Manipur: ਮਨੀਪੁਰ: ਨੌਂ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ’ਤੇ ਪਾਬੰਦੀ ਦੋ ਦਿਨ ਹੋਰ ਵਧਾਈ
ਇੰਫਾਲ, 25 ਨਵੰਬਰ
ਮਨੀਪੁਰ ਸਰਕਾਰ ਨੇ ਹਿੰਸਾ ਗ੍ਰਸਤ ਜਿਰੀਬਾਮ ਜ਼ਿਲ੍ਹੇ ਸਣੇ ਨੌਂ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਦੀ ਮੁਅੱਤਲੀ ਦੋ ਹੋਰ ਦਿਨਾਂ ਲਈ ਵਧਾ ਦਿੱਤੀ ਹੈ। ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਨੌਂ ਜ਼ਿਲ੍ਹਿਆਂ ਵਿੱਚੋਂ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ ਪਰ ਇਹਤਿਆਤ ਵਜੋਂ ਇੰਟਰਨੈਟ ਸੇਵਾਵਾਂ ਦੀ ਮੁਅੱਤਲੀ ਨੂੰ ਦੋ ਦਿਨ ਹੋਰ ਵਧਾ ਦਿੱਤਾ ਗਿਆ ਹੈ।
ਕਮਿਸ਼ਨਰ ਐੱਨ ਅਸ਼ੋਕ ਕੁਮਾਰ ਨੇ ਆਪਣੇ ਹੁਕਮਾਂ ਵਿੱਚ ਕਿਹਾ, ‘ਸੂਬੇ ਵਿੱਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਹਾਲੇ ਇਹ ਖਦਸ਼ੇ ਹਨ ਕਿ ਕੁਝ ਸਮਾਜ ਵਿਰੋਧੀ ਅਨਸਰ ਤਸਵੀਰਾਂ ਤੇ ਨਫ਼ਰਤ ਭਰੇ ਭਾਸ਼ਣਾਂ ਅਤੇ ਪ੍ਰਸਾਰਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਦੇ ਹਨ ਤੇ ਲੋਕਾਂ ਨੂੰ ਭੜਕਾ ਸਕਦੇ ਹਨ ਜਿਸ ਕਰ ਕੇ ਸੂਬਾ ਸਰਕਾਰ ਨੇ ਇੰਟਰਨੈੱਟ ਸੇਵਾਵਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਇਹ ਪਾਬੰਦੀ ਨੌਂ ਜ਼ਿਲ੍ਹਿਆਂ ਵਿੱਚ 27 ਨਵੰਬਰ ਸ਼ਾਮ 5.15 ਵਜੇ ਤੱਕ ਲਾਗੂ ਰਹੇਗੀ। ਇਨ੍ਹਾਂ ਜ਼ਿਲ੍ਹਿਆਂ ਵਿਚ ਇੰਫਾਲ ਪੱਛਮੀ, ਇੰਫਾਲ ਪੂਰਬੀ, ਬਿਸ਼ਨੂਪੁਰ, ਥੌਬਲ, ਕਾਕਚਿੰਗ, ਕਾਂਗਪੋਕਪੀ, ਚੂਰਾਚੰਦਪੁਰ, ਜਿਰੀਬਾਮ ਅਤੇ ਫੇਰਜ਼ੌਲ ਸ਼ਾਮਲ ਹਨ। ਇਹ ਵੀ ਦੱਸਣਾ ਬਣਦਾ ਹੈ ਕਿ 15 ਅਤੇ 16 ਨਵੰਬਰ ਨੂੰ ਜਿਰੀਬਾਮ ਜ਼ਿਲ੍ਹੇ ਵਿੱਚ ਲਾਪਤਾ ਤਿੰਨ ਬੱਚਿਆਂ ਅਤੇ ਤਿੰਨ ਔਰਤਾਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਹਿੰਸਾ ਭੜਕ ਗਈ ਸੀ ਤੇ ਹਾਲਾਤ ਬਦਤਰ ਹੋ ਗਏ ਸਨ।