨਾਂ ਬਾਅਦ ਅਗਲੇ ਵੀਕਐਂਡ ’ਤੇ ਉਨ੍ਹਾਂ ਸੀਮਤ ਜਿਹਾ ਪਾਰਟੀ ਦਾ ਪ੍ਰੋਗਰਾਮ ਬਣਾ ਲਿਆ। ਪਾਰਟੀ ਘਰੇ ਕਰਨ ਦੀ ਗੱਲ ਸਭ ਨੂੰ ਚੰਗੀ ਲੱਗੀ। ਪਾਰਟੀ ਤੋਂ ਦੋ ਦਿਨ ਪਹਿਲਾਂ ਘਰ ਆ ਕੇ ਹਰਪਾਲ ਆਪਣੀਆਂ ਈਮੇਲ ਚੈੱਕ ਕਰਨ ਲੱਗਾ ਤਾਂ ਡਾ. ਸੁਮਨ ਦਾ ਨਾਂ ਪੜ੍ਹਕੇ ਹੈਰਾਨ ਹੋ ਗਿਆ। ਉਸ ਨੂੰ ਲੱਗਿਆ ਕਿਤੇ ਸਰਬੀ ਦੇ ਟੈਸਟਾਂ ’ਚੋਂ ਕੋਈ ਮਾੜੀ ਗੱਲ ਨਾ ਨਿਕਲ ਆਈ ਹੋਵੇ। ਉਸ ਨੇ ਮੇਲ ’ਤੇ ਕਲਿੱਕ ਕੀਤਾ ਤੇ ਪੜ੍ਹਨ ਲੱਗਾ:
‘‘ਸਰਦਾਰ ਹਰਪਾਲ ਸਿੰਘ ਜੀ, ਤੁਹਾਡੇ ਕੀਮਤੀ ਸਮੇਂ ’ਚੋਂ ਥੋੜ੍ਹਾ ਸਮਾਂ ਉਧਾਰਾ ਮੰਗ ਰਹੀ ਹਾਂ। ਜੇਕਰ ਹੁਣ ਫੁਰਸਤ ਹੈ ਤਾਂ ਵਾਹ ਭਲਾ, ਨਹੀਂ ਤਾਂ ਜਦ ਖੁੱਲ੍ਹਾ ਸਮਾਂ ਹੋਇਆ, ਉਦੋਂ ਇਸ ਨੂੰ ਅੱਗੇ ਪੜ੍ਹਨਾ, ਗੌਰ ਕਰਦੇ ਹੋਏ, ਜ਼ਿੰਦਗੀ ਦੇ ਭਵਿੱਖ ’ਤੇ ਲੰਮੀ ਝਾਤ ਮਾਰਦਿਆਂ, ਅਕੀਦਿਆਂ ਵਿੱਚ ਫਿੱਟ ਕਰਕੇ ਵੇਖਣਾ। ਦੋ ਜਿੰਦਾ ਦੀ ਇੱਕਮਿਕਤਾ ਵਿੱਚ ਪਕੜ ਦੀ ਮਜ਼ਬੂਤੀ ਵਾਲੇ ਗੁਣਾਂ ਔਗੁਣਾਂ ’ਤੇ ਵਿਚਾਰ ਕਰਦਿਆਂ ਸਵੇਰ ਚੜ੍ਹ ਆਵੇ ਤਾਂ ਚੜ੍ਹਦੇ ਸੂਰਜ ਨੂੰ ਇਹੀ ਸਵਾਲ ਕਰਕੇ ਉਸ ਤੋਂ ਪ੍ਰਵਾਨਗੀ ਮੰਗਣੀ। ਜੇਕਰ ਮਨ ਦੀ ਹਾਂ ਵਾਲਾ ਪੱਲੜਾ ਭਾਰੀ ਲੱਗੇ ਤਾਂ ਉਸ ਬਾਰੇ ਮੈਨੂੰ ਵ੍ਹਟਸਐਪ ’ਤੇ ਸੂਚਿਤ ਕਰ ਦੇਣਾ।’’
ਪਤਾ ਨਹੀਂ ਹਰਪਾਲ ਨੇ ਈਮੇਲ ਕਿੰਨੀ ਵਾਰ ਪੜ੍ਹੀ। ਹਰੇਕ ਅੱਖਰ ’ਤੇ ਉਸ ਦੀ ਨਜ਼ਰ ਕਿੰਨੀ ਕਿੰਨੀ ਦੇਰ ਟਿਕੀ ਰਹਿੰਦੀ। ਸਾਰੀ ਰਾਤ ਉਸ ਨੇ ਵਿਚਾਰਾਂ ਵਿੱਚ ਲੰਘਾਈ। ਪਹੁ ਫੁਟਾਲਾ ਹੋਇਆ ਤਾਂ ਸੂਰਜ ਚੜ੍ਹਨ ਦੀ ਉਡੀਕ ਕਰਨ ਲੱਗਾ। ਕਮਰੇ ਦੀ ਖਿੜਕੀ ਪੂਰਬ ਵੱਲ ਸੀ। ਜਿਵੇਂ ਜਿਵੇਂ ਲਾਲਗੀ ਪਸਰਨ ਲੱਗੀ, ਉਸ ਨੂੰ ਆਪਣੇ ਭਵਿੱਖ ਦੀਆਂ ਉੱਠਣ ਵਾਲੀਆਂ ਕਿਰਨਾਂ ਦਾ ਝੌਲਾ ਪੈਣ ਲੱਗ ਪਿਆ। ਜਿਵੇਂ ਜਿਵੇਂ ਸੂਰਜ ਦੀ ਟਿੱਕੀ ਪੂਰੇ ਆਕਾਰ ਵਿੱਚ ਆਉਣ ਲੱਗੀ, ਹਰਪਾਲ ਨੂੰ ਉਸ ’ਚੋਂ ਆਪਣਾ ਭਵਿੱਖ ਦਿਸਣ ਲੱਗਿਆ, ਉਸ ਦੇ ਉਹ ਸੁਪਨੇ ਸਾਕਾਰ ਹੁੰਦੇ ਵਿਖਾਈ ਦੇਣ ਲੱਗੇ, ਜੋ ਉਸ ਨੇ ਸਾਲਾਂ ਤੋਂ ਸੰਜੋਏ ਹੋਏ ਸਨ। ਉਸ ਨੇ ਫੋਨ ਫੜਿਆ, ਡਾਕਟਰ ਦਾ ਪਹਿਲਾ ਅੱਖਰ ਪਾਉਂਦੇ ਹੀ ਸਾਹਮਣੇ ਡਾ. ਸੁਮਨ ਦਾ ਨੰਬਰ ਲਿਸ਼ਕ ਰਿਹਾ ਸੀ। ਉਸ ਨੇ ਮੈਸੇਜ ਲਿਖਿਆ, “ਕਿਸੇ ਦਾਨਿਸ਼ਵਰ ਦੀਆਂ ਅੱਖਾਂ ਵਿੱਚ ਵੱਸਣ ਦੇ ਯੋਗ ਬਣਨ ਕਰਕੇ ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਮੰਨਣ ਤੋਂ ਮੁਨਕਰ ਨਹੀਂ ਹੋ ਸਕਦਾ। ਫਿਰ ਵੀ ਨਿੱਜੀ ਫ਼ੈਸਲਿਆਂ ਵਿੱਚ ਯਾਰ ਤੋਂ ਹੁੰਗਾਰਾ ਭਰਵਾ ਲਈਏ ਤਾਂ ਸੋਨੇ ’ਤੇ ਸੁਹਾਗਾ ਹੋ ਜਾਂਦੈ। ਹੁਣੇ ਮਨਜੀਤ ਵੱਲ ਜਾਣ ਦੀ ਤਿਆਰੀ ’ਚ ਹਾਂ। ਅਗਲੇ ਸੰਦੇਸ਼ ਦੀ ਉਡੀਕ ਕਰਨਾ।’’
ਥੋੜ੍ਹੀ ਦੇਰ ਬਾਅਦ ਹਰਪਾਲ ਦੀ ਕਾਰ ਕਿੰਗਸਟਨ ਲੇਨ ਦਾ ਮੋੜ ਕੱਟ ਰਹੀ ਸੀ। ਮਨਜੀਤ ਤੇ ਸਰਬੀ ਦੀ ਹੈਰਾਨਗੀ ਵੇਖ ਉਸ ਤੋਂ ਹੋਰ ਸਬਰ ਨਾ ਹੋ ਸਕਿਆ। ਉਸ ਨੇ ਦੋਹਾਂ ਨੂੰ ਸੋਫੇ ’ਤੇ ਬੈਠਾ ਲਿਆ ਤੇ ਡਾ. ਸੁਮਨ ਵਾਲੀ ਪ੍ਰਿੰਟ ਕੀਤੀ ਚਿੱਠੀ ਦੋਹਾਂ ਮੂਹਰੇ ਰੱਖ ਦਿੱਤੀ। ਸਾਰੇ ਅੱਖਰ ਸਰਬੀ ਦੀਆਂ ਨਜ਼ਰਾਂ ’ਚੋਂ ਤੇਜ਼ੀ ਨਾਲ ਲੰਘ ਗਏ। ਉਹ ਉੱਠੀ ਤੇ ਹਰਪਾਲ ਨੂੰ ਇੰਜ ਜੱਫੀ ਵਿੱਚ ਘੁੱਟ ਲਿਆ ਜਿਵੇਂ ਵੱਡੀਆਂ ਭੈਣਾਂ ਕਰਿਆ ਕਰਦੀਆਂ ਨੇ। ਪਲ ਦੋ ਪਲ ਮਨਜੀਤ ਨੂੰ ਇਹ ਗੱਲ ਯਾਰ ਨਾਲ ਕਿਸੇ ਵੱਲੋਂ ਕੀਤੇ ਮਜ਼ਾਕ ਵਰਗੀ ਲੱਗੀ। ਉਸ ਨੇ ਹਰਪਾਲ ਤੋਂ ਇੱਕ ਦੋ ਗੱਲਾਂ ਪੁੱਛ ਕੇ ਤਸੱਲੀ ਕੀਤੀ ਤੇ ਬਾਹਾਂ ਦੀ ਜਕੜ ’ਚ ਲੈ ਲਿਆ।
“ਤਾਂ ਫਿਰ ਲਾ ਦਿਆਂ ਹਾਂ ਦਾ ਠੱਪਾ?’’ ਮਨਜੀਤ ਹੁੰਗਾਰਾ ਭਰਨ ’ਚ ਦੇਰ ਨਹੀਂ ਸੀ ਕਰਨਾ ਚਾਹੁੰਦਾ।
“ਲੈ ਚੰਗੇ ਕੰਮਾਂ ’ਚ ਦੇਰ ਕਿਉਂ ?’’ ਹਰਪਾਲ ਤੋਂ ਹੋਰ ਸਬਰ ਨਹੀਂ ਸੀ ਹੋ ਰਿਹਾ। ਹਰਪਾਲ ਨੇ ਫੋਨ ਫੜਿਆ ਤੇ ਮੈਸੇਜ ਲਿਖਣ ਲੱਗਾ, “ਮੇਰੇ ਯਾਰ ਨੂੰ ਇਹ ਸੁਣ ਕੇ ਫਖ਼ਰ ਹੋਇਆ ਕਿ ਉਸ ਦਾ ਘਰ ਵੱਸਦਾ ਰੱਖਣ ਅਤੇ ਉਸ ਦੇ ਯਾਰ ਦਾ ਘਰ ਵਸਾਉਣ ਵਾਲੀ ਦੇਵੀ ਦੇ ਦਰਸ਼ਨ ਜਦ ਚਾਹੇ ਕਰ ਸਕਣ ਦਾ ਸੁਭਾਗ ਮਿਲਣ ਵਾਲਾ ਹੈ। ਉਹ ਚਾਹੁੰਦੇ ਹਨ ਕਿ ਆਉਂਦੇ ਵੀਕਐਂਡ ਨੂੰ ਸ਼ਾਮ ਚਾਰ ਵਜੇ ਉਨ੍ਹਾਂ ਦੇ ਬੇਟੇ ਦੇ ਜਨਮ ਦੀ ਖ਼ੁਸ਼ੀ ਵਿੱਚ ਰੱਖੀ ਪਾਰਟੀ ਮੌਕੇ ਤੁਸੀਂ ਸਾਰੇ ਪਰਿਵਾਰ ਸਮੇਤ ਸ਼ਾਮਲ ਹੋ ਕੇ ਰੌਣਕ ਨੂੰ ਚਾਰ ਚੰਨ ਲਾਓ।’’ ਦਸ ਮਿੰਟਾਂ ਬਾਅਦ ਹਰਪਾਲ ਦੇ ਫੋਨ ’ਤੇ ਵਟ੍ਹਸਐਪ ਸੰਦੇਸ਼ ਦੀ ਟੀਂ ਟੀਂ ਹੋਈ, ਲਿਖਿਆ ਸੀ, “ਮੇਰਾ ਮਨ ਤੁਹਡੇ ਤੋਂ ਇੰਜ ਦੇ ਹੁੰਗਾਰੇ ਦੀ ਗਵਾਹੀ ਭਰਦਾ ਸੀ। ਕਿਤਾਬਾਂ ’ਚ ਪੜ੍ਹਿਆ ਸੀ ਕਿ ਯਰਾਨੇ ਨਿਭਾਉਣ ਵਾਲੇ ਧੋਖੇਬਾਜ਼ ਨਹੀਂ ਹੁੰਦੇ। ਅਸੀਂ ਸਮੇਂ ਤੋਂ ਪਹਿਲਾਂ ਪਹੁੰਚ ਜਾਵਾਂਗੇ ਤਾਂ ਕਿ ਸ਼ਹਿਬਾਜ਼ ਦੇ ਜਨਮ ਦੀਆਂ ਖ਼ੁਸ਼ੀਆਂ ਵਿੱਚ ਸਾਡੇ ਹਮਸਫ਼ਰ ਬਣਨ ਦੀਆਂ ਖ਼ੁਸ਼ੀਆਂ ਵੀ ਜੁੜ ਸਕਣ।’’
ਸੰਪਰਕ:+16044427676

Advertisement
Author Image

joginder kumar

View all posts

Advertisement
Advertisement
×