For the best experience, open
https://m.punjabitribuneonline.com
on your mobile browser.
Advertisement

ਕਵਾਂਟਲੇਨ ਪੌਲੀਟੈਕਨਿਕ ਯੂਨੀਵਰਸਿਟੀ ਨੂੰ ਓਵਰਆਲ ਟਰਾਫੀ ਪ੍ਰਦਾਨ

08:51 AM Jul 24, 2024 IST
ਕਵਾਂਟਲੇਨ ਪੌਲੀਟੈਕਨਿਕ ਯੂਨੀਵਰਸਿਟੀ ਨੂੰ ਓਵਰਆਲ ਟਰਾਫੀ ਪ੍ਰਦਾਨ
ਇੰਟਰ ਕਾਲਜ ਸਪੋਰਟਸ ਮੀਟ ਦੇ ਜੇਤੂ ਵਿਦਿਆਰਥੀ ਇਨਾਮ ਪ੍ਰਾਪਤ ਕਰਦੇ ਹੋਏ
Advertisement

ਹਰਦਮ ਮਾਨ

ਸਰੀ: ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਵੱਲੋਂ ਬੀਤੇ ਦਿਨੀਂ ਕਰਵਾਈ ਗਈ ਇੰਟਰ ਕਾਲਜ ਸਪੋਰਟਸ ਮੀਟ 2024 ਦੇ ਜੇਤੂਆਂ ਨੂੰ ਐਵਾਰਡ ਪ੍ਰਦਾਨ ਕਰਨ ਲਈ ਇੱਥੇ ਸਿਟੀ ਹਾਲ ਵਿੱਚ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ, ਖਿਡਾਰੀਆਂ ਤੋਂ ਇਲਾਵਾ ਬੀਸੀ ਦੇ ਵਪਾਰ ਮੰਤਰੀ ਜਗਰੂਪ ਬਰਾੜ, ਪਿਕਸ ਦੇ ਸੀਈਓ ਸਤਬੀਰ ਸਿੰਘ ਚੀਮਾ, ਸਰੀ ਸਿਟੀ ਕੌਂਸਲ ਦੇ ਮੇਅਰ ਬ੍ਰੈਂਡਾ ਲੌਕ, ਮੀਡੀਆ ਡਾਇਰੈਕਟਰ ਪ੍ਰਭਜੋਤ ਕਾਹਲੋਂ, ਬਾਈਲਾਅ ਅਫ਼ਸਰ ਗੈਰੀ ਸਿੰਘ, ਬੀਸੀ ਯੂਨਾਈਟਿਡ ਦੇ ਮੀਡੀਆ ਡਾਇਰੈਕਟਰ ਨੈਵ ਚਾਹਲ, ਐਡਵੋਕੇਟ ਨਈਆ ਗਿੱਲ, ਸੁਖਵਿੰਦਰ ਸਿੰਘ ਚੋਹਲਾ, ਬੀਸੀ ਕੰਜ਼ਰਵੇਟਿਵ ਉਮੀਦਵਾਰ ਤੇਗਜੋਤ ਬੱਲ, ਜੋਡੀਤੂਰ, ਮਨਦੀਪ ਧਾਲੀਵਾਲ, ਬੀਸੀ ਯੂਨਾਈਟਿਡ ਦੇ ਅੰਮ੍ਰਿਤਪਾਲ ਸਿੰਘ ਢੋਟ, ਰੇਡੀਓ ਹੋਸਟ ਹਰਜੀਤ ਸਿੰਘ ਗਿੱਲ, ਕਮਿਊਨਿਟੀ ਐਂਡ ਮੀਡੀਆ ਰਿਲੇਸ਼ਨ ਦੇ ਡਾਇਰੈਕਟਰ ਹਾਰੁਨ ਗ਼ੱਫ਼ਾਰ ਤੇ ਹੋਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਇਨ੍ਹਾਂ ਆਗੂਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਦੇ ਇਸ ਜਸ਼ਨ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਖੇਡਾਂ ਸਾਡੀ ਜ਼ਿੰਦਗੀ ਵਿੱਚ ਬੜਾ ਅਹਿਮ ਰੋਲ ਅਦਾ ਕਰਦੀਆਂ ਹਨ। ਇੱਕ ਚੰਗਾ ਖਿਡਾਰੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰ ਸਕਦਾ ਹੈ। ਬੁਲਾਰਿਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਦੁਨੀਆ ਦੇ ਇੱਕ ਬਿਹਤਰ ਦੇਸ਼ ਵਿੱਚ ਆਏ ਹੋ ਜੋ ਆਪਣੇ ਸਿਸਟਮ ਤੇ ਇਮਾਨਦਾਰੀ ਨਾਲ ਸਫਲ ਹੋਣ ਲਈ ਹਰ ਇੱਕ ਨੂੰ ਅਨੇਕਾਂ ਮੌਕੇ ਪ੍ਰਦਾਨ ਕਰਦਾ ਹੈ।
ਇਸ ਸਮਾਗਮ ਦੌਰਾਨ ਸਪੋਰਟਸ ਮੀਟ ਵਿੱਚ ਜੇਤੂ ਰਹੇ ਖਿਡਾਰੀਆਂ ਅਤੇ ਵੱਖ ਵੱਖ ਖੇਡਾਂ ਦੀਆਂ ਟੀਮਾਂ ਨੂੰ ਮੈਡਲ ਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕਵਾਂਟਲੇਨ ਪੌਲੀਟੈਕਨਿਕ ਯੂਨੀਵਰਸਿਟੀ ਨੂੰ ਓਵਰਆਲ ਟਰਾਫੀ ਪ੍ਰਦਾਨ ਕੀਤੀ ਗਈ। ਇਸ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ 11 ਗੋਲਡ ਮੈਡਲ, 13 ਸਿਲਵਰ ਮੈਡਲ ਅਤੇ 9 ਕਾਂਸੀ ਦੇ ਮੈਡਲ ਪ੍ਰਾਪਤ ਕੀਤੇ। ਓਵਰਆਲ ਟਰਾਫੀ ਦੇ ਦੂਜੇ ਸਥਾਨ ’ਤੇ ਰਹੇ ਐਕਸਲ ਕਰੀਅਰ ਕਾਲਜ ਦੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ ਸੋਨੇ ਦੇ 7, ਚਾਂਦੀ ਦੇ 2 ਅਤੇ ਕਾਂਸੀ ਦੇ 2 ਤਗ਼ਮੇ ਹਾਸਲ ਕੀਤੇ। ਤੀਜੇ ਸਥਾਨ ’ਤੇ ਜੇਤੂ ਰਹੇ ਵੈਸਟਰਨ ਕਮਿਊਨਿਟੀ ਕਾਲਜ ਦੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ 8 ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤਿਆ। ਇਸ ਇੰਟਰ-ਕਾਲਜ ਸਪੋਰਟਸ ਮੀਟ 2024 ਵਿੱਚ 15 ਕਾਲਜਾਂ ਦੇ ਕੁਲ 847 ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਨ੍ਹਾਂ ਵਿੱਚੋਂ 104 ਖਿਡਾਰੀ ਜੇਤੂ ਰਹੇ ਸਨ।
ਇਸ ਮੌਕੇ ਵਿਦਿਆਰਥੀਆਂ ਦੀ ਭੰਗੜਾ ਟੀਮ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ। ਹਾਸਰਸ ਕਲਾਕਾਰ ਹਰਮੀਤ ਕੋਹਲੀ ਨੇ ਮੰਚ ’ਤੇ ਆਪਣਾ ਮਜ਼ਾਹੀਆ ਰੰਗ ਬੰਨ੍ਹਿਆ। ਕੈਬਰੇ ਡਾਂਸ ਦੀ ਆਈਟਮ ਨੇ ਸੱਭਿਆਚਾਰਕ ਵਟਾਂਦਰੇ ਦਾ ਅਨੁਭਵ ਸਾਂਝਾ ਕੀਤਾ। ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਜਸ਼ਨਪ੍ਰੀਤ ਸਿੰਘ ਅਤੇ ਸਹਿਯੋਗੀ ਜੋਗਰਾਜ ਸਿੰਘ ਕਾਹਲੋਂ ਨੇ ਅੰਤ ਵਿੱਚ ਸਭਨਾਂ ਦਾ ਧੰਨਵਾਦ ਕੀਤਾ।

Advertisement

ਮੇਲਾ ਗ਼ਦਰੀ ਬਾਬਿਆਂ ਦਾ 4 ਅਗਸਤ ਨੂੰ

ਸਰੀ: ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ 28ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’ 4 ਅਗਸਤ 2024 ਨੂੰ ਸਰੀ ਦੇ ਹਾਲੈਂਡ ਪਾਰਕ ਵਿੱਚ ਮਨਾਇਆ ਜਾ ਰਿਹਾ ਹੈ। ਬੀਤੇ ਦਿਨ ਇਸ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਪੋਸਟਰ ਰਿਲੀਜ਼ ਕਰਨ ਦੀ ਰਸਮ ਡਾ. ਸਾਧੂ ਬਿਨਿੰਗ, ਸੁਖਵੰਤ ਹੁੰਦਲ ਅਤੇ ਸੋਹਣ ਸਿੰਘ ਪੂੰਨੀ ਨੇ ਅਦਾ ਕੀਤੀ।
ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਥਿੰਦ ਨੇ ਦੱਸਿਆ ਕਿ ਇਹ ਮੇਲਾ ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਦਾ ਹੱਕ ਦਿਵਾਉਣ ਵਾਲੀਆਂ ਚਾਰ ਸ਼ਖ਼ਸੀਅਤਾਂ ਦਰਸ਼ਨ ਸਿੰਘ (ਸੰਘਾ) ਕੈਨੇਡੀਅਨ, ਹੈਰਲਡ ਪ੍ਰਿਚਟ, ਲਾਰਾ ਜੇਮੀਸਨ ਅਤੇ ਨਗਿੰਦਰ ਸਿੰਘ ਗਿੱਲ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਭਾਈਚਾਰੇ ਦੇ ਸਮੂਹ ਲੋਕਾਂ ਨੂੰ ਮੇਲੇ ਵਿੱਚ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਮੇਲੇ ਵਿੱਚ ਦਾਖਲਾ ਮੁਫ਼ਤ ਹੋਵੇਗਾ।

ਫੀਨਿਕਸ ਹਾਕੀ ਕਲੱਬ ਨੇ ਜਿੱਤਿਆ ਅੰਤਰਰਾਸ਼ਟਰੀ ਫੀਲਡ ਹਾਕੀ ਟੂਰਨਾਮੈਂਟ

ਹਾਕੀ ਜੇਤੂ ਟੀਮ ਪ੍ਰਬੰਧਕਾਂ ਦੇ ਨਾਲ

ਸਰੀ: ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ ਵੱਲੋਂ ਟਮੈਨਵਿਸ ਪਾਰਕ ਸਰੀ ਵਿੱਚ ਚਾਰ ਰੋਜ਼ਾ ਕੈਨੇਡਾ ਕੱਪ ਅੰਤਰਰਾਸ਼ਟਰੀ ਫੀਲਡ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿਚ ਵੱਖ ਵੱਖ ਵਰਗਾਂ ਦੇ ਹਾਕੀ ਮੁਕਾਬਲਿਆਂ ਨੂੰ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਮਾਣਿਆ। ਫਾਈਨਲ ਮੈਚ ਵਿੱਚ ਫੀਨਿਕਸ ਹਾਕੀ ਕਲੱਬ ਦੀ ਟੀਮ ਨੇ ਯੂਬਾ ਬ੍ਰਦਰਜ਼ ਦੀ ਟੀਮ ਨੂੰ 4-2 ਨਾਲ ਹਰਾ ਕੇ 2024 ਦਾ ਕੈਨੇਡਾ ਕੱਪ ਜਿੱਤਿਆ। ਫਾਈਨਲ ਮੈਚ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਜੇਤੂ ਟੀਮਾਂ ਅਤੇ ਸਰਬੋਤਮ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਲਿਬਰਲ ਐੱਮ.ਪੀ. ਸੁੱਖ ਧਾਲੀਵਾਲ, ਸਪਾਂਸਰਾਂ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਕੀਤੀ ਗਈ। ਜੇਤੂ ਹਾਕੀ ਟੀਮਾਂ ਨੂੰ ਟਰਾਫੀਆਂ ਅਤੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਰਬੋਤਮ ਚੁਣੇ ਗਏ ਖਿਡਾਰੀਆਂ ਨੂੰ ਵਿਸ਼ੇਸ਼ ਨਗਦ ਇਨਾਮ ਦਿੱਤੇ ਗਏ। ਟੂਰਨਾਮੈਂਟ ਵਿੱਚ ਪੁਰਸ਼ ਪ੍ਰੀਮੀਅਰ ਡਿਵੀਜ਼ਨ ਵਿੱਚ ਪਹਿਲਾ ਸਥਾਨ ਕੈਨੇਡਾ ਕੱਪ + 10,000 ਡਾਲਰ ਫੀਨਿਕਸ ਫੀਲਡ ਹਾਕੀ ਕਲੱਬ (ਸੰਘੇੜਾ ਬ੍ਰਦਰਜ਼ ਅਪਨਾ ਗਰੁੱਪ ਦੁਆਰਾ ਸਪਾਂਸਰ ਕੀਤਾ ਗਿਆ ਪਹਿਲਾ ਇਨਾਮ), ਦੂਜਾ ਸਥਾਨ, ਟਰਾਫੀ+ 5,000 ਡਾਲਰ ਯੂਬਾ ਬ੍ਰਦਰਜ਼, ਤੀਜਾ ਸਥਾਨ, ਟਰਾਫੀ + 2,500 ਡਾਲਰ ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ ਅਤੇ ਚੌਥਾ ਸਥਾਨ ਤਸੱਵਰ ਇਲੈਵਨ ਹਾਕੀ ਕਲੱਬ ਨੇ ਪ੍ਰਾਪਤ ਕੀਤਾ।
ਕੰਪੀਟੀਟਿਵ ਡਿਵੀਜ਼ਨ ਵਿੱਚ ਪਹਿਲਾ ਸਥਾਨ, ਟਰਾਫੀ +3,000 ਡਾਲਰ ਸੁਰਿੰਦਰ ਲਾਇਨਜ਼, ਦੂਜਾ ਸਥਾਨ+1,500 ਡਾਲਰ ਵੈਸਟ ਕੋਸਟ ਕਿੰਗਜ਼, ਅੰਡਰ 16 ਡਿਵੀਜ਼ਨ ਵਿੱਚ ਪਹਿਲਾ ਸਥਾਨ, ਟਰਾਫੀ + 1,500 ਡਾਲਰ ਪੈਂਥਰ ਫੀਲਡ ਹਾਕੀ ਕਲੱਬ, ਦੂਜਾ ਸਥਾਨ, ਟਰਾਫੀ + 1,000 ਡਾਲਰ ਯੂਨਾਈਟਿਡ ਕੈਲਗਰੀ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ, ਟਰਾਫੀ + 5,000 ਈਗਲ ਮੈਕਸੀਕੋ (ਸਪਾਂਸਰ ਜਗਤਾਰ ਧਾਲੀਵਾਲ), ਮਨਦੀਪ ਧਾਲੀਵਾਲ ਦੀ ਯਾਦ ਵਿੱਚ ਕਰਵਾਏ ਮੁਕਾਬਲੇ ਵਿੱਚ ਦੂਜਾ ਸਥਾਨ, ਟਰਾਫੀ + 2,000 ਡਾਲਰ ਵੈਸਟ ਕੋਸਟ ਕਿੰਗਜ਼ ਨੇ ਜਿੱਤਿਆ।
ਸਰਬੋਤਮ ਖਿਡਾਰੀ ਖਿਤਾਬ ਤਹਿਤ ਬੈਸਟ ਫਾਰਵਰਡ/ਗੋਲ ਸਕੋਰਰ+ 500 ਡਾਲਰ ਜੇਰੋਇਨ ਹਰਟਜ਼ਬਰਗਰ (ਹਾਲੈਂਡ), ਬੈਸਟ ਮਿਡਫੀਲਡਰ+ 500 ਡਾਲਰ ਕੋਸਿਨਸ ਟੈਂਗੁਏ (ਪੀ.ਐੱਚ.ਸੀ., ਬੈਲਜੀਅਮ), ਬੈਸਟ ਡਿਫੈਂਡਰ+ 500 ਡਾਲਰ ਗੁਰਵਿੰਦਰ ਸਿੰਘ ਗੋਗੀ, ਬੈਸਟ ਗੋਲ ਕੀਪਰ +500 ਡਾਲਰ ਜੋਕਿਨ ਬਰਥੋਲਡ (ਅਰਜਨਟੀਨਾ) ਅਤੇ ਮੋਸਟ ਵੈਲਿਊਏਬਲ ਪਲੇਅਰ+ 1,000 ਡਾਲਰ ਟਿਮ ਸਵੈਗਨ (ਨੀਦਰਲੈਂਡ) ਨੂੰ ਮਿਲਿਆ। ਸਰਬੋਤਮ ਖਿਡਾਰੀਆਂ ਨੂੰ ਨਕਦ ਇਨਾਮ ਲੱਕੀ ਜੌਹਲ ਅਤੇ ਲਵਲੀ ਜੌਹਲ ਆਈਡੀਲ ਸਾਈਨ ਅਤੇ ਆਈਡੀਲ ਅਪਫਿਟਰ ਵੱਲੋਂ ਦਿੱਤੇ ਗਏ।
ਟੂਰਨਾਮੈਂਟ ਦੌਰਾਨ ਚਾਰ ਦਿਨ ਮੰਚ ਸੰਚਾਲਕ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਊਧਮ ਸਿੰਘ ਹੁੰਦਲ ਨੇ ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ ਵੱਲੋਂ ਟੂਰਨਾਮੈਂਟ ਦੀ ਸਫਲਤਾ ਲਈ ਸਮੂਹ ਖਿਡਾਰੀਆਂ, ਸਪਾਂਸਰਾਂ, ਰੈਫਰੀਆਂ, ਵਲੰਟੀਅਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਟੂਰਨਾਮੈਂਟ ਦੌਰਾਨ ਭਾਰਤ ਤੋਂ ਗਏ ਕੌਮਾਂਤਰੀ ਕੋਚ ਭੁਪਿੰਦਰ ਸਿੰਘ ਨੇ ਵਿਸ਼ੇਸ਼ ਸੇਵਾਵਾਂ ਦਿੱਤੀਆਂ। ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਵੱਲੋਂ ਚਾਰੇ ਦਿਨ ਲੰਗਰ ਦੀ ਸੇਵਾ ਨਿਭਾਈ ਗਈ।

ਗੁਰੂ ਨਾਨਕ ਜਹਾਜ਼ ਸਬੰਧੀ ਦੋ ਪੁਸਤਕਾਂ ਰਿਲੀਜ਼

ਵੈਨਕੂਵਰ: ਲਗਭਗ 11 ਦਹਾਕੇ ਪਹਿਲਾਂ ਕੈਨੇਡਾ ਦੇ ਬਸਤੀਵਾਦ ਅਤੇ ਨਸਲਵਾਦ ਦਾ ਚੜ੍ਹਦੀ ਕਲਾ ਅਤੇ ਭਾਈਚਾਰਕ ਸਾਂਝ ਨਾਲ ਮੁਕਾਬਲਾ ਕਰਨ ਵਾਲੇ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਨਿਡਰ ਅਤੇ ਸੁਤੰਤਰ ਹਸਤੀ ਬਾਰੇ ਬੀਤੇ ਦਿਨ ਵੈਨਕੂਵਰ ਵਿਖੇ ਸਮੁੰਦਰੀ ਤੱਟ ’ਤੇ ਸਮਾਗਮ ਕਰਵਾਇਆ ਗਿਆ। ਇਸ ਵਿੱਚ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਨਾਲ ਕੇਂਦਰੀ ਸੂਬਾਈ ਅਤੇ ਸ਼ਹਿਰੀ ਪੱਧਰ ’ਤੇ ਚੁਣੇ ਹੋਏ ਐੱਮ.ਪੀ, ਐੱਮਐੱਲਏ ਅਤੇ ਕੌਂਸਲਰਾਂ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ।
ਸਮਾਗਮ ਦੌਰਾਨ ਤਿੰਨ ਅਹਿਮ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਮੰਗ ਕੀਤੀ ਗਈ ਕਿ ‘ਕੌਮਾ ਗਾਟਾਮਾਰੂ’ ਨਾਂ ਦੀ ਥਾਂ ਬਾਬਾ ਗੁਰਦਿੱਤ ਸਿੰਘ ਅਤੇ ਮੁਸਾਫਿਰਾਂ ਦੁਆਰਾ ਦਿੱਤੇ ਗਏ ‘ਗੁਰੂ ਨਾਨਕ ਜਹਾਜ਼’ ਦੇ ਅਸਲੀ ਨਾਂ ਨੂੰ ਬਹਾਲ ਕੀਤਾ ਜਾਵੇ। ਇਸ ਮਹੱਤਵਪੂਰਨ ਘਟਨਾ ਦੀ ਵਿਰਾਸਤ ਦਾ ਸਹੀ ਸਨਮਾਨ ਕਰਨ ਲਈ ਅਸਲੀ ਨਾਂ ਨੂੰ ਬਹਾਲ ਕਰਨਾ ਜ਼ਰੂਰੀ ਹੈ। ਦੂਜੇ ਮਤੇ ਵਿਚ ਮੰਗ ਕੀਤੀ ਗਈ ਕਿ ‘ਗੁਰੂ ਨਾਨਕ ਜਹਾਜ਼’ ਹੋਰ ਮਹੱਤਵਪੂਰਨ ਅਤੇ ਸਾਰਥਕ ਯਾਦਗਾਰ ਦਾ ਹੱਕਦਾਰ ਹੈ ਜੋ ਸੱਚਮੁੱਚ ਇਸ ਦੀ ਇਤਿਹਾਸਕ ਮਹੱਤਤਾ ਨੂੰ ਦਰਸਾਉਂਦੀ ਹੋਵੇ।
ਤੀਜੇ ਮਤੇ ਰਾਹੀਂ ਇਤਿਹਾਸਕ ਰਿਕਾਰਡ ਨੂੰ ਸੁਧਾਰਨ ਦੀ ਮੰਗ ਕਰਦਿਆਂ ਕਿਹਾ ਗਿਆ ਕਿ ਗ਼ਦਰੀ ਬਾਬਿਆਂ ਦੇ ਸੱਚੇ ਸਤਿਕਾਰ ਵਿੱਚ ਅਕਾਦਮਿਕ ਸੰਸਥਾਵਾਂ, ਸੱਭਿਆਚਾਰਕ ਸੰਸਥਾਵਾਂ ਅਤੇ ਅਜਾਇਬ ਘਰ ‘ਗੁਰੂ ਨਾਨਕ ਜਹਾਜ਼’ ਸ਼ਬਦ ਨੂੰ ਸਹੀ ਰੂਪ ਵਿੱਚ ਦਰਸਾਉਣ ਲਈ ਇਤਿਹਾਸਕ ਰਿਕਾਰਡ ਨੂੰ ਸੁਧਾਰਿਆ ਜਾਵੇ। ਇਹ ਮਤੇ ਅੰਗਰੇਜ਼ੀ ਵਿੱਚ ਗਿਆਨ ਸਿੰਘ ਸੰਧੂ, ਫਰੈਂਚ ਵਿੱਚ ਸਾਹਿਬ ਕੌਰ ਧਾਲੀਵਾਲ ਅਤੇ ਪੰਜਾਬੀ ਵਿੱਚ ਭੁਪਿੰਦਰ ਸਿੰਘ ਮੱਲ੍ਹੀ ਵੱਲੋਂ ਪੜ੍ਹੇ ਗਏ ਅਤੇ ਸਾਰਿਆਂ ਦੀ ਪ੍ਰਵਾਨਗੀ ਲਈ ਗਈ।
ਕੌਮਾ ਗਾਟਾਮਾਰੂ ਦੇ ਮੁਆਫ਼ੀਨਾਮਿਆਂ ਵਿੱਚ ਸੋਧ ਵਾਸਤੇ, ਇਨ੍ਹਾਂ ਮਤਿਆਂ ’ਤੇ ਪਾਰਲੀਮੈਂਟ ਮੈਂਬਰ ਸੁਖ ਧਾਲੀਵਾਲ, ਬੀਸੀ ਦੀ ਸਿੱਖਿਆ ਮੰਤਰੀ ਰਚਨਾ ਸਿੰਘ ਅਤੇ ਵੈਨਕੂਵਰ ਦੇ ਕਮਿਸ਼ਨਰ ਜਸਪ੍ਰੀਤ ਸਿੰਘ ਵਿਰਦੀ ਨੇ ਗੁਰੂ ਨਾਨਕ ਜਹਾਜ਼ ਨਾਂ ਬਹਾਲ ਕਰਨ ’ਤੇ ਸਹਿਮਤੀ ਪ੍ਰਗਟਾਈ। ਸਮਾਗਮ ਦੇ ਆਰੰਭ ਵਿੱਚ ਬੀਸੀ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਕੁਝ ਸਮੇਂ ਲਈ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸਮਾਗਮ ਵਿੱਚ ਬੀਸੀ ਖਾਲਸਾ ਦਰਬਾਰ ਵੱਲੋਂ ਹਰਿੰਦਰ ਸਿੰਘ ਸੋਹੀ ਨੇ ਸਭ ਦਾ ਸਵਾਗਤ ਕੀਤਾ। ਇਸ ਦੌਰਾਨ ਖਾਲਸਾ ਅਖਾੜੇ ਦੇ ਕੈਨੇਡੀਅਨ ਜੰਮਪਲ ਬੱਚਿਆਂ ਨੇ ‘ਓ ਕੈਨੇਡਾ’ ਗਾਇਨ ਕੀਤਾ। ਭਾਈ ਮੰਗਲ ਸਿੰਘ ਮਹਿਰਮ ਦੇ ਢਾਡੀ ਜਥੇ ਨੇ ਵਾਰਾਂ ਸਰਵਣ ਕਰਾਈਆਂ ਅਤੇ ਅਕਾਲ ਅਖਾੜਾ ਗੱਤਕਾ ਦੇ ਬੱਚਿਆਂ ਨੇ ਗੱਤਕੇ ਦੇ ਜੌਹਰ ਦਿਖਾਏ। ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਦੇ ਰਾਜ ਸਿੰਘ ਭੰਡਾਲ ਨੇ ਗੁਰੂ ਨਾਨਕ ਜਹਾਜ਼ ਨਾਂ ਦੀ ਵਰਤੋਂ ਬਾਰੇ ਇਤਿਹਾਸਕ ਵਿਚਾਰ ਸਾਂਝੇ ਕੀਤੇ।
ਇਸ ਮੌਕੇ ’ਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ‘ਸ੍ਰੀ ਗੁਰੂ ਨਾਨਕ ਜਹਾਜ਼ (ਕੌਮਾਗਾਟਾ ਮਾਰੂ ਜਹਾਜ਼) : ਸਮਕਾਲੀ ਬਿਰਤਾਂਤ’ (ਡਾ. ਗੁਰਦੇਵ ਸਿੰਘ ਸਿੱਧੂ ਦੁਆਰਾ ਸੰਪਾਦਿਤ) ਅਤੇ ਬਾਬਾ ਗੁਰਦਿੱਤ ਸਿੰਘ ਵੱਲੋਂ ਲਿਖੀ ਤੇ ਅੰਗਰੇਜ਼ ਸਰਕਾਰ ਦੁਆਰਾ 1922 ਵਿੱਚ ਜ਼ਬਤ ਪੁਸਤਕ ‘ਗੁਰੂ ਨਾਨਕ ਜਹਾਜ਼’ (ਡਾ. ਗੁਰਵਿੰਦਰ ਸਿੰਘ ਅਤੇ ਡਾ. ਗੁਰਦੇਵ ਸਿੰਘ ਸਿੱਧੂ ਦੁਆਰਾ ਸੰਪਾਦਿਤ) ਲੋਕ ਅਰਪਣ ਕੀਤੀਆਂ ਗਈਆਂ। ਡਾ. ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਬਹੁਤੀਆਂ ਪੁਸਤਕਾਂ ਦੇ ਲਿਖਾਰੀਆਂ ਨੇ ਜਪਾਨੀ ਕੰਪਨੀ ਦੇ ਮਾਲਕੀ ਹੇਠਲੇ ਜਹਾਜ਼ ਦੇ ਇਕਰਾਰਨਾਮੇ ਅਨੁਸਾਰ ਮੀਡੀਆ ਰਿਪੋਰਟਾਂ ਅਤੇ ਬ੍ਰਿਟਿਸ਼ ਸਰਕਾਰ ਦੇ ਦਸਤਾਵੇਜ਼ਾਂ ਨੂੰ ਆਧਾਰ ਬਣਾ ਕੇ ਕੌਮਾ ਗਾਟਾਮਾਰੂ ਨਾਂ ਤਾਂ ਪ੍ਰਚੱਲਿਤ ਕਰ ਦਿੱਤਾ ਹੈ ਪਰ ਬਾਬਾ ਗੁਰਦਿੱਤ ਸਿੰਘ ਦੀ ਸਵੈ-ਜੀਵਨੀ ਵਿੱਚ ਦਰਜ ਕੀਤੇ ਗਏ ਮੂਲ ਤੱਥਾਂ ਦਾ ਕਿਧਰੇ ਵੀ ਵੇਰਵਾ ਨਹੀਂ ਦਿੱਤਾ, ਜਿਸ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਕੌਮਾਗਾਟਾ ਮਾਰੂ ਜਹਾਜ਼ ਕਿਰਾਏ ’ਤੇ ਲੈਣ ਮਗਰੋਂ ਇਸ ਦਾ ਨਾਂ ਬਦਲ ਕੇ ‘ਗੁਰੂ ਨਾਨਕ ਜਹਾਜ਼’ ਰੱਖ ਦਿੱਤਾ ਗਿਆ ਸੀ। ਡਾ. ਗੁਰਵਿੰਦਰ ਸਿੰਘ ਨੇ ਵੀ ਕਿਹਾ ਕਿ ਅੱਗੇ ਤੋਂ ਇਤਿਹਾਸਕਾਰਾਂ, ਮੀਡੀਆ ਅਤੇ ਸਿਆਸਤਦਾਨਾਂ ਨੂੰ ‘ਗੁਰੂ ਨਾਨਕ ਜਹਾਜ਼’ ਸ਼ਬਦ ਹੀ ਵਰਤਣਾ ਚਾਹੀਦਾ ਹੈ।

ਪਰਮਿੰਦਰ ਸਵੈਚ ਦੀ ਪੁਸਤਕ ‘ਜ਼ਰਦ ਰੰਗਾਂ ਦਾ ਮੌਸਮ’ ਰਿਲੀਜ਼

ਪਰਮਿੰਦਰ ਕੌਰ ਸਵੈਚ ਦੀ ਪੁਸਤਕ ਰਿਲੀਜ਼ ਕਰਨ ਦਾ ਦ੍ਰਿਸ਼

ਸਰੀ: ਸਰੋਕਾਰਾਂ ਦੀ ਆਵਾਜ਼ ਅਦਾਰੇ ਵੱਲੋਂ ਬੀਤੇ ਦਿਨੀਂ ਪਰਮਿੰਦਰ ਕੌਰ ਸਵੈਚ ਦੇ ਕਾਵਿ-ਸੰਗ੍ਰਹਿ ‘ਜ਼ਰਦ ਰੰਗਾਂ ਦਾ ਮੌਸਮ’ ਲੋਕ ਅਰਪਣ ਕਰਨ ਅਤੇ ਉਸ ’ਤੇ ਵਿਚਾਰ ਚਰਚਾ ਕਰਨ ਲਈ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਿਦਵਾਨ ਡਾ. ਸਾਧੂ ਸਿੰਘ, ਡਾ. ਰਘਬੀਰ ਸਿੰਘ ਸਿਰਜਣਾ, ਰੰਗਕਰਮੀ ਡਾ. ਸਾਹਿਬ ਸਿੰਘ, ਕਵਿੱਤਰੀ ਬਖ਼ਸ਼ ਸੰਘਾ ਅਤੇ ਲੇਖਿਕਾ ਪਰਮਿੰਦਰ ਸਵੈਚ ਨੇ ਕੀਤੀ।
ਨਵਜੋਤ ਢਿੱਲੋਂ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਬੀਤੇ ਦਿਨੀਂ ਵਿਛੋੜਾ ਦੇ ਗਏ ਸਰੀ ਦੇ ਵਿਅੰਗਕਾਰ ਗੁਰਮੇਲ ਬਦੇਸ਼ਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਪਰਮਿੰਦਰ ਸਵੈਚ ਦੇ ਸਮੁੱਚੇ ਇਨਕਲਾਬੀ ਜੀਵਨ, ਪਰਿਵਾਰ, ਕਿਰਤਾਂ ਤੇ ਕਮਿਊਨਿਟੀ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ। ਪਰਮਿੰਦਰ ਸਵੈਚ ਦੀ ਬੇਟੀ ਅਨਮੋਲ ਸਵੈਚ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਆਪਣੇ ਪਰਿਵਾਰਕ ਅਨੁਭਵ ਵਿੱਚੋਂ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋ. ਹਰਿੰਦਰ ਕੌਰ ਸੋਹੀ ਨੇ ਕਿਹਾ ਕਿ ਪਰਮਿੰਦਰ ਦੀ ਖੁੱਲ੍ਹੀ ਕਵਿਤਾ ਵਿੱਚ ਮਾਲਵਾ ਖੇਤਰ ਦੀ ਪੇਂਡੂ ਸ਼ਬਦਾਵਲੀ ਹੈ ਜਿਸ ਵਿੱਚ ਇਨਕਲਾਬੀ ਵੇਗ, ਜੋਸ਼, ਭਾਵੁਕਤਾ, ਵਿਰੋਧ, ਗੁੱਸਾ, ਸੰਘਰਸ਼, ਬਗ਼ਾਵਤ ਤੇ ਜਿੱਤ ਵੱਲ ਵਧਦੇ ਕਦਮਾਂ ਤੇ ਵਧੀਆ ਸਮਾਜ ਦੀ ਸਿਰਜਣਾ ਵੱਲ ਇੱਕ ਭਾਵਪੂਰਤ ਸੁਨੇਹਾ ਹੈ।
ਡਾ. ਸਾਧੂ ਬਿਨਿੰਗ ਨੇ ਕਿਹਾ ਕਿ ਪਰਮਿੰਦਰ ਦੀ ਕਵਿਤਾ ਸਮੇਂ ਦੇ ਸਮਾਜ ਦਾ ਸ਼ੀਸ਼ਾ ਹੈ। ਵਿਦਵਾਨ ਡਾ. ਰਘਬੀਰ ਸਿੰਘ ਨੇ ਕਿਹਾ ਕਿ ਮੈਂ ਯਕੀਨ ਕਰਦਾ ਸੀ ਕਿ ਪਰਮਿੰਦਰ ਆਪਣੀ ਖੱਬੇ ਪੱਖੀ ਵਿਚਾਰਧਾਰਕ ਸੋਚ ਕਰਕੇ ਵਧੀਆ, ਵਾਰਤਕ, ਕਹਾਣੀ ਤੇ ਨਾਟਕ ਤਾਂ ਲਿਖ ਸਕਦੀ ਹੈ ਪਰ ਕਵਿਤਾ ਬਾਰੇ ਇਸ ਕਿਤਾਬ ਨੇ ਸ਼ੱਕ ਦੂਰ ਕਰ ਦਿੱਤਾ ਕਿ ਉਸ ਨੇ ਕਵਿਤਾ ਵੀ ਵਧੀਆ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਡਾ. ਸਾਧੂ ਸਿੰਘ ਨੇ ਕਿਹਾ ਕਿ ਆਮ ਬੰਦਾ ਰੋਟੀ ਰੋਜ਼ੀ ਦੀ ਲੜਾਈ ਵਿੱਚ ਉਲਝ ਕੇ ਰਹਿ ਜਾਂਦਾ ਹੈ। ਸੱਚੀ ਗੱਲ ਇਹ ਹੈ ਕਿ ਦੁਨੀਆ ਵਿੱਚ ਬਿਹਤਰ ਇਨਸਾਨ ਉਹੀ ਹੁੰਦੇ ਹਨ ਜਿਹੜੇ ਅਨਿਆਂ ਦੇ ਖਿਲਾਫ਼ ਬੋਲਦੇ ਹਨ। ਪਰਮਿੰਦਰ ਸਵੈਚ ਉਨ੍ਹਾਂ ਬਹੁਤ ਥੋੜ੍ਹੇ ਬੰਦਿਆਂ ਵਿੱਚੋਂ ਇੱਕ ਹੈ। ਇਨ੍ਹਾਂ ਦੀਆਂ ਨਜ਼ਮਾਂ ਵੀ ਸਮਾਜਿਕ, ਰਾਜਨੀਤਿਕ ਨਾ ਬਰਾਬਰੀ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੀਆਂ ਹਨ।
ਸੁਰਜੀਤ ਕਲਸੀ ਨੇ ‘ਸਵੈ ਦੀ ਸ਼ਨਾਖ਼ਤ’, ‘ਚੱਲਦੀ ਫਿਰਦੀ ਲਾਸ਼’, ‘ਜੜਾਂ’ ਆਦਿ ਕਵਿਤਾਵਾਂ ਦਾ ਜ਼ਿਕਰ ਕਰਦਿਆਂ ਸਾਡੀ ਦੋਹਰੀ ਮਾਨਸਿਕਤਾ ਅਤੇ ਫੋਸਟਰ ਹੋਮਾਂ ਵਿੱਚ ਰੁਲ਼ਦੇ ਮੂਲ ਨਿਵਾਸੀਆਂ ਦੇ ਬੱਚਿਆਂ ਦੀ ਪਾਈ ਬਾਤ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਤੇ ਲੇਖਿਕਾ ਦੇ ਸੰਘਰਸ਼ ਨੂੰ ਸਲੂਟ ਵੀ ਕੀਤਾ। ਅਮਰੀਕ ਪਲਾਹੀ, ਅੰਮ੍ਰਿਤ ਦੀਵਾਨਾ, ਜਸਵੀਰ ਮੰਗੂਵਾਲ, ਡਾ.ਗੁਰਮਿੰਦਰ ਸਿੱਧੂ, ਕਵਿੰਦਰ ਚਾਂਦ, ਜਸਕਰਨ ਸਹੋਤਾ, ਜਸਬੀਰ ਮਾਨ, ਬਖ਼ਸ਼ ਸੰਘਾ, ਡਾ. ਸਾਹਿਬ ਸਿੰਘ ਅਤੇ ਬਲਿਹਾਰ ਲੇਹਲ ਨੇ ਕਿਹਾ ਕਿ ਪਰਮਿੰਦਰ ਦੀ ਕਵਿਤਾ ਸਮਾਜ ਨੂੰ ਬਦਲਣ ਦੀ ਜੁਰੱਅਤ ਰੱਖਦੀ ਹੈ ਜਿਸ ਵਿੱਚ ਬਗਾਵਤੀ ਸੁਰ ਹੈ, ਇਹ ਨਿੱਜ ਨਾਲ ਜੁੜੀ ਕਵਿਤਾ ਨਹੀਂ ਸਗੋਂ ਮਨੁੱਖਤਾ ਦੀ ਬਾਤ ਪਾਉਂਦੀ ਕਵਿਤਾ ਹੈ।
ਸਮਾਗਮ ਵਿੱਚ ਵਿਨੀਪੈੱਗ ਤੋਂ ਡਾ. ਜਸਵਿੰਦਰ ਸਿੰਘ, ਨਾਵਲਕਾਰ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਡਾ. ਪਿਥੀਪਾਲ ਸੋਹੀ, ਡਾ. ਬਲਦੇਵ ਖਹਿਰਾ, ਸੁਖਵੰਤ ਹੁੰਦਲ, ਅਜਮੇਰ ਰੋਡੇ, ਹਰਿੰਦਰਜੀਤ ਸਿੰਘ ਸੰਧੂ, ਅਮਰਜੀਤ ਚਾਹਲ, ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਪ੍ਰਿਤਪਾਲ ਗਿੱਲ, ਨਿਰਮਲ ਕਿੰਗਰਾ, ਦਵਿੰਦਰ ਬਚਰਾ, ਪ੍ਰੀਤ ਅਟਵਾਲ ਪੂਨੀ, ਬਲਵੀਰ ਢਿੱਲੋਂ, ਬਿੰਦੂ ਮਠਾੜੂ, ਨਰਿੰਦਰ ਮੰਗੂਵਾਲ, ਕੇ. ਪੀ. ਸਿੰਘ, ਹਰਕੀਰਤ ਕੌਰ ਚਾਹਲ, ਸਤਵੰਤ ਪੰਧੇਰ, ਸੁਖਵਿੰਦਰ ਸਿੰਘ ਚੋਹਲਾ, ਮੱਖਣ ਗਿੱਲ, ਇੰਦਰਜੀਤ ਧਾਲੀਵਾਲ, ਡਾ. ਸ਼ਾਨੀ ਸਿੱਧੂ, ਇਕਬਾਲ ਪੁਰੇਵਾਲ, ਸੰਤੋਖ ਢੇਸੀ, ਸੁਰਿੰਦਰ ਮੰਗੂਵਾਲ, ਕੁਲਵੀਰ ਮੰਗੂਵਾਲ, ਆਰਤੀ ਮੰਗੂਵਾਲ ਅਤੇ ਸ਼ਹਿਨਾਜ਼ ਹਾਜ਼ਰ ਸਨ।
ਸੰਪਰਕ: +1 604 308 6663

ਬੇਰੁਜ਼ਗਾਰੀ ਅਤੇ ਪਰਵਾਸ ਪੱਛਮੀ ਸਾਮਰਾਜ ਦੀ ਕਾਢ

ਹਰਚਰਨ ਪ੍ਰਹਾਰ

ਕੈਲਗਰੀ : ‘ਪੰਜਾਬੀ ਨੌਜਵਾਨਾਂ ਦੇ ਵਿਸ਼ਵ ਪੱਧਰੀ ਪਰਵਾਸ ਦੇ ਕਾਰਨ ਅਤੇ ਚੁਣੌਤੀਆਂ’ ਵਿਸ਼ੇ ’ਤੇ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਜੂਕੇਸ਼ਨ ਅਤੇ ਕਮਿਊਨਿਟੀ ਸਰਵਿਸਿਜ਼ ਦੇ ਸਾਬਕਾ ਪ੍ਰੋਫੈਸਰ ਡਾ. ਕੁਲਦੀਪ ਸਿੰਘ ਨੇ ਕਿਹਾ, ‘‘ਦੁਨੀਆ ਭਰ ਦੇ ਵੱਖ-ਵੱਖ ਖੇਤਰਾਂ ਦੇ ਪੜ੍ਹੇ-ਲਿਖੇ ਅਤੇ ਬੁੱਧੀਮਾਨ ਲੋਕਾਂ ਦਾ ਪਰਵਾਸ ਕਰਾ ਕੇ ਉਨ੍ਹਾਂ ਨੂੰ ਪੱਛਮੀ ਦੇਸ਼ਾਂ ਵਿੱਚ ਸੈੱਟ ਕਰਨਾ ਸਰਮਾਏਦਾਰੀ ਅਤੇ ਸਾਮਰਾਜਵਾਦ ਦੀ ਸਦੀਆਂ ਤੋਂ ਲੋੜ ਰਹੀ ਹੈ। ਇਸੇ ਲੜੀ ਵਿੱਚ ਆਪਣੇ ਵਿੱਦਿਅਕ ਅਦਾਰਿਆਂ ਦੇ ਨਿੱਜੀਕਰਨ ਤੋਂ ਬਾਅਦ ਕੈਨੇਡਾ, ਇੰਗਲੈਂਡ, ਆਸਟਰੇਲੀਆ ਵਰਗੇ ਦੇਸ਼ਾਂ ਨੇ ਦੁਨੀਆ ਭਰ ਦੇ ਨੌਜਵਾਨਾਂ ਨੂੰ ਵਿੱਦਿਆ ਦੇ ਨਾਮ ’ਤੇ ਮੁਨਾਫਾ ਕਮਾਉਣ ਅਤੇ ਲੰਬੇ ਸਮੇਂ ਲਈ ਸਸਤੀ ਲੇਬਰ ਦੀ ਨੀਤੀ ਤਹਿਤ ਪਰਵਾਸ ਕਰਾਇਆ ਹੈ। ਪਰਵਾਸ ਦੀ ਇਸ ਦੌੜ ਵਿੱਚ ਸਾਡੀ ਨੌਜਵਾਨ ਪੀੜ੍ਹੀ ਵਿੱਦਿਆਹੀਣ ਹੋ ਕੇ ਸਰਮਾਏਦਾਰੀ ਦੀ ਮੰਡੀ ਵਿੱਚ ਸਸਤੀ ਲੇਬਰ ਬਣ ਰਹੀ ਹੈ।’’
ਇਹ ਸੈਮੀਨਾਰ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ, ਅਦਾਰਾ ਸਰੋਕਾਰਾਂ ਦੀ ਆਵਾਜ਼ ਵੱਲੋਂ ਇੱਥੋਂ ਦੇ ਇੰਡੀਅਨ ਐਕਸ ਸਰਵਿਸਮੈਨ ਐਸੋਸੀਏਸ਼ਨ ਦੇ ਹਾਲ ਵਿੱਚ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਮਾਸਟਰ ਭਜਨ ਸਿੰਘ ਵੱਲੋਂ ਸੈਮੀਨਾਰ ਦੇ ਪ੍ਰਮੁੱਖ ਬੁਲਾਰਿਆਂ ਡਾ. ਕੁਲਦੀਪ ਸਿੰਘ ਅਤੇ ਡਾ. ਪਰਮਜੀਤ ਸਿੰਘ ਬਾਰੇ ਜਾਣਕਾਰੀ ਦੇਣ ਨਾਲ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ. ਕੁਲਦੀਪ ਸਿੰਘ, ਡਾ. ਪਰਮਜੀਤ ਸਿੰਘ, ਜਸਵਿੰਦਰ ਮਾਨ, ਗੁਰਦੀਪ ਕੌਰ ਪ੍ਰਹਾਰ, ਐਡਵੋਕੇਟ ਬਲਕਾਰ ਸਿੰਘ ਸੰਧੂ ਸ਼ਾਮਲ ਸਨ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਅਤੇ ਅੱਜਕੱਲ੍ਹ ਯੌਰਕ ਯੂਨੀਵਰਸਿਟੀ ਟੋਰਾਂਟੋ ਵਿੱਚ ਫੈਲੋਸ਼ਿਪ ਕਰ ਰਹੇ ਸੈਮੀਨਾਰ ਦੇ ਦੂਜੇ ਬੁਲਾਰੇ ਡਾ. ਪਰਮਜੀਤ ਸਿੰਘ ਨੇ ਦੱਸਿਆ, ‘‘ਪਰਵਾਸ ਕਰਾਉਣਾ ਅਤੇ ਬੇਰੁਜ਼ਗਾਰੀ ਪੈਦਾ ਕਰਨਾ ਸਾਮਰਾਜਵਾਦ ਦੀ ਹਮੇਸ਼ਾ ਵੱਡੀ ਲੋੜ ਰਹੀ ਹੈ। ਇੱਕ ਪਾਸੇ ਸਰਮਾਏਦਾਰ ਦੇਸ਼ਾਂ ਵੱਲੋਂ ਬੇਰੁਜ਼ਗਾਰੀ ਵਧਾਈ ਜਾਂਦੀ ਹੈ ਅਤੇ ਦੂਜੇ ਪਾਸੇ ਬਾਹਰੋਂ ਪਰਵਾਸ ਕਰਾਇਆ ਜਾਂਦਾ ਹੈ ਤਾਂ ਕਿ ਵਰਕਰਾਂ ਵੱਲੋਂ ਤਨਖਾਹਾਂ ਵਧਾਉਣ ਲਈ ਦਬਾਅ ਨਾ ਬਣਾਇਆ ਜਾ ਸਕੇ ਅਤੇ ਕਾਰਪੋਰੇਸ਼ਨਾਂ ਦਾ ਮੁਨਾਫਾ ਨਾ ਘਟੇ। ਇਸ ਨਾਲ ਨਵੇਂ ਤੇ ਪੁਰਾਣੇ ਵਰਕਰਾਂ ਵਿੱਚ ਸਾਂਝ ਤੋੜਨ ਦਾ ਕੰਮ ਵੀ ਕੀਤਾ ਜਾਂਦਾ ਹੈ।’’
ਇਸ ਮੌਕੇ ’ਤੇ ਰਿਸ਼ੀ ਨਾਗਰ ਵੱਲੋਂ ਸੈਮੀਨਾਰ ਦਾ ਤੱਤਸਾਰ ਕੁਝ ਸ਼ਬਦਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਮਾਸਟਰ ਬਚਿੱਤਰ ਗਿੱਲ ਵੱਲੋਂ ਆਪਣੀ ਕਵੀਸ਼ਰੀ ‘ਦੇਸ਼ ਮੇਰੇ ਦੀ ਹਾਲਤ ਵੇਖੋ, ਕੀ ਕਰਤੀ ਸਰਕਾਰਾਂ ਨੇ...’ ਸੁਣਾਈ। ਇੰਡੀਅਨ ਐਕਸ ਸਰਵਿਸਮੈਨ ਐਸੋਸੀਏਸ਼ਨ ਕੈਲਗਰੀ ਦੇ ਪ੍ਰਧਾਨ ਬਲਕਾਰ ਸਿੰਘ ਸੰਧੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਮਾਸਟਰ ਭਜਨ ਸਿੰਘ ਨੇ ਭਾਰਤ ਵਿੱਚ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਅਤੇ ਪ੍ਰੋ. ਸ਼ੌਕਤ ਹੁਸੈਨ ’ਤੇ ਭਾਰਤ ਸਰਕਾਰ ਨੇ ਯੂਏਪੀਏ ਤਹਿਤ ਦਰਜ ਕੀਤੇ ਕੇਸ ਅਤੇ ਤਿੰਨ ਨਵੇਂ ਫ਼ੌਜਦਾਰੀ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਮਤਾ ਪੜ੍ਹਿਆ। ਸੈਮੀਨਾਰ ਦੇ ਅਖੀਰ ਵਿੱਚ ਡਾ. ਅਮਜ਼ਦ ਖਾਨ ਵੱਲੋਂ ਡਾ. ਕੁਲਦੀਪ ਸਿੰਘ, ਐਡਵੋਕੇਟ ਬਾਲੀਦ ਬਾਬਰ ਵੱਲੋਂ ਡਾ. ਪਰਮਜੀਤ ਸਿੰਘ ਅਤੇ ਡਾ. ਜਗਰੂਪ ਸੇਖੋਂ ਵੱਲੋਂ ਐਡਵੋਕੇਟ ਬਲਕਾਰ ਸਿੰਘ ਸੰਧੂ ਨੂੰ ਕਿਤਾਬਾਂ ਦੇ ਸੈੱਟ ਭੇਟ ਕਰਕੇ ਸਨਮਾਨਤ ਕੀਤਾ ਗਿਆ।

Advertisement
Author Image

sukhwinder singh

View all posts

Advertisement
Advertisement
×