ਗਾਂਧੀ ਦਾ ਡਰਬਨ ਨੇੜਲਾ ਫੀਨਿਕਸ ਫਾਰਮ
ਰਾਮਚੰਦਰ ਗੁਹਾ
ਨਵੰਬਰ 1904 ਵਿੱਚ ਮੋਹਨਦਾਸ ਕਰਮਚੰਦ ਗਾਂਧੀ ਨੇ ਦੱਖਣੀ ਅਫਰੀਕਾ ਵਿੱਚ ਡਰਬਨ ਦੀ ਬੰਦਰਗਾਹ ਤੋਂ ਚੌਦਾਂ ਕਿਲੋਮੀਟਰ ਦੂਰ ਇੱਕ ਵੱਡਾ ਫਾਰਮ ਖਰੀਦਿਆ ਸੀ। ਫਾਰਮ ਖਰੀਦਣ ਤੋਂ ਪਹਿਲਾਂ ਗਾਂਧੀ ਸ਼ਹਿਰੀ ਖੇਤਰਾਂ, ਜਿਵੇਂ ਕਿ ਪੋਰਬੰਦਰ ਤੇ ਰਾਜਕੋਟ ਜਿਹੇ ਛੋਟੇ ਕਸਬਿਆਂ, ਡਰਬਨ ਤੇ ਜੋਹਾਨੈੱਸਬਰਗ ਜਿਹੇ ਵੱਡੇ ਸ਼ਹਿਰਾਂ, ਲੰਡਨ ਤੇ ਬੰਬਈ ਜਿਹੇ ਮਹਾਂਨਗਰਾਂ ਵਿੱਚ ਰਹੇ ਸਨ। ਇੰਝ, ਉਨ੍ਹਾਂ ਦੀਆਂ ਜ਼ਿਆਦਾਤਰ ਸਰਗਰਮੀਆਂ ਸੋਚਣ ਤੇ ਲਿਖਣ ਅਤੇ ਆਪਣੇ ਮੁਵੱਕਿਲਾਂ ਦੀ ਤਰਫ਼ੋਂ ਅਦਾਲਤ ਵਿੱਚ ਬੋਲਣ ਜਿਹੇ ਮਾਨਸਿਕ ਕਾਰਜਾਂ ਤੱਕ ਸੀਮਤ ਰਹੀਆਂ ਸਨ। ਫਿਰ ਜੌਹਨ ਰਸਕਿਨ ਦੀ ਕਿਤਾਬ ‘ਅਨਟੂ ਦਿਸ ਲਾਸਟ,’ ਜੋ ਉਨ੍ਹਾਂ ਦੇ ਦੋਸਤ ਹੈਨਰੀ ਪੌਲਕ ਨੇ ਭੇਟ ਕੀਤੀ ਸੀ, ਨੂੰ ਪੜ੍ਹ ਕੇ ਤੇ ਇਸ ਤੋਂ ਪ੍ਰੇਰਿਤ ਹੋ ਕੇ ਗਾਂਧੀ ਨੇ ਜ਼ਮੀਨ ’ਤੇ ਰਹਿਣ ਅਤੇ ਹੱਥੀਂ ਕਿਰਤ ਕਰ ਕੇ ਜ਼ਿੰਦਗੀ ਬਿਤਾਉਣ ਦਾ ਰਾਹ ਅਖ਼ਤਿਆਰ ਕਰ ਲਿਆ। ਉਨ੍ਹਾਂ ਇੱਕ ਬਹੁ-ਭਾਸ਼ਾਈ ਅਖ਼ਬਾਰ ‘ਇੰਡੀਅਨ ਓਪੀਨੀਅਨ’ ਵੀ ਸ਼ੁਰੂ ਕੀਤਾ ਜਿਸ ਵਿੱਚ ਦੱਖਣੀ ਅਫਰੀਕਾ ਵਿੱਚ ਵਸਦੇ ਭਾਰਤੀ ਭਾਈਚਾਰੇ ਦੀਆਂ ਆਸਾਂ ਅਤੇ ਤੌਖ਼ਲਿਆਂ ਨੂੰ ਉਭਾਰਿਆ ਜਾਂਦਾ ਸੀ।
ਗਾਂਧੀ ਨੇ ਜਿਹੜਾ ਫੀਨਿਕਸ ਫਾਰਮ ਖਰੀਦਿਆ ਸੀ, ਉਸ ਦਾ ਨਾਂ ਨੇੜੇ ਪੈਂਦੇ ਇੱਕ ਰੇਲਵੇ ਸਟੇਸ਼ਨ ਦੇ ਨਾਂ ’ਤੇ ਪਿਆ। ਫੀਨਿਕਸ ਦੀ ਸਥਾਪਨਾ ਦੀ 120ਵੀਂ ਵਰ੍ਹੇਗੰਢ ਮੌਕੇ ਦੱਖਣੀ ਅਫਰੀਕੀ ਵਿਦਵਾਨ ਉਮਾ ਧੁਪੇਲੀਆ-ਮੇਸ਼ਤਰੀ ਨੇ ਇਸ ਬਸਤੀ ਦੇ ਮੁੱਢ ਤੋਂ ਲੈ ਕੇ ਵਰਤਮਾਨ ਤੱਕ ਦਾ ਇਤਿਹਾਸ ਪ੍ਰਕਾਸ਼ਿਤ ਕੀਤਾ ਹੈ। ਇਸ ਕਿਤਾਬ ਵਿੱਚ ਫੀਨਿਕਸ ਦੇ ਪਹਿਲੇ ਦਹਾਕੇ ਦਾ ਵੇਰਵਾ ਦਿੱਤਾ ਗਿਆ ਹੈ ਜਦੋਂ ਗਾਂਧੀ ਹਾਲੇ ਦੱਖਣੀ ਅਫਰੀਕਾ ਵਿੱਚ ਹੀ ਮੌਜੂਦ ਸਨ। ਬਾਕੀ ਨੌਂ ਭਾਗਾਂ ਵਿੱਚ ਗਾਂਧੀ ਦੇ ਭਾਰਤ ਰੁਖ਼ਸਤ ਹੋਣ ਤੋਂ ਲੈ ਕੇ ਇੱਕ ਸਦੀ ਤੱਕ ਫੀਨਿਕਸ ਦੇ ਇਤਿਹਾਸ ਦੇ ਹਵਾਲੇ ਵਾਲੀਆਂ ਬਹੁਤ ਹੀ ਧਿਆਨ ਨਾਲ ਚੁਣੀਆਂ ਗਈਆਂ ਚਿੱਠੀਆਂ ਨੂੰ ਪੇਸ਼ ਕੀਤਾ ਗਿਆ ਹੈ। ਕਿਤਾਬ ਦੇ ਅੰਤ ਵਿੱਚ ਫੀਨਿਕਸ ਦੇ ਵਰਤਮਾਨ ਬਾਰੇ ਇੱਕ ਲੇਖ ਦਿੱਤਾ ਗਿਆ ਹੈ।
ਕਿਤਾਬ ਦੇ ਸ਼ੁਰੂ ਦੇ ਭਾਗਾਂ ਵਿੱਚ ਅੰਗਰੇਜ਼ ਵਿਦਵਾਨ ਅਲਬਰਟ ਵੈੱਸਟ ਦਾ ਕਾਫ਼ੀ ਜ਼ਿਕਰ ਕੀਤਾ ਗਿਆ ਹੈ ਜੋ ਜੋਹਾਨੈੱਸਬਰਗ ਦੇ ਇੱਕ ਸ਼ਾਕਾਹਾਰੀ ਰੈਸਤਰਾਂ ਵਿੱਚ ਗਾਂਧੀ ਨੂੰ ਮਿਲੇ ਸਨ ਅਤੇ ਉਨ੍ਹਾਂ ‘ਇੰਡੀਅਨ ਓਪੀਨੀਅਨ’ ਚਲਾਉਣ ਅਤੇ ਬਸਤੀ ਨੂੰ ਇੱਕ ਹਕੀਕੀ ਤੇ ਸਜੀਵ ਭਾਈਚਾਰੇ ਦਾ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਫੀਨਿਕਸ ਵਿੱਚ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਰੋਜ਼ਾਨਾ ਅੰਤਰ-ਧਰਮ ਪ੍ਰਾਰਥਨਾ ਸਭਾ ਬਾਰੇ ਵੈੱਸਟ ਦਾ ਆਖਣਾ ਸੀ: ‘ਹਿੰਦੂ, ਮੁਸਲਿਮ, ਪਾਰਸੀ ਤੇ ਇਸਾਈ ਭਜਨ ਗਾਉਂਦੇ ਸਨ ਅਤੇ ਵੱਖ-ਵੱਖ ਭਾਸ਼ਾਵਾਂ ਵਿੱਚ ਲਿਖੇ ਗ੍ਰੰਥਾਂ ਨੂੰ ਪੜ੍ਹਦੇ ਸਨ। ਮੇਰੇ ਖ਼ਿਆਲ ਵਿੱਚ ਇਹ ਸਰਬਵਿਆਪੀ ਧਾਰਮਿਕ ਸੇਵਾ ਦੀ ਇੱਕ ਨਾਯਾਬ ਮਿਸਾਲ ਸੀ ਜਿੱਥੇ ਕਿਸੇ ਇੱਕ ਧਰਮ ਨੂੰ ਸ਼੍ਰੇਸ਼ਠ ਥਾਂ ’ਤੇ ਨਹੀਂ ਰੱਖਿਆ ਜਾਂਦਾ ਅਤੇ ਜਿੱਥੇ ਸਚਾਈ ਅਤੇ ਪਿਆਰ ਨੂੰ ਰੱਬ ਦੇ ਸਰਬਵਿਆਪਕ ਗੁਣ ਵਜੋਂ ਤਸਲੀਮ ਕੀਤਾ ਜਾਂਦਾ ਸੀ।’
1914 ਵਿੱਚ ਜਦੋਂ ਗਾਂਧੀ ਫੀਨਿਕਸ ਤੋਂ ਵਿਦਾ ਹੋਏ ਤਾਂ ਅਲਬਰਟ ਵੈੱਸਟ ਨੂੰ ਫਾਰਮ ਕਾਇਮ ਰੱਖਣ ਵਿੱਚ ਕਾਫ਼ੀ ਜੱਦੋਜਹਿਦ ਕਰਨੀ ਪਈ। 1917 ਵਿੱਚ ਗਾਂਧੀ ਨੇ ਬਸਤੀ ਨੂੰ ਸੁਰਜੀਤ ਕਰਨ ਵਿੱਚ ਹੱਥ ਵਟਾਉਣ ਲਈ ਆਪਣੇ ਦੂਜੇ ਪੁੱਤਰ ਮਣੀਲਾਲ ਨੂੰ ਦੱਖਣੀ ਅਫਰੀਕਾ ਭੇਜਿਆ। ਧੁਪੇਲੀਆ-ਮੇਸ਼ਤਰੀ ਦਾ ਖ਼ਿਆਲ ਸੀ ਕਿ ਫੀਨਿਕਸ ਨੇ ਮਣੀਲਾਲ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਤਲਾਸ਼ ਕਰਨ ਵਿੱਚ ਮਦਦ ਕੀਤੀ ਜਿਸ ਦੇ ਆਸਾਰ ਹਿੰਦੋਸਤਾਨ ਵਿੱਚ ਗਾਂਧੀ ਵੱਲੋਂ ਚਲਾਏ ਜਾਂਦੇ ਆਸ਼ਰਮ ਵਿੱਚ ਘੱਟ ਸਨ। ਦਸੰਬਰ, 1919 ਵਿੱਚ ਮਣੀਲਾਲ ਨੇ ਆਪਣੇ ਪਿਤਾ ਨੂੰ ਚਿੱਠੀ ਲਿਖੀ: ‘ਹਿੰਦੋਸਤਾਨ ਤੋਂ ਆਉਣ ਸਮੇਂ ਮੈਂ ਸਹਿਜ ਮਹਿਸੂਸ ਨਹੀਂ ਕਰ ਰਿਹਾ ਸਾਂ... ਮੈਂ ਇੱਥੇ ਵਧੇਰੇ ਮਾਨਸਿਕ ਟਿਕਾਅ ਨਾਲ ਰਹਿ ਕੇ ਕੰਮ ਕਰ ਸਕਦਾ ਹਾਂ। ਇਸ ਲਈ ਮੈਂ ਇੱਥੇ ਰਹਿਣਾ ਚਾਹੁੰਦਾ ਹਾਂ ਅਤੇ ‘ਇੰਡੀਅਨ ਓਪੀਨੀਅਨ’ ਦਾ ਕੰਮ ਅਤੇ ਨਾਲ ਹੀ ਜਿੰਨਾ ਹੋ ਸਕੇ ਅਧਿਐਨ ਕਰਨਾ ਚਾਹੁੰਦਾ ਹਾਂ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਹਿੰਦੋਸਤਾਨ ਵਾਪਸ ਆ ਜਾਵਾਂ ਤਾਂ ਮੈਂ ਇਉਂ ਹੀ ਕਰਾਂਗਾ।’
ਫਾਰਮ ਦਾ ਕੰਮ ਸਾਂਭਣ ਤੋਂ ਬਾਅਦ ਮਣੀਲਾਲ ਗਾਂਧੀ ਨੇ ਕਾਸ਼ਤਕਾਰੀ ਅਤੇ ਗੰਨੇ ਤੇ ਮੱਕੀ ਦੀ ਵੇਚ ਵੱਟ ਰਾਹੀਂ ਇਸ ਦੇ ਖਰਚਿਆਂ ਦੀ ਭਰਪਾਈ ਕਰਨ ਵਿੱਚ ਮਦਦ ਕੀਤੀ। 1927 ਵਿੱਚ ਮਣੀਲਾਲ ਦਾ ਵਿਆਹ ਅਕੋਲਾ (ਮਹਾਰਾਸ਼ਟਰ) ਦੀ ਸੁਸ਼ੀਲਾ ਮਸ਼ਰੂਵਾਲਾ ਨਾਲ ਹੋ ਗਿਆ। ਇਹ ਸ਼ਾਨਦਾਰ ਜੋੜੀ ਸੀ। ਸੁਸ਼ੀਲਾ ਨੇ ਫਾਰਮ ਅਤੇ ਅਖ਼ਬਾਰ ਨੂੰ ਚਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਜਿਵੇਂ ਕਿ ਉਮਾ ਧੁਪੇਲੀਆ-ਮੇਸ਼ਤਰੀ ਨੇ ਲਿਖਿਆ ਹੈ, ‘ਸੁਸ਼ੀਲਾ ਨੇ ਪਤਨੀ, ਮਾਂ ਅਤੇ ਪ੍ਰੈੱਸ ਕਾਮੇ ਵਜੋਂ ਆਪਣੀਆਂ ਭੂਮਿਕਾਵਾਂ ਦਰਮਿਆਨ ਸ਼ਾਨਦਾਰ ਤਵਾਜ਼ਨ ਬਿਠਾ ਲਿਆ ਸੀ।’ ਧੁਪੇਲੀਆ-ਮੇਸ਼ਤਰੀ ਮਣੀਲਾਲ ਤੇ ਸੁਸ਼ੀਲਾ ਗਾਂਧੀ ਦੀ ਪੜਪੋਤੀ ਹੈ, ਪਰ ਕਿਤਾਬ ਵਿੱਚ ਕਿਤੇ ਵੀ ਉਸ ਦੀ ਵਿਆਖਿਆ ਅਤੇ ਫ਼ਤਵੇ ਪਰਿਵਾਰਕ ਦਇਆ ਦੀ ਉਪਜ ਨਹੀਂ ਸਨ, ਸਗੋਂ ਇੱਕ ਪੇਸ਼ੇਵਰ ਇਤਿਹਾਸਕਾਰ ਦਾ ਅਖ਼ਤਿਆਰ ਹਨ।
ਗਾਂਧੀ ਦੀ ਤਰ੍ਹਾਂ ਹੀ ਉਨ੍ਹਾਂ ਦੇ ਪੁੱਤਰ ਦੀ ਅਗਵਾਈ ਹੇਠ ਵੀ ‘ਇੰਡੀਅਨ ਓਪੀਨੀਅਨ’ ਵਿੱਚ ਦੱਖਣੀ ਅਫਰੀਕਾ ਬਾਰੇ ਰਿਪੋਰਟਾਂ ਦੇ ਨਾਲੋ ਨਾਲ ਹਿੰਦੋਸਤਾਨ ਦੀਆਂ ਪ੍ਰਮੁੱਖ ਘਟਨਾਵਾਂ ਦੀਆਂ ਖ਼ਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਸਨ। ਖਰਚੇ ਵਧਣ ਅਤੇ ਪਾਠਕਾਂ ਦੀ ਗਿਣਤੀ ਵਿੱਚ ਖੜੋਤ ਆਉਣ ਕਰਕੇ ਅਖ਼ਬਾਰ ਨੂੰ ਚੱਲਦਾ ਰੱਖਣ ਦਾ ਸੰਘਰਸ਼ ਲਗਾਤਾਰ ਬਣਿਆ ਰਿਹਾ। ਜੁਲਾਈ 1938 ਵਿੱਚ ਮਣੀਲਾਲ ਨੇ ਆਪਣੇ ਮਿੱਤਰ ਬਾਬਰ ਛਾਵੜਾ ਨੂੰ ਚਿੱਠੀ ਲਿਖੀ ਕਿ ਉਸ ਨੇ ਦੋ ਸੌ ਦੱਖਣੀ ਅਫਰੀਕੀ ਹਿੰਦੋਸਤਾਨੀਆਂ ਨੂੰ 25-25 ਪੌਂਡ ਦਾ ਚੰਦਾ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ‘ਇੰਡੀਅਨ ਓਪੀਨੀਅਨ‘ ਅਤੇ ਫੀਨਿਕਸ ਫਾਰਮ, ਜੋ ਕਿ ਉਨ੍ਹਾਂ ਦੇ ਸ਼ਬਦਾਂ ਵਿੱਚ ‘ਦੱਖਣੀ ਅਫਰੀਕਾ ਵਿੱਚ ਗਾਂਧੀ ਜੀ ਦੀ ਇਕਮਾਤਰ ਯਾਦਗਾਰ ਹੈ’ ਨੂੰ ਬਚਾਇਆ ਜਾ ਸਕੇ।’ ਉਨ੍ਹਾਂ ਆਖਿਆ ਕਿ ਜੇ ਇਹ ਮਦਦ ਨਾ ਆਈ ਤਾਂ ‘ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ‘ਇੰਡੀਅਨ ਓਪੀਨੀਅਨ’ ਦੀ ਕੋਈ ਲੋੜ ਨਹੀਂ ਹੈ ਅਤੇ ਫਿਰ ਇਸ ਨੂੰ ਬੰਦ ਕਰ ਕੇ ਸਾਨੂੰ ਵਾਪਸ ਜਾਣਾ ਪਵੇਗਾ।’
ਸਤੰਬਰ 1942 ਵਿੱਚ ਮਣੀਲਾਲ ‘ਭਾਰਤ ਛੱਡੋ’ ਲਹਿਰ ਅਤੇ ਅੰਗਰੇਜ਼ੀ ਰਾਜ ਦੇ ਦਮਨ ਬਾਰੇ ਇੱਕ ਵਿਸ਼ੇਸ਼ ਅੰਕ ਛਾਪਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਛਾਵੜਾ ਨੂੰ ਕੋਈ ਆਰਟਿਸਟ ਲੱਭ ਕੇ ਦੇਣ ਲਈ ਕਿਹਾ ਜੋ ਇਸ ਦੇ ਮੁੱਖ ਪੰਨੇ ਨੂੰ ਸ਼ਿੰਗਾਰ ਸਕੇ। ਇਸ ਸਬੰਧ ਵਿੱਚ ਉਨ੍ਹਾਂ ਇਹ ਜਾਣਕਾਰੀ ਦਿੱਤੀ: ‘ਪਿਛਲੇ ਪੰਨੇ ’ਤੇ ਹਿੰਦੋਸਤਾਨ ਦਾ ਨਕਸ਼ਾ ਹੋਣਾ ਚਾਹੀਦਾ ਹੈ ਅਤੇ ਇਸ ਉੱਪਰ ਜ਼ੰਜੀਰਾਂ ਵਿੱਚ ਜਕੜੀ ਭਾਰਤ ਮਾਤਾ ਦੀ ਤਸਵੀਰ ਚਾਹੀਦੀ ਹੈ... ਸੱਜੇ ਹੱਥ ਕੋਨੇ ’ਤੇ ਬਰਤਾਨੀਆ ਦਾ ਨਕਸ਼ਾ ਹੋਣਾ ਚਾਹੀਦਾ ਹੈ ਜਿੱਥੋਂ ਲਪਟਾਂ ਉੱਠਦੀਆਂ ਅਤੇ ਹਿੰਦੋਸਤਾਨ ਨੂੰ ਦਫ਼ਨ ਕਰਦਿਆਂ ਦਿਖਾਇਆ ਜਾਣਾ ਚਾਹੀਦਾ ਹੈ। ਉਸ ਦੇ ਉੱਪਰ ਸਾਮਰਾਜਵਾਦ ਲਿਖਿਆ ਹੋਣਾ ਚਾਹੀਦਾ ਹੈ। ਆਸਮਾਨ ਤੋਂ ਪੰਜ ਮਰਹੂਮ ਦੇਸ਼ਭਗਤਾਂ ਬਾਲ (ਗੰਗਾਧਰ) ਤਿਲਕ, ਦਾਦਾਭਾਈ ਨਾਰੋਜੀ, ਰਾਬਿੰਦਰਨਾਥ ਟੈਗੋਰ, ਅੱਬਾਸ ਤਈਅਬਜੀ ਅਤੇ ਮਹਾਦੇਵ ਦੇਸਾਈ ਨੂੰ (ਵਰਤਮਾਨ ਸਮੇਂ ਦੇ ਜੇਲ੍ਹਾਂ ਵਿੱਚ ਬੰਦ ਦੇਸ਼ਭਗਤਾਂ ਉੱਪਰ) ਫੁੱਲ ਬਰਸਾਉਂਦਿਆਂ ਦਿਖਾਇਆ ਜਾਣਾ ਚਾਹੀਦਾ ਹੈ।’
ਸੰਨ 1948 ਵਿੱਚ ਦੱਖਣੀ ਅਫਰੀਕਾ ’ਚ ਨੈਸ਼ਨਲ ਪਾਰਟੀ ਸੱਤਾ ’ਚ ਆਈ ਤੇ ਉਸ ਨੇ ਨਸਲੀ ਭੇਦ-ਭਾਵ ਦੀ ਨੀਤੀ ਨੂੰ ਹਮਲਾਵਰ ਢੰਗ ਨਾਲ ਪ੍ਰਚਾਰਿਆ। ਅਗਸਤ 1951 ਵਿੱਚ ਮਣੀਲਾਲ ਗਾਂਧੀ ਨੇ ਪ੍ਰਧਾਨ ਮੰਤਰੀ ਡੀਐੱਫ ਮਲਾਨ ਨੂੰ ਪੱਤਰ ਲਿਖ ਕੇ ਕਿਹਾ ਕਿ ‘ਅੱਜ ਸਰਕਾਰ ਦਾ ਹਰ ਕਦਮ ਜੋ ਗ਼ੈਰ-ਯੂਰਪੀ ਲੋਕਾਂ ’ਤੇ ਅਸਰ ਪਾਉਂਦਾ ਹੈ, ਉਹ ਗ਼ੈਰ-ਯੂਰਪੀਅਨਾਂ ਪ੍ਰਤੀ ਇਸ ਦੀ ਨਫ਼ਰਤ ਦਾ ਪ੍ਰਤੀਕ ਜਾਪਦਾ ਹੈ।’ ਮਣੀਲਾਲ ਨੇ ਮਲਾਨ ਨੂੰ ਦੱਸਿਆ ਕਿ ‘ਨਸਲੀ ਵਿਤਕਰੇ ਦੀ ਨੀਤੀ ਨਾ ਕੇਵਲ ਮਨੁੱਖਾਂ ਨੂੰ ਉਨ੍ਹਾਂ ਦੇ ਸੰਪੂਰਨ ਆਰਥਿਕ ਤੇ ਸਿਆਸੀ ਪ੍ਰਗਟਾਵੇ ਤੋਂ ਵਾਂਝਾ ਕਰ ਰਹੀ ਹੈ... ਬਲਕਿ ਇਹ ਉਨ੍ਹਾਂ ਦੀ ਸ਼ਖ਼ਸੀਅਤ ਦੇ ਪੂਰੀ ਤਰ੍ਹਾਂ ਵਿਕਸਤ ਹੋਣ ਦੇ ਅਧਿਕਾਰ ਵਿੱਚ ਵੀ ਅੜਿੱਕਾ ਬਣ ਰਹੀ ਹੈ ਅਤੇ ਨਾਲ ਹੀ ਉਸ ਪਰਮ ਪਿਤਾ ਈਸ਼ਵਰ ਦੇ ਬੱਚਿਆਂ ਵਜੋਂ ਉਨ੍ਹਾਂ ਦੇ ਅਧਿਆਤਮਕ ਵਿਕਾਸ ’ਚ ਵੀ ਵਿਘਨ ਪਾ ਰਹੀ ਹੈ।’ ਇਸ ਲਈ ਉਨ੍ਹਾਂ ਪ੍ਰਧਾਨ ਮੰਤਰੀ, ਜੋ ਖ਼ੁਦ ਚਰਚ ਦੇ ਪਾਦਰੀ ਵੀ ਸਨ, ਨੂੰ ‘ਈਸ਼ਵਰ ਦੀਆਂ ਸਿੱਖਿਆਵਾਂ ਦੀ ਰੌਸ਼ਨੀ ’ਚ ਸਰਕਾਰ ਦੀ ਰਾਜਨੀਤੀ ਦੀ ਮੁੜ-ਘੋਖ ਕਰਨ ਲਈ ਕਿਹਾ।’ ਦੋ ਸਾਲਾਂ ਬਾਅਦ ਮਣੀਲਾਲ ਨੂੰ ਹੁਕਮ-ਅਦੂਲੀ ਦੇ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਨ੍ਹਾਂ ਮਹੀਨੇ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾਇਆ।
ਮਣੀਲਾਲ 1956 ਵਿੱਚ ਫ਼ੌਤ ਹੋ ਗਏ। ਅਗਲੇ ਪੰਜ ਸਾਲ ਸੁਸ਼ੀਲਾ ‘ਇੰਡੀਅਨ ਓਪੀਨੀਅਨ’ ਦਾ ਸੰਪਾਦਨ ਕਰਦੀ ਰਹੀ ਜਦੋਂ 1961 ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੀ ਧੀ ਇਲਾ ਤੇ ਜਵਾਈ ਮੇਵਾ ਬਾਅਦ ਦੇ ਸਾਲਾਂ ’ਚ ਉਸ ਦੇ ਨਾਲ ਫੀਨਿਕਸ ’ਚ ਰਹੇ, ਦੋਵੇਂ ਨਸਲੀ ਵਿਤਕਰੇ ਵਿਰੁੱਧ ਅੰਦੋਲਨ ’ਚ ਵੀ ਸਰਗਰਮ ਸਨ ਤੇ ਸਿੱਟੇ ਵਜੋਂ ਪੁਲੀਸ ਉਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨ ਕਰਦੀ ਰਹੀ।
ਮਣੀਲਾਲ ਤੇ ਸੁਸ਼ੀਲਾ ਵੱਲੋਂ ਲਿਖੇ ਪੱਤਰਾਂ ਦਾ ਦੱਖਣੀ ਅਫਰੀਕਾ ਵਿੱਚ ਭਾਰਤੀ ਮਾਮਲਿਆਂ ਦੀਆਂ ਹੋਰ ਵੱਡੀਆਂ ਹਸਤੀਆਂ ਉੱਤੇ ਦਿਲਚਸਪ ਅਸਰ ਦੇਖਣ ਨੂੰ ਮਿਲਿਆ, ਜਿਵੇਂ ਕਿ ਪ੍ਰਮੁੱਖ ਉਦਾਰਵਾਦੀ ਸਿਆਸਤਦਾਨ ਵੀ.ਐੱਸ. ਸ੍ਰੀਨਿਵਾਸ ਸ਼ਾਸਤਰੀ ਅਤੇ ਉੱਭਰਦੇ ਨੌਜਵਾਨ ਕਾਮਰੇਡ ਡਾ. ਯੂਸੁਫ਼ ਦਾਦੂ। ਇੱਕ ਹੋਰ ਮਹੱਤਵਪੂਰਨ ਨਾਮਾਨਿਗਾਰ ਨਾਵਲਕਾਰ ਐਲਨ ਪੈਟਨ ਸੀ ਜਿਸ ਨੇ ਆਪਣੇ ਮਿੱਤਰ ਮਣੀਲਾਲ ਦੀ ਮੌਤ ਤੋਂ ਬਾਅਦ ਸੁਸ਼ੀਲਾ ਨੂੰ ਫੀਨਿਕਸ ’ਚ ਰਹਿਣ ਲਈ ਬੇਹੱਦ ਅਹਿਮ ਮਦਦ ਮੁਹੱਈਆ ਕਰਵਾਈ। ਸੰਨ 1985 ’ਚ, ਪੁਲੀਸ ਹੱਥੋਂ ਇੱਕ ਸਿਆਹਫ਼ਾਮ ਕਾਰਕੁਨ ਦੀ ਮੌਤ ਹੋਣ ਕਾਰਨ ਫੀਨਿਕਸ ਦੇ ਆਲੇ-ਦੁਆਲੇ ਹਿੰਸਾ ਫੈਲ ਗਈ। ਉੱਥੋਂ ਦੇ ਵਾਸੀ ਡਰ ’ਚ ਭੱਜਣ ਲੱਗੇ। ਇੱਕ ਖ਼ਬਰ ’ਚ ਦੱਸਿਆ ਗਿਆ ਕਿ ‘ਗਾਂਧੀ ਦੇ ਘਰ ਦੀਆਂ ਖਿੜਕੀਆਂ ਤੋੜੀਆਂ ਗਈਆਂ ਸਨ ਤੇ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਯਾਦਗਾਰੀ ਫੋਟੋਆਂ ਟੁੱਟੀਆਂ-ਭੱਜੀਆਂ ਬਾਹਰ ਖਿੱਲਰੀਆਂ ਪਈਆਂ ਸਨ। ਆਬਾਦ ਹੋ ਕੇ ਵਧ-ਫੁਲ ਰਹੀ ਇਸ ਬਸਤੀ ਨੂੰ ਲੋਕ ਛੱਡ ਕੇ ਚਲੇ ਗਏ ਤੇ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ ਹੋ ਗਿਆ।’
ਫੀਨਿਕਸ ਦੀ ਬਰਬਾਦੀ ਨੇ ਸੁਸ਼ੀਲਾ ਗਾਂਧੀ ਦਾ ਦਿਲ ਤੋੜ ਦਿੱਤਾ। ਉਹ 1988 ਵਿੱਚ ਚੱਲ ਵਸੀ। ਇੱਕੀ ਸਾਲਾਂ ਬਾਅਦ, ਉਸ ਦੀ ਧੀ ਇਲਾ ਗਾਂਧੀ, ਜੋ ਦੱਖਣੀ ਅਫਰੀਕਾ ਦੀ ਪਹਿਲੀ ਬਹੁ-ਨਸਲੀ ਸੰਸਦ ਦੀ ਮੈਂਬਰ ਰਹੀ ਸੀ, ਮੈਨੂੰ ਤਿੰਨ ਏਕੜ ਦੀ ਇੱਕ ਛੋਟੀ ਜਿਹੀ ਮਲਕੀਅਤ ਦਿਖਾਉਣ ਲੈ ਗਈ, ਜੋ 100 ਏਕੜ ਦੇ ਅਸਲ ਫੀਨਿਕਸ ਫਾਰਮ ’ਚੋਂ ਬਚੀ ਰਹਿ ਗਈ ਸੀ। ਇਸ ’ਚ ਇੱਕ ਸਾਦਾ ਜਿਹਾ, ਪਰ ਚੰਗੀ ਤਰ੍ਹਾਂ ਸੰਭਾਲਿਆ ਗਾਂਧੀ ਨੂੰ ਸਮਰਪਿਤ ਅਜਾਇਬਘਰ ਹੈ। ਭਾਵੇਂ ਇਸ ਦਾ ਆਕਾਰ ਬਹੁਤ ਘਟ ਚੁੱਕਾ ਹੈ, ਪਰ ਇਹ ਹਾਲੇ ਵੀ ਸੈਲਾਨੀਆਂ ਨੂੰ ਝੰਜੋੜਨ ਦੀ ਪੂਰੀ ਸਮਰੱਥਾ ਰੱਖਦਾ ਹੈ।
ਗਾਂਧੀ ਨੇ ਫੀਨਿਕਸ ਵਰਗੀਆਂ ਪੰਜ ਥਾਵਾਂ ਵਸਾਈਆਂ ਸਨ, ਦੱਖਣੀ ਅਫਰੀਕਾ ਦੇ ਅੰਦੂਰਨੀ ਹਿੱਸੇ ’ਚ ਤਾਲਸਤਾਏ ਫਾਰਮ ਵੀ ਉਨ੍ਹਾਂ ਆਬਾਦ ਕੀਤਾ ਤੇ ਭਾਰਤ ਵਿੱਚ ਕੋਚਰਾਬ, ਸਾਬਰਮਤੀ ਤੇ ਸੇਵਾਗ੍ਰਾਮ ਆਸ਼ਰਮ ਵਸਾਏ। ਪਰ ਇਹ ਫੀਨਿਕਸ ਹੀ ਸੀ ਜਿਸ ਨੇ ਨਮੂਨੇ ਦਾ ਕੰਮ ਕੀਤਾ; ਅੰਤਰ-ਧਰਮ, ਅੰਤਰ-ਨਸਲੀ ਤੇ ਅੰਤਰ-ਜਾਤੀ ਢੰਗ ਨਾਲ ਜਿਊਣ ਦੇ ਤਜਰਬੇ ਦੇ ਪੱਖ ਤੋਂ, ਜਿੱਥੇ ਸਰੀਰਕ ਘਾਲਣਾ ਵੀ ਓਨਾ ਹੀ ਮਹੱਤਵ ਰੱਖਦੀ ਸੀ, ਜਿੰਨੀ ਦਿਮਾਗ਼ੀ ਮੁਸ਼ੱਕਤ। ਫੀਨਿਕਸ ਵਿੱਚ ਹੀ ਗਾਂਧੀ ਨੇ ਆਪਣਾ ਪਹਿਲਾ ਅਖ਼ਬਾਰ ‘ਇੰਡੀਅਨ ਓਪੀਨੀਅਨ’ ਪ੍ਰਿੰਟ ’ਤੇ ਪ੍ਰਕਾਸ਼ਿਤ ਕੀਤਾ ਜੋ ਭਾਰਤ ’ਚ ਇਸ ਤੋਂ ਬਾਅਦ ਦੇ ਪੱਤਰਕਾਰੀ ਸਬੰਧੀ ਉੱਦਮਾਂ ਲਈ ਆਦਰਸ਼ ਬਣਿਆ। ਫੀਨਿਕਸ ਤੋਂ ਬਿਨਾਂ ਗਾਂਧੀ ਸ਼ਾਇਦ ਹੁੰਦੇ ਹੀ ਨਾ। ਉਮਾ ਧੁਪੇਲੀਆ-ਮੇਸ਼ਤਰੀ ਨੇ ਆਪਣੀ ਕਿਤਾਬ ਵਿੱਚ ਇਸ ਬਸਤੀ ਨੂੰ ਦਰਜ ਕੀਤਾ ਹੈ ਤੇ ਇਸ ਦੇ ਸ਼ਾਨਦਾਰ ਇਤਿਹਾਸ ਨੂੰ ਮੁੜ ਸਜੀਵ ਕੀਤਾ ਹੈ।
ਈ-ਮੇਲ: ramachandraguha@yahoo.in