Delhi-NCR: ਕੇਂਦਰ ਨੇ ਦਿੱਲੀ-ਐਨਸੀਆਰ ਦੇ ਸਕੂਲਾਂ ਨੂੰ 12ਵੀਂ ਜਮਾਤ ਤੱਕ ਦੀਆਂ ਜਮਾਤਾਂ ਹਾਈਬ੍ਰਿਡ ਮੋਡ ’ਚ ਲਾਉਣ ਲਈ ਕਿਹਾ
ਨਵੀਂ ਦਿੱਲੀ, 25 ਨਵੰਬਰ
Supreme Court: ਸੁਪਰੀਮ ਕੋਰਟ ਵੱਲੋਂ ਹਵਾ ਪ੍ਰਦੂਸ਼ਣ ਕਾਰਨ ਸਕੂਲ ਖੋਲ੍ਹਣ ਲਈ ਵਿਚਾਰ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਕੇਂਦਰ ਦੇ ਹਵਾ ਗੁਣਵੱਤਾ ਪੈਨਲ ਨੇ ਦਿੱਲੀ-ਐਨਸੀਆਰ ਦੇ ਸਕੂਲਾਂ ਅਤੇ ਕਾਲਜਾਂ ਨੂੰ 12ਵੀਂ ਤੱਕ ਦੀਆਂ ਕਲਾਸਾਂ ਨੂੰ ਹਾਈਬ੍ਰਿਡ ਢੰਗ (ਆਨਲਾਈਨ ਤੇ ਆਫਲਾਈਨ) ਨਾਲ ਲਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਖੇਤਰਾਂ ਵਿਚ ਨਵੰਬਰ ਤੋਂ ਜਨਵਰੀ ਤਕ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੁੰਦਾ ਹੈ, ਇਸ ਕਰ ਕੇ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਹਾਈਬ੍ਰਿਡ ਪ੍ਰਣਾਲੀ ਰਾਹੀਂ ਬੱਚਿਆਂ ਨੂੰ ਪੜ੍ਹਾਉਣ। ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀਏਕਿਊਐਮ) ਨੇ ਦੱਸਿਆ ਕਿ ਦਿੱਲੀ ਅਤੇ ਐਨਸੀਆਰ ਖੇਤਰਾਂ ਦੇ ਸਕੂਲਾਂ ਵਿੱਚੋਂ ਜ਼ਿਆਦਾਤਰ ਪ੍ਰਾਇਮਰੀ ਸਕੂਲਾਂ ਵਿੱਚ ਪੂਰੀ ਤਰ੍ਹਾਂ ਆਨਲਾਈਨ ਕਲਾਸਾਂ ਚਲਾਉਣ ਲਈ ਸਰੋਤਾਂ ਦੀ ਘਾਟ ਹੈ। ਇਸ ਕਰ ਕੇ ਲੋੜ ਅਨੁਸਾਰ ਹਾਈਬ੍ਰਿਡ ਜਮਾਤਾਂ ਲਾਈਆਂ ਜਾਣ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੋਰਡ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਲੋੜੀਂਦੇ ਪ੍ਰੈਕਟੀਕਲ ਪਾਠਾਂ, ਟੈਸਟਾਂ ਅਤੇ ਵਾਧੂ ਟਿਊਟੋਰੀਅਲ ਲਈ ਕਲਾਸਾਂ ਵਿੱਚ ਹਾਜ਼ਰ ਹੋਣ ਦੀ ਲੋੜ ਹੁੰਦੀ ਹੈ। ਦੱਸਣਾ ਬਣਦਾ ਹੈ ਕਿ ਹਾਈਬ੍ਰਿਡ ਮੋਡ ਰਾਹੀਂ ਵਿਦਿਆਰਥੀ ਸਕੂਲਾਂ ਵਿਚ ਜਾ ਕੇ ਜਾਂ ਆਨਲਾਈਨ ਦੋਵੇਂ ਤਰ੍ਹਾਂ ਵਿਚੋਂ ਇਕ ਢੰਗ ਨਾਲ ਸਿੱਖਿਆ ਹਾਸਲ ਕਰ ਸਕਦੇ ਹਨ।