ਗ਼ਲਤ ਗ੍ਰਿਫ਼ਤਾਰੀ
ਸਿੱਧੂ ਦਮਦਮੀ
ਉਸ ਨੂੰ ਕੀ ਪਤੈ -
ਰਾਣੀ ਨੂੰ ਕਿਸ ਨੇ
ਤੇ ਕਿਉਂ ਮਾਰਿਐ!
ਉਸ ਨੂੰ ਤਾਂ ਏਨਾ ਪਤੈ- ਨਹੁੰਧਰੀ ਨਾਹਰਿਆਂ ਦੀ ਉਠੀ ਇੱਕ ਨੇਰ੍ਹੀ
ਰਾਤ ਪੈ ਗਈ ਦਿਨੇ ਹੀ
ਡਰੇ ਲੋਕ ਭੱਜ ਉੱਠੇ ਘਰਾਂ ਨੂੰ
ਉਸ ਨੂੰ ਕੀ ਪਤੈ
ਰਾਣੀ ਨੂੰ ਕਿਸ ਨੇ
ਤੇ ਕਿਉਂ ਮਾਰਿਐ!
ਉਸ ਨੂੰ ਤਾਂ ਏਨਾ ਪਤੈ
ਕਿ ਭੱਜੇ ਜਾਂਦੇ ਲੋਕਾਂ ਨੂੰ ਚੁਰਾਹਿਆਂ ਤੇ ਖੜ੍ਹੇ ਨਕਾਬਪੋਸ਼
ਵੰਡ ਰਹੇ ਸਨ
ਤ੍ਰਿਸ਼ੂਲ ਤੇ ਤਲਵਾਰਾਂ
ਉਸ ਦੇ ਹੱਥ ਸਭਾਉਕੀ
ਕਿਸੇ ਨੇ ਦੇ ਦਿੱਤੀ ਸੀ ਬੰਦੂਕ
ਉਸ ਨੂੰ ਕੀ ਪਤੈ
ਰਾਣੀ ਨੂੰ ਕਿਸ ਨੇ
ਤੇ ਕਿਉਂ ਮਾਰਿਐ!
ਉਸ ਨੂੰ ਤਾਂ ਕੇਵਲ ਏਨਾ ਪਤੈ
ਕੱਟ ਕੇ ਨਾਲੀ ਬੰਦੂਕ ਦੀ ਬਣਾ ਲਈ
ਸੀ ਉਸ ਵੰਝਲੀ
ਉਸ ਨੂੰ ਕੀ ਪਤੈ
ਰਾਣੀ ਨੂੰ ਕਿਸ ਨੇ
ਤੇ ਕਿਉਂ ਮਾਰਿਐ
ਉਸ ਨੂੰ ਤਾਂ ਏਨਾ ਪਤੈ- ਜਦ ਉਸ ਵੰਝਲੀ ’ਚ ਫੂਕ ਮਾਰੀ
ਉਹ ਕੁਰਲਾਉਣ ਲੱਗੀ
ਜ਼ਿੰਦਾ ਭੁੰਨੇ ਜਾ ਰਹੇ ਜਨੌਰ ਵਾਂਗ
ਤਦ ਹੀ ਤੇ ਉੱਥੇ ਹੀ ਗਿਆ ਸੀ ਉਹ ਫੜਿਆ
ਰਾਣੀ ਦੀ ਮੌਤ ’ਤੇ
ਮਨਾਏ ਜਾ ਰਹੇ ਰਾਸ਼ਟਰੀ ਸੋਗ ਦੌਰਾਨ ਵੰਝਲੀ ਵਜਾ ਕੇ
ਜਸ਼ਨ ਮਨਾਉਣ ਦੇ ਦੋਸ਼ ਵਿੱਚ
ਉਸ ਨੂੰ ਕੀ ਪਤੈ ਰਾਣੀ ਨੂੰ ਕਿਸ ਨੇ ਤੇ ਕਿਉਂ ਮਾਰਿਐ!
(ਛਪ ਰਹੀ ਕਾਵਿ ਪੁਸਤਕ ਵਿੱਚੋਂ)
ਸੰਪਰਕ: 94170-13869 (ਭਾਰਤ)
626-400-3567 (ਅਮਰੀਕਾ)