ਡਬਲਿਯੂਟੀਸੀ ਫਾਈਨਲ: ਭਾਰਤ ਦੀ ਪਹਿਲੀ ਪਾਰੀ 296 ’ਤੇ ਸਿਮਟੀ
ਲੰਡਨ, 9 ਜੂਨ
ਆਸਟਰੇਲੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਫਾਈਨਲ ਦੇ ਤੀਸਰੇ ਦਿਨ ਅੱਜ ਭਾਰਤ ਦੀ ਪਹਿਲੀ ਪਾਰੀ 296 ਦੌੜਾਂ ‘ਤੇ ਸਮੇਟਣ ਮਗਰੋਂ ਆਪਣੀ ਦੂਜੀ ਪਾਰੀ ਵਿੱਚ 123/4 ਦੇ ਸਕੋਰ ਨਾਲ 296 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 469 ਦੌੜਾਂ ਬਣਾਈਆਂ ਸਨ। ਤੀਜੇ ਦਿਨ ਦੀ ਖੇਡ ਖ਼ਤਮ ਹੋਣ ਮੌਕੇ ਮਾਰਨੁਸ ਲਾਬੂਸ਼ੇਨ (40) ਅਤੇ ਕੈਮਰੌਨ ਗ੍ਰੀਨ (6) ਨਾਬਾਦ ਸਨ। ਹੋਰਨਾ ਬੱਲੇਬਾਜ਼ਾਂ ਵਿੱਚ ਸਟੀਵ ਸਮਿੱਥ ਨੇ 34 ਦੌੜਾਂ ਬਣਾਈਆਂ। ਭਾਰਤ ਲਈ ਗੇਂਦਬਾਜ਼ ਰਵਿੰਦਰ ਜਡੇਜਾ ਨੇ ਦੋ, ਜਦੋਂਕਿ ਮੁਹੰਮਦ ਸਿਰਾਜ ਤੇ ਉਮੇਸ਼ ਯਾਦਵ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਅਜਿੰਕਿਆ ਰਹਾਣੇ ਨੇ 129 ਗੇਂਦਾਂ ਵਿੱਚ 89 ਦੌੜਾਂ, ਜਦੋਂਕਿ ਸ਼ਰਦੁਲ ਠਾਕੁਰ ਨੇ 109 ਗੇਂਦਾਂ ਵਿੱਚ 51 ਦੌੜਾਂ ਬਣਾਈਆਂ। ਦੋਵਾਂ ਨੇ ਸੱਤਵੀਂ ਵਿਕਟ ਲਈ 109 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਪਹਿਲਾਂ ਦੂਜੇ ਦਿਨ ਰਵਿੰਦਰ ਜਡੇਜਾ ਨੇ 51 ਗੇਂਦਾਂ ਵਿੱਚ 48 ਦੌੜਾਂ ਦੀ ਪਾਰੀ ਖੇਡੀ ਸੀ।
ਭਾਰਤ ਨੇ ਅੱਜ ਤੀਸਰੇ ਦਿਨ ਪੰਜ ਵਿਕਟਾਂ ‘ਤੇ 151 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਉਸ ਨੇ ਕੇਐੱਸ ਭਰਤ ਵਜੋਂ ਆਪਣੀ ਪਹਿਲੀ ਵਿਕਟ ਛੇਤੀ ਹੀ ਗੁਆ ਲਈ ਸੀ। -ਪੀਟੀਆਈ