ਕੌਮੀ ਰਾਜਧਾਨੀ ਦੀਆਂ ਸੜਕਾਂ ’ਤੇ ਭਰਿਆ ਯਮੁਨਾ ਦਾ ਪਾਣੀ
* ਮੁੱਖ ਮੰਤਰੀ ਕੇਜਰੀਵਾਲ ਦੇ ਘਰ ਨੇੜੇ ਪੁੱਿਜਆ ਪਾਣੀ
* ਐੱਨਡੀਆਰਐੱਫ ਦੀਆਂ 12 ਟੀਮਾਂ ਕੀਤੀਆਂ ਤਾਇਨਾਤ
* ਦਿੱਲੀ ਦੇ ਵਿਦਿਅਕ ਅਦਾਰਿਆਂ ’ਚ 16 ਤੱਕ ਕੀਤੀ ਛੁੱਟੀ
* ਲਾਲ ਕਿਲੇ ਸਮੇਤ ਕਈ ਅਹਿਮ ਥਾਵਾਂ ’ਤੇ ਪਾਣੀ ਖੜ੍ਹਿਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਜੁਲਾਈ
ਹਰਿਆਣਾ ਸਰਕਾਰ ਵੱਲੋਂ ਹਥਨੀਕੁੰਡ ਬੈਰਾਜ ਤੋਂ ਪਾਣੀ ਯਮੁਨਾ ਵਿੱਚ ਲਗਾਤਾਰ ਛੱਡੇ ਜਾਣ ਕਾਰਨ ਕੌਮੀ ਰਾਜਧਾਨੀ ਦੀਆਂ ਜ਼ਿਆਦਾਤਰ ਸੜਕਾਂ ਅੱਜ ਦਰਿਆਵਾਂ ’ਚ ਤਬਦੀਲ ਹੋ ਗਈਆਂ ਅਤੇ ਪਾਣੀ ਲੋਕਾਂ ਦੇ ਘਰਾਂ, ਸ਼ਮਸ਼ਾਨਘਾਟਾਂ ਅਤੇ ਹੋਰ ਥਾਵਾਂ ’ਚ ਦਾਖ਼ਲ ਹੋ ਗਿਆ। ਯਮੁਨਾ ਦਾ ਪੱਧਰ 208.62 ਮੀਟਰ ’ਤੇ ਪੁੱਜਣ ਮਗਰੋਂ ਸਥਿਰ ਹੋ ਗਿਆ ਹੈ। ਉੱਤਰ ਵਿੱਚ ਬਾਹਰੀ ਰਿੰਗ ਰੋਡ ਤੋਂ ਲੈ ਕੇ ਦੱਖਣ-ਪੂਰਬੀ ਦਿੱਲੀ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਵੜ ਗਿਆ। ਹੜ੍ਹ ਆਉਣ ਕਾਰਨ ਦਿੱਲੀ ’ਚ ਸਾਰੇ ਵਿਦਿਅਕ ਅਦਾਰੇ 16 ਜੁਲਾਈ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਪ੍ਰਾਈਵੇਟ ਅਦਾਰਿਆਂ ਨੇ ਆਪਣੇ ਮੁਲਾਜ਼ਮਾਂ ਨੂੰ ਵਰਕ ਫਰਾਮ ਹੋਮ ਲਈ ਕਿਹਾ ਹੈ।
ਹਾਲਤ ਇਹ ਹੈ ਕਿ ਯਮੁਨਾ ਦਾ ਪਾਣੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਤੋਂ 250 ਮੀਟਰ ਦੂਰ ਰਹਿ ਗਿਆ। ਸਕੱਤਰੇਤ, ਜਿਥੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦੇ ਦਫ਼ਤਰ ਹਨ, ਸਮੇਤ ਦਿੱਲੀ ਦੇ ਅਹਿਮ ਇਲਾਕਿਆਂ ਵਿੱਚ ਵੀ ਪਾਣੀ ਦਾਖ਼ਲ ਹੋ ਗਿਆ। ਸੈਂਟਰਲ ਵਾਟਰ ਕਮਿਸ਼ਨ ਦੇ ਡਾਇਰੈਕਟਰ ਸ਼ਰਦ ਚੰਦਰਾ ਨੇ ਕਿਹਾ ਕਿ ਸ਼ਾਮ ਚਾਰ ਵਜੇ ਹਥਨੀਕੁੰਡ ਬੈਰਾਜ ਤੋਂ 80 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਅਤੇ ਇਸ ਦੇ ਸ਼ੁੱਕਰਵਾਰ ਤੜਕੇ ਤਿੰਨ ਵਜੇ ਘਟਣ ਦੀ ਸੰਭਾਵਨਾ ਹੈ। ਹੜ੍ਹ ਦੀ ਮਾਰ ਹੇਠ ਕਸ਼ਮੀਰੀ ਗੇਟ ਦੇ ਇਲਾਕੇ, ਅੰਤਰਰਾਜੀ ਬੱਸ ਟਰਮੀਨਸ ਕਸ਼ਮੀਰੀ ਗੇਟ (ਆਈਐਸਬੀਟੀ), ਯਮੁਨਾ ਬਾਜ਼ਾਰ, ਨਿਗਮ ਬੋਧ ਘਾਟ, ਰਿੰਗ ਰੋਡ ਦੇ ਯਮੁਨਾ ਕਨਿਾਰੇ ਦੇ ਇਲਾਕੇ, ਲਾਲ ਕਿਲਾ, ਆਈਟੀਓ, ਭੈਰੋਂ ਸਿੰਘ ਮਾਰਗ, ਓਖਲਾ, ਕਾਲਿੰਦੀ ਕੁੰਜ, ਮਯੂਰ ਵਿਹਾਰ ਸਮੇਤ ਕਈ ਇਲਾਕੇ ਆ ਗਏ ਹਨ। ਹੜ੍ਹ ਦਾ ਪਾਣੀ ਲਾਲ ਕਿਲੇ ਦੀ ਪਿਛਲੀ ਕੰਧ ਨੂੰ ਛੂਹ ਗਿਆ ਹੈ। ਯਮੁਨਾ ਦੇ ਪੂਰਬੀ ਪਾਸੇ ਦੇ ਕੱਪੜਾ ਕਾਰੋਬਾਰ ਦੇ ਕੇਂਦਰ ਗਾਂਧੀ ਨਗਰ ਨੂੰ ਪਾਣੀ ਤੋਂ ਬਚਾਉਣ ਲਈ ਐੱਨਡੀਆਰਐੱਫ ਦੀ ਟੀਮ ਨੇ ਰੇਤ ਦੀਆਂ ਬੋਰੀਆਂ ਭਰ ਕੇ ਇਲਾਕੇ ਨੂੰ ਸੁਰੱਖਿਅਤ ਕੀਤਾ।
ਦਿੱਲੀ ਸਰਕਾਰ ਨੇ ਜ਼ਰੂਰੀ ਵਸਤਾਂ ਨੂੰ ਛੱਡ ਕੇ ਬਾਕੀ ਦੇ ਭਾਰੀ ਵਾਹਨਾਂ ਨੂੰ ਸਿੰਘੂ ਸਮੇਤ ਚਾਰ ਸਰਹੱਦੀ ਇਲਾਕਿਆਂ ’ਚੋਂ ਸ਼ਹਿਰ ਅੰਦਰ ਦਾਖ਼ਲ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ। ਸ਼ਹਿਰ ਦੀ ਜੀਵਨ ਰੇਖਾ ਵਜੋਂ ਜਾਣੀ ਜਾਂਦੀ ਦਿੱਲੀ ਮੈਟਰੋ ’ਤੇ ਵੀ ਹੜ੍ਹ ਦਾ ਅਸਰ ਪਿਆ। ਡੀਆਰਐੱਮਸੀ ਨੇ ਕਿਹਾ ਕਿ ਇਹਤਿਆਤ ਵਜੋਂ ਮੈਟਰੋ ਟਰੇਨਾਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਾਈਆਂ ਜਾ ਰਹੀਆਂ ਹਨ। ਰਾਜਧਾਨੀ ’ਚ ਐੱਨਡੀਆਰਐੱਫ ਦੀਆਂ 12 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ’ਚੋਂ ਤਿੰਨ-ਤਿੰਨ ਟੀਮਾਂ ਸੈਂਟਰਲ, ਪੂਰਬੀ ਅਤੇ ਉੱਤਰ-ਪੂਰਬੀ ਦਿੱਲੀ ਜਦਕਿ ਦੋ-ਦੋ ਟੀਮਾਂ ਦੱਖਣ-ਪੂਰਬੀ ਦਿੱਲੀ ਅਤੇ ਇਕ ਸ਼ਾਹਦਰਾ ਇਲਾਕੇ ’ਚ ਤਾਇਨਾਤ ਕੀਤੀਆਂ ਗਈਆਂ ਹਨ। ਕਸ਼ਮੀਰੀ ਗੇਟ ’ਚ ਪਾਣੀ ਖੜ੍ਹਾ ਹੋਣ ਕਾਰਨ ਦਿੱਲੀ ਟਰਾਂਸਪੋਰਟ ਵਿਭਾਗ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਥਾਵਾਂ ਲਈ ਚੱਲਣ ਵਾਲੀਆਂ ਬੱਸਾਂ ਰੱਦ ਕਰ ਦਿੱਤੀਆਂ। ਰਾਜਘਾਟ ਅਤੇ ਪੁਰਾਣਾ ਕਿਲਾ ਇਲਾਕਿਆਂ ’ਚ ਵੀ ਪਾਣੀ ਜਮ੍ਹਾਂ ਹੋ ਗਿਆ। ਦਿੱਲੀ ਸਰਕਾਰ ਵੱਲੋਂ ਚਲਾਏ ਜਾਂਦੇ ਸੁਸ਼ਰੁਤਾ ਟਰੌਮਾ ਸੈਂਟਰ ਦੇ ਮੁੱਖ ਗੇਟ ’ਤੇ ਪਾਣੀ ਭਰਨ ਨਾਲ ਅਧਿਕਾਰੀਆਂ ਨੂੰ 40 ਮਰੀਜ਼ ਐੱਲਐੱਨਜੇਪੀ ਹਸਪਤਾਲ ’ਚ ਭੇਜਣੇ ਪਏ। ਪਾਣੀ ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ ਦੇ ਦੋ ਆਸਰਾ ਘਰਾਂ, ਪੁਰਾਣੀ ਦਿੱਲੀ ਦੇ ਗਾਂਧੀ ਪਾਰਕ ਅਤੇ ਯਮੁਨਾ ਕੰਢੇ ’ਤੇ ਪੈਂਦੇ ਗੀਤਾ ਘਾਟ ’ਚ ਵੀ ਦਾਖ਼ਲ ਹੋ ਗਿਆ ਜਿਸ ਮਗਰੋਂ ਉਥੋਂ ਲੋਕਾਂ ਨੂੰ ਕੱਢਣਾ ਪਿਆ।ਲਾਲ ਕਿਲ੍ਹੇ ਨੇੜੇ ਖੜ੍ਹੇ ਲੋਕ ਸੜਕ ਪਾਰ ਕਰਨ ਲਈ ਪਾਣੀ ਦੇ ਘਟਣ ਦੀ ਉਡੀਕ ਕਰਦੇ ਹੋਏ। -ਫੋਟੋ: ਪੀਟੀਆਈ