‘ਮੇਰੀ ਕਾਵਿ ਕਿਆਰੀ’ ਦੇ ਰੰਗ ਬਿਰੰਗੇ ਫੁੱਲਾਂ ਦੀ ਸੈਰ ਕਰਦਿਆਂ
ਜਸਵਿੰਦਰ ਸਿੰਘ ਰੁਪਾਲ
ਕਰਨਲ ਪ੍ਰਤਾਪ ਸਿੰਘ ਦੀ ਪੁਸਤਕ ‘ਮੇਰੀ ਕਾਵਿ ਕਿਆਰੀ’ (ਪ੍ਰਕਾਸ਼ਕ: ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ) ਦੁਨੀਆ ਦੇ ਵੱਖ ਵੱਖ ਵਰਤਾਰਿਆਂ ਨੂੰ ਦੇਖਦੇ ਹੋਏ ਆਪਣੇ ਧੁਰ ਹਿਰਦੇ ਅੰਦਰ ਪੈਦਾ ਹੋਈ ਜਜ਼ਬਾਤੀ ਧੜਕਣ ਦਾ ਕਵਿਤਾ ਵਿੱਚ ਕੀਤਾ ਗਿਆ ਬਿਆਨ ਹੈ। ਫ਼ੌਜ ਦੀ ਨੌਕਰੀ ਇੱਕ ਖ਼ਾਸ ਅਨੁਸ਼ਾਸਨ ਮੰਗਦੀ ਹੈ ਅਤੇ ਇਸ ਵਿੱਚ ਨੌਕਰੀ ਕਰਨ ਵਾਲਿਆਂ ਨੂੰ ਆਮ ਤੌਰ ’ਤੇ ਖੁਸ਼ਕ ਅਤੇ ਸੰਜਮੀ ਇਨਸਾਨ ਮੰਨਿਆ ਜਾਂਦਾ ਹੈ। ਜਿਨ੍ਹਾਂ ਬਾਰੇ ਇਹ ਧਾਰਨਾ ਬਣੀ ਹੁੰਦੀ ਹੈ ਕਿ ਇਨ੍ਹਾਂ ਦੇ ਦਿਲ ਵਿੱਚ ਪਿਆਰ, ਮੁਹੱਬਤ, ਖ਼ੁਸ਼ੀ, ਗ਼ਮੀ ਆਦਿ ਵਰਗੇ ਮਨੁੱਖੀ ਜਜ਼ਬੇ ਨਾ ਦੇ ਬਰਾਬਰ ਹੁੰਦੇ ਹਨ। ਪਰ ਜਦੋਂ ਅਸੀਂ ਇਸ ਪੁਸਤਕ ਦੀਆਂ ਕਵਿਤਾਵਾਂ ਨੂੰ ਪੜ੍ਹਦੇ ਹਾਂ ਤਾਂ ਭਾਵਨਾਵਾਂ ਅਤੇ ਸੰਵੇਦਨਾਵਾਂ ਦਾ ਜੋ ਝਲਕਾਰਾ ਪੈਂਦਾ ਹੈ, ਉਹ ਪਾਠਕ ਨੂੰ ਉਂਗਲੀ ਫੜ ਕੇ ਆਪਣੇ ਨਾਲ ਤੋਰ ਲੈਂਦਾ ਹੈ। ਫਿਰ ਸਹਿਜੇ ਹੀ ਪਾਠਕ ਨੂੰ ਉਨ੍ਹਾਂ ਵਿਸ਼ਿਆਂ ਬਾਰੇ ਸੋਚਣ ਲਗਾ ਦਿੰਦਾ ਹੈ, ਜਿਨ੍ਹਾਂ ਨੂੰ ਕਵੀ ਦੀ ਕਲਮ ਨੇ ਚਿਤਰਿਆ ਹੈ।
ਕਿਸੇ ਵੀ ਕਵਿਤਾ ਦੇ ਮੁੱਖ ਰੂਪ ਵਿੱਚ ਦੋ ਪੱਖ ਹੁੰਦੇ ਹਨ। ਵਿਸ਼ਾ ਪੱਖ ਅਤੇ ਰੂਪਕ ਪੱਖ। ਜਿੱਥੇ ਵਿਸ਼ਾ ਪੱਖ ਵਿੱਚ ‘ਕਵੀ ਨੇ ਕੀ ਕਿਹਾ ਹੈ’ ’ਤੇ ਵਿਚਾਰ ਹੁੰਦੀ ਹੈ, ਉੱਥੇ ਰੂਪਕ ਪੱਖ ‘ਉਸ ਨੇ ਕਿਵੇਂ ਕਿਹਾ ਹੈ’ ’ਤੇ ਚਰਚਾ ਕਰਦਾ ਹੈ। ਆਪਾਂ ਥੋੜ੍ਹੀ ਥੋੜ੍ਹੀ ਝਾਤ ਦੋਵਾਂ ’ਤੇ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੁੱਖ ਰੂਪ ਵਿੱਚ ਸਿਰਫ਼ ਦੋ ਵਿਸ਼ੇ ਆਖੇ ਜਾ ਸਕਦੇ ਹਨ ਧਾਰਮਿਕ ਅਤੇ ਸਮਾਜਿਕ। ਪਰ ਗੌਣ ਰੂਪ ਵਿੱਚ ਇਨ੍ਹਾਂ ਨੂੰ ਕੁਝ ਉਪ-ਵਿਸ਼ਿਆਂ ਵਿੱਚ ਵੀ ਵੰਡਿਆ ਜਾ ਸਕਦਾ ਹੈ। ਧਾਰਮਿਕ ਵਿਸ਼ੇ ਅਧੀਨ ਕਵੀ ਦੀ ਸਿੱਖ ਧਰਮ ਅਤੇ ਇਤਿਹਾਸ ਪ੍ਰਤੀ ਉਸ ਦੇ ਗਿਆਨ ਅਤੇ ਸ਼ਰਧਾ ਨੂੰ ਪ੍ਰਗਟ ਕਰਦੀਆਂ 13 ਕਵਿਤਾਵਾਂ ਪੁਸਤਕ ਵਿੱਚ ਦਰਜ ਹਨ। ਜੇ ‘ਗੁਰੂ ਗੋਬਿੰਦ ਸਿੰਘ’, ‘ਬਾਬਾ ਬੰਦਾ ਸਿੰਘ ਬਹਾਦਰ’, ‘ਚੁਰਾਸੀ’, ‘ਸਿੱਖੀ ਤੇ ਕੁਰਬਾਨੀ’, ‘ਸਾਕਾ ਸਰਹਿੰਦ’, ‘ਅੰਮ੍ਰਿਤਸਰ ਅਤੇ ਚਮਕੌਰ ਦਾ ਯੁੱਧ’ ਕਵਿਤਾਵਾਂ ਇਤਿਹਾਸ ਦੇ ਕੁਝ ਪੰਨਿਆਂ ’ਤੇ ਝਾਤ ਪੁਆਉਂਦੀਆਂ ਹਨ ਤਾਂ ‘ਸਿੱਖ ਸਰਦਾਰ’, ‘ਗੁਰੂ ਦੇ ਸਿੰਘ’, ‘ਸਿੱਖੀ’, ‘ਸਿੱਖ ਲੀਡਰ ਤੇ ਸਿੱਖੀ’, ‘ਬਾਬੇ ਨਾਨਕ ਦੀ ਬਾਣੀ’ ਆਦਿ ਅਜਿਹੀਆਂ ਕਵਿਤਾਵਾਂ ਹਨ ਜਿਨ੍ਹਾਂ ਰਾਹੀਂ ਜਿੱਥੇ ਲੇਖਕ ਨੇ ਸਿੱਖ ਕਿਰਦਾਰ ਦੀ ਅਣਖ, ਬਹਾਦਰੀ, ਕੁਰਬਾਨੀ ਨੂੰ ਸ਼ਰਧਾ ਨਾਲ ਸੀਸ ਨਿਵਾਇਆ ਹੈ, ਉੱਥੇ ਅਜੋਕੇ ਸਮੇਂ ਸਿੱਖੀ ਵਿੱਚ ਆਈਆਂ ਗਿਰਾਵਟਾਂ ’ਤੇ ਆਪਣੀ ਫ਼ਿਕਰਮੰਦੀ ਵੀ ਪ੍ਰਗਟਾਈ ਹੈ;
ਫੜ ਕੇ ਹੱਥ ਵਿੱਚ ਸੱਚ ਦਾ ਖੰਡਾ,
ਸਿੰਘ ਨਿਤਾਰੇ ਕਰਦੇ ਵੇਖੇ।
ਬੋਲੇ ਸੋ ਨਿਹਾਲ ਗਜਾ ਕੇ, ਦੁਸ਼ਮਣ ਉੱਤੇ ਵਰ੍ਹਦੇ ਵੇਖੇ।
ਸਮਾਜਿਕ ਵਿਸ਼ਿਆਂ ਵਿੱਚੋਂ ਨਸ਼ਿਆਂ ਦਾ ਵਿਸ਼ਾ ਬਾਕੀ ਸਭ ’ਤੇ ਭਾਰੂ ਹੈ। ਪੰਜਾਬ ਵਿੱਚ ਫੈਲਿਆ ਨਸ਼ਾ ਅਤੇ ਉਸ ਕਾਰਨ ਹੋ ਰਿਹਾ ਪੰਜਾਬ ਦੀ ਜਵਾਨੀ ਦੇ ਘਾਣ ਦਾ ਦਰਦ ਕਵੀ ਦੀ ਕਲਮ ਆਪਣੇ ਸ਼ਬਦਾਂ ਵਿੱਚ ਪ੍ਰਗਟਾਉਂਦੀ ਹੈ;
ਰੋਣ ਏਥੇ ਮਾਵਾਂ ਪੁੱਤ ਜਿਨ੍ਹਾਂ ਦੇ ਨੇ ਮਰ ਗਏ।
ਨਸ਼ਿਆਂ ਨੇ ਖਾਧੇ ਸੁੰਨੇ ਘਰ ਹਨ ਕਰ ਗਏ।
ਭੁੱਖੇ ਮਰਦੇ ਪਏ ਪਰਿਵਾਰ ਇਹ ਗੱਲ ਜੱਗ ਜਾਣਦਾ।
ਅਸੀਂ ਨਸ਼ਿਆਂ ਦਾ ਕਰੀਏ ਵਪਾਰ,
ਇਹ ਗੱਲ ਜੱਗ ਜਾਣਦਾ।
ਨਸ਼ਿਆਂ ’ਤੇ ਚਿੰਤਾ ਤੋਂ ਬਿਨਾਂ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਮਾਇਆ ਦੇ ਮੋਹ ਅਤੇ ਸਵਾਰਥ ਨਾਲ ਅੰਨ੍ਹਾ ਹੋਇਆ ਮਨੁੱਖ ਆਪਣੀਆਂ ਕਦਰਾਂ ਕੀਮਤਾਂ ਅਤੇ ਇਨਸਾਨੀਅਤ ਨੂੰ ਕਿਵੇਂ ਤਿਲਾਂਜਲੀ ਦੇਈ ਜਾ ਰਿਹਾ ਹੈ, ਉਸ ਦਾ ਜ਼ਿਕਰ ਖ਼ੂਬਸੂਰਤ ਸ਼ਬਦਾਂ ਵਿੱਚ ਕਵਿਤਾਵਾਂ ਰਾਹੀਂ ਹੋਇਆ ਮਿਲਦਾ ਹੈ। ‘ਲੁੱਟ’, ‘ਪੈਸਾ’, ‘ਅੱਜ ਦੇ ਲੋਕ’, ‘ਰਿਸ਼ਤੇ’, ‘ਧੱਕਾ ਤੇ ਬੇਇਨਸਾਫ਼ੀ’, ‘ਮਤਲਬੀ ਦੁਨੀਆ’, ‘ਪੰਜਾਬ ਦੀ ਲੁੱਟ’ ਅਤੇ ‘ਸਮਾਜਿਕ ਉਲਝਣਾਂ’ ਆਦਿ ਵਰਗੀਆਂ ਕਵਿਤਾਵਾਂ ਕਵੀ ਦੀ ਉਸ ਮਨੁੱਖਤਾਵਾਦੀ ਸੋਚ ਦਾ ਸਬੂਤ ਹਨ, ਜਿਹੜੀ ਅੱਜ ਉਸ ਨੂੰ ਵਿਕਾਰਾਂ ਵਿੱਚ ਫਸਿਆ ਵੇਖ ਕੇ ਦੁਖੀ ਵੀ ਹੁੰਦੀ ਹੈ ਅਤੇ ਉਸ ਨੂੰ ਇਸ ਜੰਜਾਲ ਵਿੱਚੋਂ ਬਾਹਰ ਵੀ ਕੱਢਣਾ ਚਾਹੁੰਦੀ ਹੈ। ਇੱਕ ਕਵਿਤਾ, ‘ਤੈਨੂੰ ਕਹਾਂ ਪੰਜਾਬ ਸਿੰਆਂ’ ਅੱਜ ਹੋ ਰਹੇ ਪਰਵਾਸ ’ਤੇ ਹੈ ਅਤੇ ਇੱਕ ਕਵਿਤਾ ‘ਮਾਂ ਬੋਲੀ’ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਵੀ ਵਡਿਆਇਆ ਗਿਆ ਹੈ। ਕੁਦਰਤ ਨਾਲ ਇੱਕ ਮਿੱਕ ਹੁੰਦਿਆਂ ਲਿਖੀਆਂ ਕਵਿਤਾਵਾਂ ‘ਰੁੱਖ’, ‘ਫੁੱਲ’ ਅਤੇ ‘ਪੰਛੀ’ ਰਾਹੀਂ ਕਵੀ ਦਾ ਬ੍ਰਹਿਮੰਡੀ ਪ੍ਰੇਮ ਉਛਾਲੇ ਮਾਰਦਾ ਹੈ। ਭਾਵੇਂ ਇਹ ਕਹਿਣਾ ਤਾਂ ਔਖਾ ਹੈ ਕਿ ਕਵੀ ਨੇ ਅਜੋਕੇ ਸਮਾਜ ਦੇ ਸਾਰੇ ਵਿਸ਼ੇ ਸਮੇਟ ਲਏ ਹਨ, ਪਰ ਆਪਣੀਆਂ ਸੀਮਾਵਾਂ ਵਿੱਚ ਹੁੰਦੇ ਹੋਏ ਜਿਸ ਵਿਸ਼ੇ ’ਤੇ ਵੀ ਲਿਖਿਆ ਹੈ, ਉਸ ਨੂੰ ਸਰਲ ਸ਼ਬਦਾਂ ਰਾਹੀਂ ਅਤੇ ਕਵਿਤਾ ਦੇ ਭਰਪੂਰ ਵੇਗ ਨਾਲ ਲਿਖਿਆ ਹੈ ਜਿਵੇਂ ਕਿਸੇ ਚਸ਼ਮੇ ਵਿੱਚੋਂ ਪਾਣੀ ਬਾਹਰ ਆਉਂਦਾ ਹੈ, ਇਸ ਤਰ੍ਹਾਂ ਸ਼ਬਦ ਆਪ ਮੁਹਾਰੇ ਹੀ ਲੇਖਕ ਦੇ ਹਿਰਦੇ ਵਿੱਚੋਂ ਬਾਹਰ ਆਉਂਦੇ ਜਾਪਦੇ ਹਨ।
ਰੂਪਕ ਪੱਖ ਦੀ ਗੱਲ ਕਰੀਏ ਤਾਂ ਜਾਪਦਾ ਹੈ ਕਿ ਲੇਖਕ ਨੂੰ ਬਹੁਤੀਆਂ ਬੰਦਿਸ਼ਾਂ ਪ੍ਰਵਾਨ ਨਹੀਂ ਹਨ। ਕਵਿਤਾ ਨੂੰ ਬਾਕਾਇਦਾ ਕੋਈ ਨਿਯਮਤ ਅਸੂਲਾਂ ਅਧੀਨ ਨਹੀਂ ਲਿਖਿਆ ਲੱਗਦਾ, ਸਗੋਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਕਵਿਤਾ ਆਪਣੇ ਆਪ ਹੀ ਲਿਖ ਹੋ ਗਈ ਹੈ। ਕਵਿਤਾ ਨੂੰ ਹਮੇਸ਼ਾ ਦਿਲ ਦੀ ਬੋਲੀ ਕਿਹਾ ਜਾਂਦਾ ਹੈ ਅਤੇ ਦਿਲ ਦੀ ਆਵਾਜ਼ ਬਹੁਤੀਆਂ ਬੰਦਿਸ਼ਾਂ ਨਹੀਂ ਝੱਲਦੀ। ਫਿਰ ਵੀ ਇਹ ਖੁੱਲ੍ਹੀਆਂ ਕਵਿਤਾਵਾਂ ਨਹੀਂ ਹਨ, ਸਗੋਂ ਸਾਰੀਆਂ ਕਵਿਤਾਵਾਂ ਤੁਕਾਂਤ ਵਿੱਚ ਹਨ। ਪੁਸਤਕ ਵਿੱਚ ਕੁੱਲ 41 ਕਵਿਤਾਵਾਂ ਦਰਜ ਹਨ, ਜਿਨ੍ਹਾਂ ਵਿੱਚੋਂ 17 ਕਵਿਤਾਵਾਂ ਨੂੰ ਗੀਤ ਆਖਿਆ ਜਾ ਸਕਦਾ ਹੈ। 13 ਕਵਿਤਾਵਾਂ ਅਜਿਹੀਆਂ ਹਨ, ਜਿਨ੍ਹਾਂ ਦੇ ਅੰਤ ਵਿੱਚ ਇੱਕ ਹੀ ਕਾਫ਼ੀਆ ਚੱਲਦਾ ਹੈ। ਛੇ ਕੁ ਕਵਿਤਾਵਾਂ ਦੋ ਦੋ ਪੰਕਤੀਆਂ ਦਾ ਤੁਕਾਂਤ ਇੱਕ ਰੱਖ ਕੇ ਲਿਖੀਆਂ ਗਈਆਂ ਹਨ ਅਤੇ 5 ਕਵਿਤਾਵਾਂ ਗ਼ਜ਼ਲ ਦੇ ਅੰਦਾਜ਼ ਵਿੱਚ ਹਨ, ਜਿਨ੍ਹਾਂ ’ਤੇ ਹੋਰ ਮਿਹਨਤ ਕਰਕੇ ਉਹ ਗ਼ਜ਼ਲ ਦਾ ਰੂਪ ਲੈ ਸਕਦੀਆਂ ਹਨ। ਇੱਕ ਗੱਲ ਪੱਕੀ ਹੈ ਜੋ ਕਵਿਤਾ ਦੀ ਖ਼ੂਬਸੂਰਤੀ ਹੁੰਦੀ ਹੈ, ਉਹ ਰਵਾਨੀ ਹਰ ਕਵਿਤਾ ਵਿੱਚ ਕਾਇਮ ਹੈ;
ਠੰਢੀਆਂ ਮਿੱਠੀਆਂ ਦੇਣ ਹਵਾਵਾਂ,
ਰੋਜ਼ ਮੈਂ ਗੀਤ ਇਨ੍ਹਾਂ ਦੇ ਗਾਵਾਂ।
ਰੱਜ ਕੇ ਕਰੋ ਰੁੱਖਾਂ ਦੀ ਸੇਵਾ, ਪੁੱਤਰਾਂ ਨਾਲੋਂ ਉੱਤਮ ਮੇਵਾ।
ਕਵੀ ਦੀ ਕਵਿਤਾ ਉਸ ਦੀ ਆਪਣੀ ਔਲਾਦ ਵਰਗੀ ਹੁੰਦੀ ਹੈ, ਜਿਸ ਨਾਲ ਉਸ ਦਾ ਬਹੁਤ ਪਿਆਰ ਵੀ ਹੁੰਦਾ ਹੈ ਅਤੇ ਉਸ ’ਤੇ ਉਸ ਨੂੰ ਮਾਣ ਵੀ ਹੁੰਦਾ ਹੈ। ‘ਮੇਰੀ ਕਾਵਿ ਕਿਆਰੀ’ ਕਵਿਤਾ ਕਵੀ ਦਾ ਆਪਣੀਆਂ ਕਵਿਤਾਵਾਂ ਬਾਰੇ ਹਲਫ਼ੀਆ ਬਿਆਨ ਹੈ। ਇਸੇ ਤਰ੍ਹਾਂ ਅੱਖਰ ਕਵਿਤਾ ਰਾਹੀਂ ਉਸ ਨੇ ਆਪਣੇ ਸਿਰਜਣਾ ਦੇ ਪਲਾਂ ਨੂੰ ਪਾਠਕਾਂ ਨਾਲ ਸਾਂਝਾ ਵੀ ਕੀਤਾ ਹੈ। ਕੋਈ ਕਵਿਤਾ ਲਿਖ ਕੇ ਕਵੀ ਨੂੰ ਓਨੀ ਖ਼ੁਸ਼ੀ ਅਤੇ ਸੰਤੁਸ਼ਟੀ ਹੁੰਦੀ ਹੈ ਜਿੰਨੀ ਇੱਕ ਔਰਤ ਨੂੰ ਬੱਚੇ ਨੂੰ ਜਨਮ ਦੇ ਕੇ। ਕਵੀ ਆਖਦਾ ਹੈ;
ਮੇਰੇ ਨਾਲ ਇਨ੍ਹਾਂ ਦੀ ਯਾਰੀ,
ਮੰਜ਼ਿਲ ’ਤੇ ਪਹੁੰਚਾਉਂਦੇ ਅੱਖਰ।
ਜਦੋਂ ਕਦੇ ਮੈਂ ਹਿੰਮਤ ਹਾਰਾਂ, ਨਵਾਂ ਜੋਸ਼ ਨੇ ਪਾਉਂਦੇ ਅੱਖਰ।
ਦੁਆ ਕਰਦੇ ਹਾਂ ਕਿ ਇਹ ਅੱਖਰ ਕਵੀ ਦੇ ਹੋਰ ਗੂੜ੍ਹੇ ਯਾਰ ਬਣਨ ਅਤੇ ਨਵੀਆਂ ਰਚਨਾਵਾਂ ਰਾਹੀਂ ਤੇ ਨਵੇਂ ਵਿਸ਼ਿਆਂ ਨਾਲ ਜਿੱਥੇ ਕਰਨਲ ਪ੍ਰਤਾਪ ਸਿੰਘ ਨੂੰ ਭਰਪੂਰ ਰੱਖਣ, ਉੱਥੇ ਮਾਨਵਤਾ ਦੀ ਰਹਿਨੁਮਾਈ ਵੀ ਕਰਨ ਅਤੇ ਮਨੁੱਖਤਾਵਾਦੀ ਸੰਸਾਰ ਦੇ ਨਿਰਮਾਣ ਵਿੱਚ ਵੱਧ ਤੋਂ ਵੱਧ ਯੋਗਦਾਨ ਵੀ ਪਾਉਣ। ਇਹ ਸਾਨੂੰ ਆਸ ਵੀ ਹੈ ਅਤੇ ਸਾਡਾ ਵਿਸ਼ਵਾਸ ਵੀ।